ਬਸੀ ਪਠਾਣਾਂ, 31 ਮਾਰਚ (ਪੱਤਰ ਪ੍ਰੇਰਕ)-ਨਗਰ ਕੌਂਸਲ ਬਸੀ ਪਠਾਣਾਂ ਨੂੰ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਲਗਪਗ ਸਾਢੇ 34 ਲੱਖ ਰੁਪਏ ਜਾਇਦਾਦ ਟੈਕਸ ਦੇ ਰੂਪ ਵਿਚ ਪ੍ਰਾਪਤ ਹੋਏ ਹਨ | ਇਹ ਜਾਣਕਾਰੀ ਕਾਰਜ ਸਾਧਕ ਅਫ਼ਸਰ ਜਸਵੀਰ ਸਿੰਘ ਵਲੋਂ ਸਾਂਝੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵਲੋਂ 2025-26 ਦੇ ਬਜਟ ਵਿਚ ਜਾਇਦਾਦ ਟੈਕਸ ਤੋਂ 25 ਲੱਖ 20 ਹਜ਼ਾਰ ਰੁਪਏ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਗਿਆ ਸੀ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵਲੋਂ 300 ਵਿਅਕਤੀਆਂ ਨੂੰ ਪ੍ਰਾਪਰਟੀ ਟੈਕਸ ਨੂੰ ਲੈ ਕੇ ਨੋਟਿਸ ਜਾਰੀ ਕੀਤੇ ਗਏ ਸਨ, ਜਿਨ੍ਹਾਂ 'ਚੋਂ 200 ਵਿਅਕਤੀਆਂ ਵਲੋਂ ਕੁੱਲ 34 ਲੱਖ 44 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਗਏ ਹਨ | ਉਨ੍ਹਾਂ ਦੱਸਿਆ ਕਿ 31 ਮਾਰਚ ਤੱਕ ਦਾ ਬਣਦਾ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਨੂੰ ਹੁਣ 18 ਫ਼ੀਸਦੀ ਵਿਆਜ ਅਤੇ 20 ਪ੍ਰਤੀਸ਼ਤ ਜੁਰਮਾਨਾ ਵੀ ਅਦਾ ਕਰਨਾ ਪਵੇਗਾ | ਉਨ੍ਹਾਂ ਦੱਸਿਆ ਕਿ ਅੱਜ 10 ਵਿਅਕਤੀਆਂ ਵਲੋਂ 12 ਹਜ਼ਾਰ 700 ਰੁਪਏ ਜਾਇਦਾਦ ਟੈਕਸ ਵਜੋਂ ਜਮ੍ਹਾਂ ਕਰਵਾਇਆ ਗਿਆ ਹੈ |