31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਜ਼ਹਿਰੀਲੇ ਸੱਪ ਦੇ ਡੰਗੇ ਮਰੀਜ਼ਾਂ ਦਾ ਪ੍ਰਮੁੱਖ ਇਲਾਜ ਕੇਂਦਰ ਬਣਿਆ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ

ਬੰਗਾ, 30 ਅਗਸਤ (ਧਰਮਵੀਰ ਪਾਲ) - ਬੰਗਾ ਤੋਂ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਜ਼ਹਿਰੀਲੇ ਸੱਪ ਦੇ ਡੰਗੇ ਮਰੀਜ਼ਾਂ ਦੇ ਇਲਾਜ ਲਈ ਇਲਾਕੇ ਦਾ ਪ੍ਰਮੁੱਖ ਸਿਹਤ ਕੇਂਦਰ ਬਣਦਾ ਜਾ ਰਿਹਾ ਹੈ। ਹਸਪਤਾਲ ਵਿੱਚ ਪਿਛਲੇ ਵੀਹ ਦਿਨਾਂ ਦੌਰਾਨ ਜ਼ਹਿਰੀਲੇ ਸੱਪਾਂ ਦੇ ਡੱਸੇ ਦਰਜਨ ਤੋਂ ਵੱਧ ਮਰੀਜ਼ਾਂ ਦਾ ਸਮੇਂ ਸਿਰ ਐਂਟੀ-ਸਨੇਕ ਵੇਨਮ (ਸੱਪ ਦੇ ਜ਼ਹਿਰ ਦਾ ਐਂਟੀਡੋਟ) ਅਤੇ ਵੈਂਟੀਲੇਟਰ ਦੀ ਸਹਾਇਤਾ ਨਾਲ ਸਫਲਤਾਪੂਰਵਕ ਇਲਾਜ ਕੀਤਾ ਗਿਆ ਹੈ।

ਤੰਦਰੁਸਤ ਹੋਏ ਮਰੀਜ਼ ਨਾਲ ਡਾ. ਵਿਵੇਕ ਗੁੰਬਰ ਅਤੇ ਉਹਨਾਂ ਦੀ ਮੈਡੀਕਲ ਟੀਮ। 31-08-2026
ਬੰਗਾ, 30 ਅਗਸਤ (ਧਰਮਵੀਰ ਪਾਲ) - ਬੰਗਾ ਤੋਂ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਾਪਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਜ਼ਹਿਰੀਲੇ ਸੱਪ ਦੇ ਡੰਗੇ ਮਰੀਜ਼ਾਂ ਦੇ ਇਲਾਜ ਲਈ ਇਲਾਕੇ ਦਾ ਪ੍ਰਮੁੱਖ ਸਿਹਤ ਕੇਂਦਰ ਬਣਦਾ ਜਾ ਰਿਹਾ ਹੈ। ਹਸਪਤਾਲ ਵਿੱਚ ਪਿਛਲੇ ਵੀਹ ਦਿਨਾਂ ਦੌਰਾਨ ਜ਼ਹਿਰੀਲੇ ਸੱਪਾਂ ਦੇ ਡੱਸੇ ਦਰਜਨ ਤੋਂ ਵੱਧ ਮਰੀਜ਼ਾਂ ਦਾ ਸਮੇਂ ਸਿਰ ਐਂਟੀ-ਸਨੇਕ ਵੇਨਮ (ਸੱਪ ਦੇ ਜ਼ਹਿਰ ਦਾ ਐਂਟੀਡੋਟ) ਅਤੇ ਵੈਂਟੀਲੇਟਰ ਦੀ ਸਹਾਇਤਾ ਨਾਲ ਸਫਲਤਾਪੂਰਵਕ ਇਲਾਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਹਸਪਤਾਲ ਦੇ ਮੁੱਖ ਪ੍ਰਬੰਧਕ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਦੱਸਿਆ ਕਿ ਹਸਪਤਾਲ ਵਿਖੇ ਸੱਪ ਦੇ ਡੰਗੇ ਮਰੀਜ਼ਾਂ ਦਾ ਇਲਾਜ ਮਿਆਰੀ ਤੇ ਆਧੁਨਿਕ ਮੈਡੀਕਲ ਤਰੀਕਿਆਂ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੱਪ ਡੱਸਣ ਦੇ ਮਾਮਲਿਆਂ ਵਿੱਚ ਸਮੇਂ ਸਿਰ ਹਸਪਤਾਲ ਪਹੁੰਚਣਾ ਤੇ ਤੁਰੰਤ ਡਾਕਟਰੀ ਇਲਾਜ ਸ਼ੁਰੂ ਹੋਣਾ ਮਰੀਜ਼ ਦੀ ਜਾਨ ਬਚਾਉਣ ਲਈ ਬੇਹੱਦ ਮਹੱਤਵਪੂਰਨ ਹੈ ਜਿਸ ਦੀ ਤਾਜ਼ਾ ਮਿਸਾਲ ਹੈ ਕਿ ਬੀਤੇ ਦਿਨੀਂ ਹਸਪਤਾਲ ਦੇ ਮੈਡੀਕਲ ਮਾਹਿਰ ਡਾ. ਵਿਵੇਕ ਗੁੰਬਰ, ਐਮ.ਡੀ. ਮੈਡੀਸਨ ਕੋਲ ਮਰੀਜ਼ ਸੈਮਸਲ ਆਲਮ ਉਮਰ 24 ਸਾਲ ਆਇਆ ਜਿਸ ਨੂੰ ਇੱਕ ਜ਼ਹਿਰੀਲੇ ਸੱਪ ਨੇ ਡੱਸ ਲਿਆ ਸੀ। ਸੱਪ ਦੇ ਡੱਸਣ ਤੋਂ ਬਾਅਦ ਉਸ ਨੂੰ ਪੇਟ ਦਰਦ, ਉਲਟੀ, ਅੱਖਾਂ ਦਾ ਆਪਮੁਹਾਰੇ ਬੰਦ ਹੋਣਾ (ਟੌਸਿਸ) ਤੇ ਸਾਹ ਲੈਣ ਵਿੱਚ ਮੁਸ਼ਕਿਲ ਵਰਗੇ ਗੰਭੀਰ ਲੱਛਣਾਂ ਨੇ ਘੇਰ ਲਿਆ ਸੀ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਦੇ ਸਾਥੀਆਂ ਨੇ ਬਿਨਾਂ ਦੇਰੀ ਕੀਤੇ ਉਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਇਲਾਜ ਲਈ ਪਹੁੰਚਾਇਆ। ਇਸ ਮੌਕੇ ਮਰੀਜ਼ ਨੂੰ ਤੁਰੰਤ ਆਈ.ਸੀ.ਯੂ. ਵਿੱਚ ਦਾਖਲ ਕੀਤਾ ਗਿਆ। ਉਸ ਦੀ ਅਤਿ ਨਾਜ਼ੁਕ ਹਾਲਤ ਨੂੰ ਦੇਖਦਿਆਂ ਮਾਹਿਰ ਡਾ. ਵਿਵੇਕ ਗੁੰਬਰ ਦੀ ਅਗਵਾਈ ਮੈਡੀਕਲ ਟੀਮ ਨੇ ਮਰੀਜ਼ ਨੂੰ ਚਾਰ ਦਿਨ ਵੈਂਟੀਲੇਟਰ ਦੀ ਸਹਾਇਤਾ ਤੇ ਸੱਪ ਦੇ ਡੰਗ ਦੇ ਇਲਾਜ ਲਈ ਲੋੜੀਂਦੀਆਂ ਮਿਆਰੀ ਦਵਾਈਆਂ ਤੇ ਐਂਟੀ ਸਨੇਕ ਵੇਨਮ ਨਾਲ ਇਲਾਜ ਕੀਤਾ। ਇਹਨਾਂ ਯਤਨਾਂ ਸਦਕਾ ਮਰੀਜ਼ ਦੀ ਹਾਲਤ ਵਿੱਚ ਤੇਜ਼ੀ ਨਾਲ ਸੁਧਾਰ ਆਇਆ ਤੇ ਉਹ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ। ਡਾ. ਵਿਵੇਕ ਗੁੰਬਰ ਨੇ ਦੱਸਿਆ ਕਿ ਭਾਰਤ ਵਿੱਚ ਜ਼ਹਿਰੀਲੇ ਸੱਪਾਂ ਵਿੱਚ ਇੰਡੀਅਨ ਕੋਬਰਾ, ਕਾਮਨ ਕਰੇਟ, ਰਸਲਜ਼ ਵਾਈਪਰ ਤੇ ਸਾਅ-ਸਕੇਲਡ ਵਾਈਪਰ ਵਾਲੀਆਂ ਪ੍ਰਜਾਤੀਆਂ ਪ੍ਰਮੁੱਖ ਹਨ। ਉਨ੍ਹਾਂ ਕਿਹਾ ਕਿ ਸੱਪ ਦੇ ਡੱਸਣ ਤੋਂ ਬਾਅਦ ਅੱਖਾਂ ਦਾ ਆਪਮੁਹਾਰੇ ਬੰਦ ਹੋਣਾ, ਪਲਕਾਂ ਦਾ ਝੁਕਣਾ, ਪੇਟ ਦਰਦ, ਉਲਟੀ, ਨਿਗਲਣ ’ਚ ਮੁਸ਼ਕਿਲ, ਕੰਮਜ਼ੋਰੀ ਜਾਂ ਸਾਹ ਲੈਣ ਵਿੱਚ ਤਕਲੀਫ਼ ਵਰਗੇ ਲੱਛਣ ਦਿਖਾਈ ਦੇਣ ਤਾਂ ਇਨ੍ਹਾਂ ਨੂੰ ਬਿਲਕੁਲ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਡਾ. ਗੁੰਬਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਪ ਦੇ ਡੱਸਣ ਦੀ ਸਥਿਤੀ ਵਿੱਚ ਘਰੇਲੂ ਨੁਸਖਿਆਂ, ਝਾੜ-ਫੂਕ, ਮਣਕਾ, ਜਾਦੂ-ਟੂਣਾ ਜਾਂ ਦੇਸੀ ਇਲਾਜ ’ਤੇ ਸਮਾਂ ਬਰਬਾਦ ਨਾ ਕੀਤਾ ਜਾਵੇ, ਸਗੋਂ ਤੁਰੰਤ ਡਾਕਟਰੀ ਸਹਾਇਤਾ ਲਈ ਹਸਪਤਾਲ ਪਹੁੰਚਿਆ ਜਾਵੇ । ਮਰੀਜ਼ ਦੇ ਪਰਿਵਾਰਜਨਾਂ ਨੇ ਵਧੀਆ ਇਲਾਜ ਕਰਨ ਲਈ ਡਾ. ਵਿਵੇਕ ਗੁੰਬਰ, ਸਮੂਹ ਮੈਡੀਕਲ ਅਫਸਰ, ਨਰਸਿੰਗ ਸਟਾਫ ਤੇ ਹਸਪਤਾਲ ਪ੍ਰਬੰਧਕਾਂ ਦਾ ਹਾਰਦਿਕ ਧੰਨਵਾਦ ਕੀਤਾ । ਇਸ ਮੌਕੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਦਵਿੰਦਰ ਸਿੰਘ ਢਿੱਲੋਂ ਮੈਂਬਰ ਟਰੱਸਟ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਸੁਨੀਤਾ ਵਾਰਡ ਇੰਚਾਰਜ ਅਤੇ ਮਰੀਜ਼ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ ਹਲਕਾ ਇੰਚਾਰਜ ਰੌਬੀ ਕੰਗ ਨੇ ਨਵਾਂਸ਼ਹਿਰ ਦੇ ਸ਼ਹਿਰੀ ਖੇਤਰ ’ਚ ਸਫਾਈ ਅਭਿਆਨ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਸੰਧਵਾਂ-ਫਰਾਲਾ ਦੇ ਸਰਕਾਰੀ ਹਸਪਤਾਲ ’ਚ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।