ਫ਼ਤਹਿਗੜ੍ਹ ਸਾਹਿਬ, 25 ਮਾਰਚ (ਬਲਜਿੰਦਰ ਸਿੰਘ)-ਆਗਾਮੀ 28 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਸਰਹਿੰਦ ਪਹੁੰਚਣ 'ਤੇ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਘਿਰਾਓ ਕੀਤਾ ਜਾਵੇਗਾ | ਜਿਸ ਸਬੰਧੀ ਐਸੋਸੀਏਸ਼ਨ ਦੇ ਆਗੂਆਂ ਵਲੋਂ ਸਹਾਇਕ ਕਮਿਸ਼ਨਰ ਜਨਰਲ ਅਰਵਿੰਦ ਕੁਮਾਰ ਨੂੰ ਚੇਤਾਵਨੀ ਪੱਤਰ ਦਿੱਤਾ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਕੌਰ ਨੇ ਦੱਸਿਆ ਕਿ ਸਮੂਹ ਕਰਮਚਾਰੀਆਂ ਵਲੋਂ ਪੰਜਾਬ ਭਰ ਵਿਚ ਐੱਚ.ਆਈ. ਵੀ/ਏਡਜ਼ ਦੀਆਂ ਸਾਰੀਆਂ ਸੇਵਾਵਾਂ, ਟੈਸਟਿੰਗ, ਕਾਊਾਸਲਿੰਗ, ਨਸ਼ੇ ਦੇ ਮਰੀਜ਼ਾਂ ਤੇ ਗੁਪਤ ਰੋਗਾਂ ਦੇ ਮਰੀਜ਼ਾਂ ਨੂੰ ਦਵਾਈਆਂ ਦੇਣ ਅਤੇ ਬਲੱਡ ਬੈਂਕ ਵਿਚ ਪੂਰੀ ਵਫ਼ਾਦਾਰੀ ਨਾਲ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ 2022 ਦੀਆਂ ਆਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਵਿਚ 'ਆਪ' ਦੀ ਸਰਕਾਰ ਬਣਨ 'ਤੇ ਦਿੱਲੀ ਦੀ ਤਰਜ਼ 'ਤੇ 20 ਫ਼ੀਸਦੀ ਤਨਖ਼ਾਹ ਵਿਚ ਵਾਧਾ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨਾਲ ਅਰਧ ਸੈਂਕੜਾ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਹਰ ਵਾਰ ਸਹਿਮਤੀ ਦੇ ਬਾਵਜੂਦ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਤਨਖ਼ਾਹ ਵਿਚ ਵਾਧਾ ਹੁਣ ਤੱਕ ਨਹੀਂ ਹੋਇਆ, ਜਦਕਿ ਕਈ ਵਾਰ ਸਿਹਤ ਸਕੱਤਰ ਵਲੋਂ ਪੰਜਾਬ ਸਰਕਾਰ ਨੂੰ ਪ੍ਰਪੋਜ਼ਲ ਭੇਜਣ ਲਈ ਲਿਖਿਆ ਵੀ ਗਿਆ | ਉਨ੍ਹਾਂ ਦੱਸਿਆ ਕਿ ਅੱਜ ਸਰਕਾਰ ਦੇ ਚਾਰ ਸਾਲ ਪੂਰੇ ਹੋਣ 'ਤੇ ਵੀ ਕੋਈ ਮੰਗ ਨਹੀਂ ਮੰਨੀ ਗਈ | ਜਿਸ ਕਰਕੇ ਕਰਮਚਾਰੀਆਂ ਵਿਚ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਨੂੰ ਲੈ ਕੇ ਰੋਸ ਦੀ ਲਹਿਰ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ 28 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਜੋ ਕਿ ਨਵੀਂ ਅਨਾਜ ਮੰਡੀ ਸਰਹਿੰਦ ਵਿਖੇ ਸੂਬੇ ਅੰਦਰ ਨਵੇਂ ਬਣੇ 100 ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਲਈ ਰਾਜ ਪੱਧਰੀ ਸਮਾਗਮ ਵਿਚ ਪਹੁੰਚ ਰਹੇ ਹਨ, ਦਾ ਇੱਥੇ ਪਹੁੰਚਣ 'ਤੇ ਘਿਰਾਓ ਕੀਤਾ ਜਾਵੇਗਾ | ਇਸ ਸਬੰਧੀ ਉਨ੍ਹਾਂ ਸਹਾਇਕ ਕਮਿਸ਼ਨਰ ਜਨਰਲ ਅਰਵਿੰਦ ਕੁਮਾਰ ਨੂੰ ਚੇਤਾਵਨੀ ਪੱਤਰ ਵੀ ਸੌਂਪ ਦਿੱਤਾ ਹੈ | ਇਸ ਮੌਕੇ ਅਮਨਦੀਪ ਕੌਰ, ਮਹੇਸ਼ ਕੁਮਾਰ, ਮੁਨੀਸ਼ ਕੁਮਾਰ ਅਤੇ ਰੁਪਿੰਦਰ ਕੌਰ ਵੀ ਮੌਜੂਦ ਸਨ |