ਸੜੋਆ, 23 ਜੁਲਾਈ (ਹਰਮੇਲ ਸਹੂੰਗੜਾ) - ਮੀਂਹ ਸ਼ੁਰੂ ਹੁੰਦਿਆਂ ਹੀ ਬਲਾਕ ਸੜੋਆ ਦੀਆਂ ਸੜਕਾਂ ’ਚ ਪਾਣੀ ਭਰ ਗਿਆ ਹੈ ਅਤੇ ਰਾਹਗੀਰ ਲੰਘਣ ਤੋਂ ਪ੍ਰੇਸ਼ਾਨ ਹੋ ਰਹੇ ਹਨ। ਭਾਵੇਂ ਪੰਜਾਬ ਸਰਕਾਰ ਨਵੀਆਂ ਸੜਕਾਂ ਰਿਪੇਅਰ ਕਰਨ ਜਾਂ ਬਣਾਉਣ ਦੀਆਂ ਗੱਲਾਂ ਕਰ ਰਹੀ ਹੈ ਪਰ ਬਲਾਕ ਸੜੋਆ ਦੇ ਪਿੰਡਾਂ ਦੀਆਂ ਸੜਕਾਂ ਕਾਫੀ ਸਮੇਂ ਤੋਂ ਪੁੱਟੀਆਂ ਗਈਆਂ ਤੇ ਜਿਨ੍ਹਾਂ ’ਤੇ ਪੱਥਰ ਪਾ ਕੇ ਅੱਧ ਵਿਚਾਲੇ ਛੱਡ ਦਿੱਤੀਆਂ ਹਨ। ਸਰਕਾਰ ਦੀਆਂ ਨਾਕਾਮੀਆਂ ਤੋਂ ਦੁਖੀ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਹ ਸੜਕਾਂ ਬਣਾਉਣੀਆਂ ਨਹੀਂ ਤਾਂ ਉਨ੍ਹਾਂ ਸੜਕਾਂ ਨੂੰ ਕਿਉਂ ਪੁੱਟਿਆ ਗਿਆ। ਇਸ ਸਬੰਧੀ ਇਲਾਕੇ ਦੇ ਕੁੱਝ ਸਮਾਜ ਸੇਵੀਆਂ ਵਲੋਂ ਦੱਸਿਆ ਗਿਆ ਕਿ ਪਿੰਡ ਐਮਾ ਤੋਂ ਵਾਇਆ ਆਲੋਵਾਲ ਤੋਂ ਸਹੂੰਗੜਾ ਨੂੰ ਜਾਣ ਵਾਲੀ ਸੜਕ ਪਿਛਲੇ ਮੀਂਹਾਂ ਨਾਲ ਟੁੱਟ ਚੁੱਕੀ ਸੀ ਤੇ ਸਰਕਾਰ ਵਲੋਂ ਉਨ੍ਹਾਂ ਸੜਕਾਂ ਦੀ ਰਿਪੇਅਰ ਤੱਕ ਨਹੀਂ ਕਰਾਈ। ਪਿੰਡ ਪੈਲੀ ਤੋਂ ਅਟਾਲ ਮਜਾਰਾ, ਸੜੋਆ ਤੋਂ ਕਰੀਮਪੁਰ ਧਿਆਨੀ ਤੋਂ ਕਟਵਾਰਾ, ਸੜੋਆ ਤੋਂ ਸਹੂੰਗੜਾ ਪਿੰਡ ਦੀ ਬਾਹਰ ਵਾਲੀ ਫਿਰਨੀ ਹਲੇ ਤੱਕ ਸਰਕਾਰ ਵਲੋਂ ਜਾਂ ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਇਨ੍ਹਾਂ ਸੜਕਾਂ ਦੀ ਸਾਰ ਨਹੀਂ ਲਈ ਤੇ ਦੇਖਿਆ ਤੱਕ ਨਹੀਂ। ਮੀਂਹ ਨਾਲ ਪੱਥਰ ਵੀ ਉਖੜ ਚੁੱਕਾ ਹੋਣ ਕਰਕੇ ਇਲਾਕੇ ਦੇ ਲੋਕਾਂ ਮੰਡੀ ਬੋਰਡ ਦੇ ਅਧਿਕਾਰੀਆਂ ਕੋਲ ਮੰਗ ਕੀਤੀ ਹੈ ਕਿ ਬਰਸਾਤ ਖਤਮ ਹੋਣ ਮਗਰੋਂ ਇਨ੍ਹਾਂ ਸੜਕਾਂ ਦੀ ਸਾਰ ਲਈ ਜਾਵੇ।