ਫ਼ਤਹਿਗੜ੍ਹ ਸਾਹਿਬ, 26 ਮਾਰਚ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਲੋਂ ਬੀ.ਏ. ਬੀ.ਐੱਡ. ਅੱਠਵੇਂ ਸਮੈਸਟਰ ਦੇ ਵਿਦਿਆਰਥੀਆਂ ਲਈ 'ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਵਿਕਾਸੀ ਸੋਚ' ਵਿਸ਼ੇ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ | ਵਿਭਾਗ ਦੇ ਮੁਖੀ ਡਾ. ਹਰਨੀਤ ਬਿਲਿੰਗ ਨੇ ਭਵਿੱਖ ਦੇ ਸਿੱਖਿਅਕਾਂ ਨੂੰ ਸਮਕਾਲੀ ਗਿਆਨ ਅਤੇ ਤਕਨੀਕੀ ਸਮਝ ਨਾਲ ਤਿਆਰ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖਿਆਰਥੀਆਂ ਦੀਆਂ ਬਦਲਦੀਆਂ ਲੋੜਾਂ ਨੂੰ ਸਮਝਣ ਲਈ ਨਵੀਆਂ ਤਕਨੀਕਾਂ ਅਤੇ ਮਾਨਸਿਕ ਵਿਗਿਆਨ ਤੋਂ ਪ੍ਰਾਪਤ ਸੂਝ ਬਹੁਤ ਜ਼ਰੂਰੀ ਹੈ | ਵਰਕਸ਼ਾਪ ਦੌਰਾਨ ਆਈ.ਟੀ.ਮਾਹਿਰ ਤਨਵੀਰ ਸਿੰਘ ਨੇ ਨਿੱਜੀ ਅਤੇ ਅਕਾਦਮਿਕ ਵਿਕਾਸ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਾਨਸਿਕ ਰਣਨੀਤੀਆਂ ਦੇ ਇਸਤੇਮਾਲ ਬਾਰੇ ਵਿਚਾਰ ਸਾਂਝੇ ਕੀਤੇ | ਸੈਸ਼ਨ ਦੌਰਾਨ ਭਾਸ਼ਾ ਤੇ ਮਾਨਸਿਕਤਾ ਦੀ ਮਹੱਤਤਾ 'ਤੇ ਵੀ ਚਰਚਾ ਕੀਤੀ ਗਈ | ਇਸ ਤੋਂ ਇਲਾਵਾ ਉਨ੍ਹਾਂ ਨੇ ਸੰਕਲਪਾਂ ਨੂੰ ਅਮਲੀ ਕਾਰਵਾਈ ਵਿਚ ਬਦਲਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਸਲ ਵਿਕਾਸ ਲਈ ਨਿਰੰਤਰ ਮਿਹਨਤ, ਅਨੁਸ਼ਾਸਨ ਅਤੇ ਵਿਚਾਰਾਂ ਦਾ ਅਮਲ ਬਹੁਤ ਜ਼ਰੂਰੀ ਹੈ | ਇਸ ਵਰਕਸ਼ਾਪ ਦਾ ਤਾਲਮੇਲ ਡਾ. ਸੁਮਨ ਪ੍ਰੀਤ ਕੌਰ ਵਲੋਂ ਕੀਤਾ ਗਿਆ, ਜਿਨ੍ਹਾਂ ਨੇ ਸੈਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਇਆ ਅਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਇਆ | ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਤਕਨਾਲੋਜੀ ਅਤੇ ਮਨੁੱਖੀ ਸੰਭਾਵਨਾ ਦੇ ਮਿਲਾਪ ਰਾਹੀਂ ਨਵੀਂ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ 'ਤੇ ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਵੀ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਦੇ ਸਿੱਖਿਅਕਾਂ ਵਿਚ ਡਿਜੀਟਲ ਯੋਗਤਾਵਾਂ ਤੇ ਵਿਕਾਸ ਮਾਨਸਿਕਤਾ ਵਿਕਸਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ |