ਬਸੀ ਪਠਾਣਾਂ, 29 ਮਾਰਚ (ਐਚ.ਐਸ. ਗੌਤਮ)-ਜਦ ਤੱਕ ਸੂਬਾ ਸਰਕਾਰ ਆੜ੍ਹਤੀਆਂ ਨੂੰ ਢਾਈ ਫ਼ੀਸਦੀ ਕਮਿਸ਼ਨ ਜਾਰੀ ਨਹੀਂ ਕਰਦੀ, ਤਦ ਤੱਕ ਰਾਜ ਦੇ ਆੜ੍ਹਤੀ ਕਣਕ ਦੀ ਖ਼ਰੀਦ ਦਾ ਬਾਈਕਾਟ ਕਰਨਗੇ | ਇਸਦੇ ਨਾਲ ਹੀ 1 ਅਪ੍ਰੈਲ ਤੋਂ ਆਪਣੀਆਂ ਦੁਕਾਨਾਂ ਅਤੇ ਮੰਡੀਆਂ ਬੰਦ ਕਰਕੇ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕਰਨਗੇ | ਇਹ ਵਿਚਾਰ ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪੈੱ੍ਰਸ ਸਕੱਤਰ ਰਾਜੇਸ਼ ਸਿੰਗਲਾ, ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਨੇ ਆੜ੍ਹਤੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਕਹੇ | ਉਨ੍ਹਾਂ ਅੱਗੇ ਦੱਸਿਆ ਕਿ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵਿਜੈ ਕਾਲੜਾ ਦੀ ਅਗਵਾਈ ਹੇਠ ਪਿਛਲੇ ਦਿਨੀਂ ਇਕ ਵਫਦ ਨੇ ਕੇਂਦਰੀ ਮੰਤਰੀ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਆੜ੍ਹਤੀਆਂ ਨੂੰ ਢਾਈ ਫ਼ੀਸਦੀ ਕਮਿਸ਼ਨ ਦੇਣ ਦਾ ਭਰੋਸਾ ਦਿਵਾਇਆ ਸੀ ਅਤੇ ਕਿਹਾ ਸੀ ਕਿ ਜੇ ਕੇਂਦਰ ਸਰਕਾਰ ਆਪਣਾ ਵਾਅਦਾ ਪੂਰਾ ਨਹੀਂ ਕਰਦੀ, ਤਾਂ ਪੰਜਾਬ ਸਰਕਾਰ ਕਮਿਸ਼ਨ ਨੂੰ ਪੂਰਾ ਕਰਕੇ ਆੜ੍ਹਤੀਆਂ ਨੂੰ ਢਾਈ ਫ਼ੀਸਦੀ ਕਮਿਸ਼ਨ ਦੇਵੇਗੀ, ਪਰ ਦੋਵਾਂ ਸਰਕਾਰਾਂ ਨੂੰ ਕਈ ਵਾਰੀ ਅਪੀਲ ਕਰਨ ਦੇ ਬਾਵਜੂਦ ਹਾਲੇ ਤੱਕ ਆੜ੍ਹਤੀਆਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਹੋਇਆ | ਜਿਸ ਕਾਰਨ ਪੰਜਾਬ ਦੇ ਆੜ੍ਹਤੀਆਂ ਵਿਚ ਕੇਂਦਰ ਅਤੇ ਰਾਜ ਸਰਕਾਰ ਪ੍ਰਤੀ ਭਾਰੀ ਵਿਰੋਧ ਹੈ | ਅਗਰ ਜੇ 31 ਮਾਰਚ ਤਕ ਆੜ੍ਹਤੀਆਂ ਦਾ ਕਮਿਸ਼ਨ ਢਾਈ ਫ਼ੀਸਦੀ ਨਾ ਕੀਤਾ ਗਿਆ, ਤਾਂ ਸਾਰੇ ਆੜ੍ਹਤੀ ਕੇਂਦਰ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਤੇਜ਼ ਕਰਨਗੇ ਜਦਕਿ 1 ਅਪ੍ਰੈਲ ਤੋਂ ਪੰਜਾਬ ਦੇ ਸਾਰੇ ਆੜ੍ਹਤੀ ਆਪਣੀਆਂ ਦੁਕਾਨਾਂ ਬੰਦ ਕਰਕੇ ਕਣਕ ਦੀ ਖ਼ਰੀਦ ਨਹੀਂ ਵੀ ਕਰਨਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਾਧੂ ਰਾਮ ਭੱਟਮਾਜਰਾ, ਮੰਡੀ ਪ੍ਰਧਾਨ ਹਰਜੀਤ ਸਿੰਘ ਚੀਮਾ, ਅੰਮਿ੍ਤ ਪਾਲ ਸਿੰਘ, ਈਸ਼ਵਰ ਨੰਦਾ, ਗੁਰਮੀਤ ਸਿੰਘ ਬਹੇੜ, ਤਰਸੇਮ ਚੰਦ, ਨਿਰਮਲ ਸਿੰਘ, ਅਸ਼ੋਕ, ਬਲਜੀਤ ਸਿੰਘ, ਸਤਿੰਦਰ ਸਿੰਘ, ਹਰਵਿੰਦਰ ਸਿੰਘ ਧਾਲੀਵਾਲ, ਸੁਭਾਂਸ਼ੂ ਜਿੰਦਲ, ਰਾਜੀਵ ਸਿੰਗਲਾ, ਗੌਰਵ ਗੁਪਤਾ, ਅਰੁਣ ਸ਼ਰਮਾ ਅਤੇ ਹੋਰ ਆੜ੍ਹਤੀ ਹਾਜ਼ਰ ਸਨ |