ਫ਼ਤਹਿਗੜ੍ਹ ਸਾਹਿਬ, 31 ਮਾਰਚ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵਲੋਂ ਆਪਣੇ ਵਿਦਿਆਰਥੀਆਂ ਨੂੰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੀ ਚੰਡੀਗੜ੍ਹ ਸ਼ਾਖਾ ਪਲਸੌਰਾ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ | ਇਸ ਦੌਰੇ ਦਾ ਉਦੇਸ਼ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਪ੍ਰਸਿੱਧ ਚੈਰੀਟੇਬਲ ਸੰਸਥਾ ਦੇ ਕੰਮਕਾਜ ਵਿਚ ਵਿਹਾਰਕ ਐਕਸਪੋਜ਼ਰ ਅਤੇ ਸਮਾਜ-ਵਿਗਿਆਨਕ ਸੂਝ ਪ੍ਰਦਾਨ ਕਰਨਾ ਸੀ | ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਅਤੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਵਿਭਾਗ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਹਮੇਸ਼ਾ ਸਮਾਜਿਕ ਸੇਵਾ, ਮਨੁੱਖਤਾ ਅਤੇ ਅਨੁਭਵੀ ਸਿੱਖਿਆ ਨੂੰ ਪ੍ਰੇਰਿਤ ਕਰਨ ਲਈ ਵਚਨਬੱਧ ਰਹੀ ਹੈ ਅਤੇ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਸਮਾਜਿਕ ਸੰਵੇਦਨਸ਼ੀਲਤਾ, ਜ਼ਿੰਮੇਵਾਰੀ ਤੇ ਮਨੁੱਖੀ ਮੁੱਲਾਂ ਦੀ ਸਥਾਪਨਾ ਕਰਦੀਆਂ ਹਨ | ਫ਼ੀਲਡ ਵਰਕ-ਕਮ-ਐਜੂਕੇਸ਼ਨਲ ਟੂਰ ਦਾ ਤਾਲਮੇਲ ਸਮਾਜ ਵਿਗਿਆਨ ਵਿਭਾਗ ਦੇ ਮੁਖੀ ਡਾ. ਨਵਸ਼ਗਨਦੀਪ ਕੌਰ ਦੀ ਅਗਵਾਈ ਹੇਠ ਕੀਤਾ ਗਿਆ | ਐਮ.ਏ. ਸਮਾਜ ਵਿਗਿਆਨ ਦੇ ਵਿਦਿਆਰਥੀਆਂ ਨੇ ਇਸ ਦੌਰੇ ਵਿਚ ਹਿੱਸਾ ਲਿਆ | ਇਸ ਦੌਰੇ ਦੀ ਅਗਵਾਈ ਸਹਾਇਕ ਪ੍ਰੋਫ਼ੈਸਰ ਪਰਮਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਕੀਤੀ | ਏਕਰੂਪ ਕੌਰ ਤੇ ਜਸਵੰਤ ਸਿੰਘ ਨੇ ਦੌਰੇ ਦੀ ਯੋਜਨਾਬੰਦੀ ਅਤੇ ਆਯੋਜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਦੌਰੇ ਦੌਰਾਨ ਵਿਦਿਆਰਥੀਆਂ ਨੇ ਸੰਸਥਾ ਦੇ ਸਟਾਫ਼ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਨੂੰ ਨੇੜੇ ਤੋਂ ਦੇਖਿਆ |