14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਵਿਸ਼ਵ 'ਵਰਸਿਟੀ 'ਚ ਵਿਸ਼ਵ ਜਲ ਦਿਵਸ 2026 ਪਾਣੀ ਦੀ ਸੰਭਾਲ ਅਤੇ ਲਿੰਗਕ ਸਮਾਨਤਾ 'ਤੇ ਕੇਂਦਰਿਤ ਸਮਾਗਮ

ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ, ਡਾ. ਰਾਹੁਲ ਬਦਰੂ, ਡਾ. ਰੁਪਿੰਦਰ ਪਾਲ ਸਿੰਘ, ਦੋਵਾਂ ਵਿਭਾਗਾਂ ਦੇ ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਨਾਲ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰ <br/> 06-04-2026
ਫ਼ਤਹਿਗੜ੍ਹ ਸਾਹਿਬ, 5 ਅਪ੍ਰੈਲ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਵਿਚ ਕੈਮਿਸਟਰੀ ਵਿਭਾਗ ਅਤੇ ਭੋਜਨ ਪ੍ਰੋਸੈਸਿੰਗ ਟੈਕਨਾਲੋਜੀ ਵਿਭਾਗ ਵਲੋਂ ਸਾਂਝੇ ਉੱਦਮ ਤਹਿਤ ਵਿਸ਼ਵ ਜਲ ਦਿਵਸ ਮਨਾਇਆ ਗਿਆ | ਇਸ ਸਾਲ ਦਾ ਥੀਮ 'ਪਾਣੀ ਅਤੇ ਲਿੰਗਕ ਸਮਾਨਤਾ' ਸੀ, ਜੋ ਜਿੱਥੇ ਪਾਣੀ ਵਗਦਾ ਹੈ, ਬਰਾਬਰੀ ਵਧਦੀ ਹੈ ਦੇ ਨਾਅਰੇ ਨਾਲ ਗੂੰਜਦਾ ਰਿਹਾ ਅਤੇ ਪਾਣੀ ਦੀ ਸਮਾਨ ਪਹੁੰਚ ਅਤੇ ਸਮਾਜਿਕ ਸੰਤੁਲਨ ਵੱਲ ਸੰਕੇਤ ਕਰਦਾ ਹੈ | ਇਸ ਮੌਕੇ 'ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਆਪਣੇ ਸੰਬੋਧਨ ਵਿਚ ਪਾਣੀ ਦੇ ਸਰੋਤਾਂ ਦੀ ਸੰਭਾਲ ਲਈ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਪਾਣੀ ਦੀ ਸੁਰੱਖਿਆ ਸਿਰਫ਼ ਵਾਤਾਵਰਣਿਕ ਮੁੱਦਾ ਨਹੀਂ, ਸਗੋਂ ਇਹ ਸਾਡੀ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਵੀ ਹੈ | ਉਨ੍ਹਾਂ ਸਮਾਜਿਕ ਅਤੇ ਲਿੰਗਕ ਸਮਾਨਤਾ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਅਤੇ ਸੰਤੁਲਿਤ ਸਮਾਜ ਦੀ ਨਿਰਮਾਣ ਵਿਚ ਇਸ ਦੀ ਭੂਮਿਕਾ 'ਤੇ ਚਾਨਣਾ ਪਾਇਆ | ਇਸ ਸਮਾਗਮ ਦੌਰਾਨ ਡਾ. ਕਿਰਨਦੀਪ ਕੌਰ, ਐਸੋਸੀਏਟ ਪ੍ਰੋਫੈਸਰ ਧਰਮ ਅਧਿਅਨ ਵਿਭਾਗ ਤੇ ਕੋਆਰਡੀਨੇਟਰ, ਮਹਿਲਾ ਸ਼ਿਕਾਇਤ ਨਿਵਾਰਣ ਸੈੱਲ ਵਲੋਂ ਵਿਸ਼ੇਸ਼ ਭਾਸ਼ਣ ਦਿੱਤਾ ਗਿਆ | ਉਨ੍ਹਾਂ ਪਾਣੀ ਦੇ ਸੱਭਿਆਚਾਰਕ ਅਤੇ ਅਧਿਆਤਮਿਕ ਮਹੱਤਵ ਬਾਰੇ ਵਿਸਥਾਰ ਨਾਲ ਚਰਚਾ ਕੀਤੀ, ਗੁਰਬਾਣੀ ਅਤੇ ਧਰਮ-ਗ੍ਰੰਥਾਂ ਦੇ ਹਵਾਲਿਆਂ ਨਾਲ ਇਹ ਦਰਸਾਇਆ ਕਿ ਪਾਣੀ ਦੀ ਸੰਭਾਲ ਅਤੇ ਸਮਾਨਤਾ ਦੇ ਸਿਧਾਂਤ ਸਾਡੀ ਪਰੰਪਰਾ ਵਿਚ ਪੁਰਾਤਨ ਸਮੇਂ ਤੋਂ ਮੌਜੂਦ ਹਨ | ਇਸ ਮੌਕੇ ਰਸਾਇਣ ਵਿਭਾਗ ਦੇ ਮੁਖੀ ਡਾ. ਰਾਹੁਲ ਬਦਰੂ ਨੇ ਦੋਵਾਂ ਵਿਭਾਗਾਂ ਦੇ ਸਾਂਝੇ ਉੱਦਮ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਜਾਗਰੂਕਤਾ ਵਧਾਉਣ ਵਾਲੇ ਸਮਾਗਮ ਕਰਵਾਉਣ ਲਈ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦੁਹਰਾਇਆ | ਪ੍ਰੋਗਰਾਮ ਦੀ ਸ਼ੁਰੂਆਤ ਭੋਜਨ ਪ੍ਰੋਸੈਸਿੰਗ ਟੈਕਨਾਲੋਜੀ ਵਿਭਾਗ ਦੇ ਇੰਚਾਰਜ ਡਾ. ਰੁਪਿੰਦਰ ਪਾਲ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਪਾਣੀ ਦੇ ਸਰੋਤਾਂ ਦੀ ਸੰਭਾਲ ਦੀ ਤੁਰੰਤ ਲੋੜ 'ਤੇ ਚਾਨਣਾ ਪਾਇਆ ਅਤੇ ਵਿਸ਼ਵ ਜਲ ਦਿਵਸ ਦੇ ਇਤਿਹਾਸਕ ਮਹੱਤਵ ਬਾਰੇ ਜਾਣਕਾਰੀ ਦਿੱਤੀ | ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ ਨੇ ਦੱਸਿਆ ਕਿ ਪਾਣੀ ਦੇ ਸਰੋਤਾਂ ਦੀ ਘਾਟ ਪੰਜਾਬ ਦੀ ਖੇਤੀਬਾੜੀ ਅਤੇ ਆਰਥਿਕ ਸੰਰਚਨਾ 'ਤੇ ਗੰਭੀਰ ਪ੍ਰਭਾਵ ਪਾ ਰਹੀ ਹੈ ਅਤੇ ਇਸ ਸਥਿਤੀ ਨਾਲ ਨਜਿੱਠਣ ਲਈ ਟਿਕਾਊ ਉਪਾਅ ਬਹੁਤ ਜ਼ਰੂਰੀ ਹਨ | ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਪਾਣੀ ਦੀ ਸੰਭਾਲ ਅਤੇ ਇਸ ਦੀ ਜ਼ਿੰਮੇਵਾਰ ਵਰਤੋਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਯੂਨੀਵਰਸਿਟੀ ਕੈਂਪਸ ਵਿਚ ਵਿਦਿਆਰਥੀਆਂ ਵਲੋਂ ਬੈਨਰ ਫੜ ਕੇ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਰਾਹੀਂ ਪਾਣੀ ਦੀ ਸੰਭਾਲ ਦਾ ਸੰਦੇਸ਼ ਲਿਖਿਆ ਹੋਇਆ ਸੀ | ਇਸ ਤੋਂ ਇਲਾਵਾ 'ਪਾਣੀ ਦੀ ਸੰਭਾਲ ਅਤੇ ਲਿੰਗਕ ਸਮਾਨਤਾ' ਵਿਸ਼ੇ 'ਤੇ ਪ੍ਰਸ਼ਨੋਤਰੀ ਅਤੇ ਰੰਗੋਲੀ ਮੁਕਾਬਲੇ ਕਰਵਾਏ ਗਏ | ਵੱਖ-ਵੱਖ ਵਿਭਾਗਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਰਚਨਾਤਮਿਕਤਾ ਤੇ ਜਾਗਰੂਕਤਾ ਦਾ ਪ੍ਰਦਰਸ਼ਨ ਕੀਤਾ | ਰੰਗੋਲੀ ਮੁਕਾਬਲੇ ਦਾ ਮੁਲਾਂਕਣ ਡਾ. ਚਰਨਕਮਲ ਸੇਖੋਂ, ਮੁਖੀ, ਜੰਤੂ ਵਿਭਾਗ ਨੇ ਕੀਤੀ | ਅੰਤ ਵਿਚ ਜੇਤੂਆਂ ਨੂੰ ਸਰਟੀਫਿਕੇਟ ਵੰਡੇ ਗਏ ਜਦਕਿ ਸਮਾਗਮ ਦਾ ਸੰਚਾਲਨ ਈ.ਸੀ.ਏ ਇੰਚਾਰਜ ਡਾ. ਰਿਪਨੀਲ ਕੌਰ ਅਤੇ ਕੋਮਲਪ੍ਰੀਤ ਕੌਰ ਵਲੋਂ ਕੀਤਾ ਗਿਆ |
ਪਿਛਲੀ ਖ਼ਬਰ ਹੰਸਲਾ ਨਦੀ ਦੀ ਰੱਖਿਆ ਲਈ ਯਤਨਸ਼ੀਲ ਐਡ. ਸੁਨੈਨਾ ਥੰਮਨ ਦਾ ਸਰਹਿੰਦ 'ਚ ਵੱਖ-ਵੱਖ ਸੰਸਥਾਵਾਂ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਵਧਦੇ ਪ੍ਰਭਾਵ ਕਾਰਨ ਬੌਖਲਾਹਟ 'ਚ-ਭੁੱਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।