ਫ਼ਤਹਿਗੜ੍ਹ ਸਾਹਿਬ, 21 ਜਨਵਰੀ (ਬਲਜਿੰਦਰ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਮੀਟਿੰਗ ਪੈਨਸ਼ਨਰਜ਼ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਤਰਖਾਣ ਮਾਜਰਾ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਮੰਚ ਸੰਚਾਲਨ ਧਰਮ ਪਾਲ ਅਜਾਦ ਨੇ ਕੀਤਾ | ਮੀਟਿੰਗ ਵਿਚ ਸਭ ਤੋਂ ਪਹਿਲਾਂ ਜਨਵਰੀ ਮਹੀਨੇ ਜਨਮ ਦਿਨ ਵਾਲੇ ਮੈਂਬਰਾਂ ਨੂੰ ਵਧਾਈ ਦਿੱਤੀ ਗਈ | ਉਪਰੰਤ ਪ੍ਰਧਾਨ ਹਰਜੀਤ ਸਿੰਘ ਨੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ, ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨਾ ਮੰਨੇ ਜਾਣ 'ਤੇ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਈ.ਪੀ.ਐਸ, ਆਈ.ਏ.ਐਸ ਅਤੇ ਸੈਕਟਰੀ ਪੱਧਰ ਦੇ ਅਧਿਕਾਰੀਆਂ ਨੂੰ 58 ਫ਼ੀਸਦੀ ਡੀ. ਏ ਤੇ ਪੇ ਕਮਿਸ਼ਨ ਦੇ ਸਾਰੇ ਬਕਾਏ ਮਿਲ ਚੁੱਕੇ ਹਨ, ਪਰ ਛੋਟੇ ਅਧਿਕਾਰੀਆਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਡਾਕਾ ਮਾਰ ਰਹੀ ਹੈ | ਇਸ ਮੌਕੇ ਜਸਵਿੰਦਰ ਸਿੰਘ ਆਹਲੂਵਾਲੀਆ ਨੇ ਕਿਹਾ ਕਿ 'ਆਪ' ਸਰਕਾਰ ਨੇ ਜੋ ਵਾਅਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਕੀਤੇ ਸਨ, ਉਹ ਕੋਈ ਵੀ ਪੂਰਾ ਨਹੀਂ ਕੀਤਾ ਗਿਆ, ਨਾ ਪੈਨਸ਼ਨਰਾਂ ਲਈ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਗਈ, ਨਾ 2.59 ਦਾ ਗੁਣਾਂਕ ਨੈਸ਼ਨਲ ਫਿਕਸਸੇਸਨ ਲਾਗੂ ਕੀਤਾ ਅਤੇ ਨਾ ਹੀ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਤਰਜ਼ 'ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ, ਪੈਨਸ਼ਨਰਾਂ ਨੂੰ 58 ਫ਼ੀਸਦੀ ਡੀ. ਏ. ਦਿੱਤਾ ਗਿਆ, ਜਦੋਂਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 42 ਫ਼ੀਸਦੀ ਡੀ.ਏ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਅੱਠਵੇਂ ਪੇਅ ਕਮਿਸ਼ਨ ਦਾ ਗਠਨ ਕੀਤਾ ਹੈ ਅਤੇ ਪੰਜਾਬ ਸਰਕਾਰ ਨੇ ਅਜੇ ਛੇਵਾਂ ਪੇਅ ਕਮਿਸ਼ਨ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ | ਮੀਟਿੰਗ ਵਿਚ ਵੱਖ-ਵੱਖ ਬੁਲਾਰਿਆਂ ਪ੍ਰੀਤਮ ਸਿੰਘ ਨਾਗਰਾ, ਜਸਵਿੰਦਰ ਸਿੰਘ ਆਹਲੂਵਾਲੀਆ, ਬਲਵਿੰਦਰ ਸਿੰਘ ਸੋਹੀ, ਮਹਿੰਦਰ ਸਿੰਘ ਜੱਲ੍ਹਾ, ਕੁਲਵੰਤ ਸਿੰਘ ਢਿੱਲੋਂ, ਚਰਨ ਸਿੰਘ ਸੇਖੋਂ, ਦਰਬਾਰਾ ਸਿੰਘ, ਬਲਦੇਵ ਕਿ੍ਸ਼ਨ ਸੈਦਪੁਰਾ, ਜੋਧ ਸਿੰਘ, ਹਰਪਾਲ ਸਿੰਘ, ਰਾਮ ਮੂਰਤੀ ਖਮਾਣੋਂ, ਕਰਨੈਲ ਸਿੰਘ ਵਜ਼ੀਰਾਬਾਦ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਦੀ ਤਰਜ਼ 'ਤੇ ਸਾਰੇ ਮੁਲਾਜ਼ਮਾਂ, ਪੈਨਸ਼ਨਰਾਂ ਨੂੰ 58 ਫ਼ੀਸਦੀ ਡੀ.ਏ ਦਿੱਤਾ ਜਾਵੇ | ਡੀ.ਏ ਦੀਆਂ ਕਿਸ਼ਤਾਂ ਦੇ ਬਕਾਏ ਜਾਰੀ ਕੀਤੇ ਜਾਣ | ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਬੱਝਵਾਂ ਮੈਡੀਕਲ ਭੱਤਾ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਅਤੇ 2016 ਤੋਂ ਪਹਿਲਾਂ ਪੈਨਸ਼ਨਰਾਂ ਨੂੰ ਵੀ ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ | ਮੀਟਿੰਗ ਵਿਚ ਸੁਖਚੈਨ ਸਿੰਘ ਜੱਲ੍ਹਾ, ਪਰਮਜੀਤ ਸਿੰਘ ਅਮਲੋਹ, ਗੁਰਮੁੱਖ ਸਿੰਘ, ਓਮ ਪ੍ਰਕਾਸ਼, ਸੁੱਚਾ ਸਿੰਘ ਨਬੀਪੁਰ, ਮੱਘਰ ਸਿੰਘ, ਖੇਮ ਸਿੰਘ, ਸ਼ਿੰਗਾਰਾ ਸਿੰਘ ਭੜੀ, ਸੁਰਜੀਤ ਸਿੰਘ, ਲਛਮਣ ਸਿੰਘ, ਅਜੈਬ ਸਿੰਘ ਖਮਾਣੋਂ, ਕੇਸਰ ਸਿੰਘ, ਅਵਤਾਰ ਸਿੰਘ ਨਲੀਨਾ, ਸਤਪਾਲ ਸਿੰਘ, ਰਾਜਿੰਦਰ ਕੁਮਾਰ ਵੀ ਹਾਜ਼ਰ ਸਨ |