06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਕਾਂਗਰਸ ਪਾਰਟੀ ਲਈ ਸੌਖਾ ਨਹੀਂ ਹੋਵੇਗਾ ਜ਼ਿਲ੍ਹੇ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ ਜਿੱਤਣਾ

ਅਜੀਤ ਡੈਸਕ 05-04-2026
ਫ਼ਤਹਿਗੜ੍ਹ ਸਾਹਿਬ, 4 ਅਪ੍ਰੈਲ (ਬਲਜਿੰਦਰ ਸਿੰਘ)-ਬੇੇਸ਼ੱਕ ਕਾਂਗਰਸ ਪਾਰਟੀ ਵਲੋਂ ਪੰਜਾਬ ਸੂਬੇ ਵਿਚ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪ੍ਰੰਤੂ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰਾਂ ਦੀ ਵੱਧ ਰਹੀ ਗਿਣਤੀ ਤੋਂ ਜਾਪਦਾ ਹੈ ਕਿ ਵਿਧਾਨ ਸਭਾ ਸੀਟਾਂ ਜਿੱਤਣਾ ਕਾਂਗਰਸ ਪਾਰਟੀ ਲਈ ਇੰਨਾ ਸੌਖਾ ਨਹੀਂ ਹੋਵੇਗਾ | ਜ਼ਿਲ੍ਹੇ ਦੇ ਕਈ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਜਦੋਂ ਕੋਈ ਧਰਨਾ, ਮੁਜ਼ਾਹਰਾ, ਮੀਟਿੰਗ ਜਾਂ ਪ੍ਰੋਗਰਾਮ ਹੋਵੇ ਤਾਂ ਉਨ੍ਹਾਂ ਨੂੰ ਬੁਲਾਇਆ ਜਾਂਦਾ ਹੈ, ਪ੍ਰੰਤੂ ਜਦੋਂ ਸਰਕਾਰ ਹੋਵੇ ਤਾਂ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ | ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਜ਼ਿਲ੍ਹੇ ਦੀਆਂ ਟਿਕਟਾਂ ਦੇ ਚਾਹਵਾਨਾਂ 'ਚੋਂ ਦੱਸੋ ਕਿ ਕਿਹੜਾ ਉਮੀਦਵਾਰ ਹਲਕੇ ਵਿਚ ਰਹਿੰਦਾ ਹੈ? ਮੌਜੂਦਾ ਹਾਲਾਤ ਵਿਚ ਟਿਕਟ ਦੇ ਚਾਹਵਾਨ ਜਾਂ ਸਾਬਕਾ ਵਿਧਾਇਕਾਂ ਦਾ ਇਕੋ ਇਕ ਪ੍ਰੋਗਰਾਮ ਹੈ ਕਿ ਉਹ ਲੋਕ ਸਭਾ ਮੈਂਬਰ ਅਤੇ ਪਾਰਟੀ ਹਾਈਕਮਾਂਨ ਨੂੰ ਖ਼ੁਸ਼ ਰੱਖਣ | ਪ੍ਰੰਤੂ ਵਰਕਰਾਂ ਵਿਚ ਪਾਰਟੀ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਵਲੋਂ ਵਰਕਰਾਂ ਨੂੰ ਸਤਿਕਾਰ ਦੇਣ ਦੀ ਗੱਲ ਤੋਂ ਬਾਅਦ ਉਨ੍ਹਾਂ ਵਿਚ ਆਸ ਦੀ ਕਿਰਨ ਜਾਗੀ ਹੈ | ਆਗੂਆਂ ਤੇ ਵਰਕਰਾਂ ਦਾ ਕਹਿਣਾ ਹੈ ਕਿ ਉਹ ਲੰਮਾ ਸਮਾਂ ਵਿਧਾਨ ਸਭਾ ਹਲਕਿਆਂ ਵਿਚ ਇਨ੍ਹਾਂ ਨੇਤਾਵਾਂ ਨੂੰ ਅਜ਼ਮਾ ਚੁੱਕੇ ਹਨ, ਪ੍ਰੰਤੂ ਮੌਜੂਦਾ ਸਮੇਂ ਵਿਚ ਪਾਰਟੀ ਦੀ ਰੀੜ੍ਹ ਦੀ ਹੱਡੀ ਸਮਝੇ ਜਾਂਦੇ ਵਰਕਰਾਂ ਦਾ ਜ਼ਰੂਰ ਸਤਿਕਾਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਕਾਫ਼ਲਿਆਂ ਵਿਚ ਪਾਰਟੀ ਵਰਕਰ ਸ਼ਾਮਿਲ ਹੁੰਦੇ ਹਨ, ਪ੍ਰੰਤੂ ਨੰਬਰ ਟਿਕਟ ਲੈਣ ਦੇ ਚਾਹਵਾਨ ਬਣਾਉਂਦੇ ਹਨ, ਵਰਕਰਾਂ ਤੇ ਆਗੂਆਂ ਨੂੰ ਪੁੱਛਣ ਦਾ ਤਾਂ ਡਰਾਮਾ ਹੀ ਹੁੰਦਾ ਹੈ | ਕਾਂਗਰਸ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀਆਂ ਤਿੰਨੋਂ ਵਿਧਾਨ ਸਭਾ ਸੀਟਾਂ ਜਿੱਤਣੀਆਂ ਹਨ ਤਾਂ ਵਰਕਰਾਂ ਦੀਆਂ ਭਾਵਨਾਵਾਂ ਅਨੁਸਾਰ ਸਥਾਨਕ ਪੱਧਰ ਦੇ ਆਗੂ ਨੂੰ ਪਾਰਟੀ ਟਿਕਟ ਦਿੱਤੀ ਜਾਵੇ, ਜੋ ਹਲਕੇ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਰੱਖਦਾ ਹੋਵੇ ਅਤੇ ਪੈਰਾਸ਼ੂਟ ਰਾਹੀਂ ਉਮੀਦਵਾਰ ਵਰਕਰਾਂ 'ਤੇ ਨਾ ਥੋਪੇ ਜਾਣ | ਦੱਸਣਯੋਗ ਹੈ ਕਿ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਅਤੇ ਹਲਕਾ ਬਸੀ ਪਠਾਣਾਂ (ਰਿਜ਼ਰਵ) ਵਿਚ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਅਵੇਦਾਰਾਂ ਦੀ ਸੂਚੀ ਲਗਾਤਾਰ ਲੰਮੀ ਹੁੰਦੀ ਜਾ ਰਹੀ ਹੈ, ਜੋ ਕਾਂਗਰਸ ਪਾਰਟੀ ਲਈ ਘਾਤਕ ਸਿੱਧ ਹੋ ਸਕਦੀ ਹੈ |
ਪਿਛਲੀ ਖ਼ਬਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਤੇ ਉਨ੍ਹਾਂ ਨੂੰ ਨੌਕਰੀਆਂ ਦੇਣਾ ਸਰਕਾਰਾਂ ਦੀ ਜ਼ਿੰਮੇਵਾਰੀ-ਡਾ. ਅਮਰ ਸਿੰ... ਅਗਲੀ ਖ਼ਬਰ 'ਆਪ' ਸਰਕਾਰ ਲੋਕਾਂ ਨੂੰ ਬਣਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ-ਯਾਦਵਿੰਦਰ ਸਿੰਘ, ਜਸਮੇਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।