ਨਵਾਂਸ਼ਹਿਰ, 20 ਜੁਲਾਈ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੀ ਪੁਲਿਸ ਨੇ 2 ਵੱਖ-ਵੱਖ ਮਾਮਲਿਆਂ ਵਿੱਚ 2 ਵਿਅਕਤੀਆਂ ਨੂੰ 19 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਸਦਰ ਦੇ ਐਸ.ਐਚ.ਓ ਵਰਿੰਦਰ ਕੁਮਾਰ ਨੇ ਦੱਸਿਆ ਕਿ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਗਸ਼ਤ ਦੌਰਾਨ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਤਲਾਸ਼ ਲਈ ਨਵਾਂਸ਼ਹਿਰ ਤੋਂ ਨਹਿਰ ਦੇ ਨਾਲ-ਨਾਲ ਪਿੰਡ ਹਿਆਲਾ ਤੋਂ ਘੱਕੇਵਾਲ ਵਾਲੀ ਸਾਈਡ ਵੱਲ ਜਾ ਰਹੀ ਸੀ। ਜਦੋਂ ਪੁਲਿਸ ਪਾਰਟੀ ਪਿੰਡ ਘੱਕੇਵਾਲ ਨੇੜੇ ਪੁੱਜੀ ਤਾਂ ਸਾਹਮਣੇ ਤੋਂ ਇੱਕ ਨੌਜਵਾਨ ਆਉਂਦਾ ਦਿਖਾਈ ਦਿੱਤਾ ਤੇ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਆਪਣੀ ਸੱਜੀ ਜੇਬ ਵਿੱਚ ਪਾਈ ਪਾਰਦਰਸ਼ੀ ਲਿਫ਼ਾਫ਼ੀ ਨੂੰ ਸੁੱਟ ਦਿੱਤਾ ਅਤੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। ਸੁੱਟੇ ਲਿਫ਼ਾਫ਼ੇ ਦੀ ਜਾਂਚ ਕਰਨ ’ਤੇ ਉਸ ਵਿੱਚੋਂ 9 ਗ੍ਰਾਮ ਹੈਰੋਇਨ ਬਰਾਮਦ ਹੋਈ, ਥਾਣਾ ਮੁਖੀ ਨੇ ਦੱਸਿਆ ਕਿ ਫੜੇ ਗਏ ਕਥਿਤ ਦੋਸ਼ੀ ਦੀ ਪਛਾਣ ਹਰਸ਼ਦੀਪ ਪੁੱਤਰ ਕੁਲਵੰਤ ਸਿੰਘ ਵਾਸੀ ਖੇਸੂਪੁਰ ਬਾਗ ਹਾਲ ਵਾਸੀ ਬਾਜ਼ ਕਲੋਨੀ ਫਿਲੌਰ ਰਾਹੋਂ ਰੋਡ ਵਜੋਂ ਹੋਈ, ਇਸ ਤਰ੍ਹਾਂ ਹੀ ਇਕ ਹੋਰ ਮਾਮਲੇ ਚ ਏ.ਐਸ.ਆਈ ਸੰਜੀਵ ਕੁਮਾਰ ਨੇ ਪੁਲਿਸ ਪਾਰਟੀ ਨਾਲ ਮਿਲ ਕੇ ਇੱਕ ਵਿਅਕਤੀ ਕੋਲੋਂ 10 ਗ੍ਰਾਮ ਹੀਰੋਇਨ ਬਰਾਮਦ ਕੀਤੀ, ਚੌਧਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਜਦੋਂ ਏ.ਐਸ.ਆਈ ਸੰਜੀਵ ਕੁਮਾਰ ਪੁਲਿਸ ਪਾਰਟੀ ਨਾਲ ਗਸ਼ਤ ਕਰਦੇ ਹੋਏ ਸ਼ਮਸ਼ਾਨਘਾਟ ਸਨਾਵਾਂ ਦੇ ਨੇੜੇ ਪੁੱਜੇ ਤਾਂ ਉੱਥੇ ਖੜੇ ਸ਼ੱਕੀ ਵਿਅਕਤੀ ਕੋਲੋ 10 ਗ੍ਰਾਮ ਹੀਰੋਇਨ ਬਰਾਮਦ ਕੀਤੀ, ਕਥਿਤ ਦੋਸ਼ੀ ਦੀ ਪਹਿਚਾਣ ਜਸਪ੍ਰੀਤ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮੁਹੱਲਾ ਸਰਾਫ਼ਾਂ ਰਾਹੋਂ ਵਜੋਂ ਹੋਈ, ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਵੇਂ ਮਾਮਲਿਆਂ ’ਚ ਗ੍ਰਿਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
19 ਗ੍ਰਾਮ ਹੈਰੋਇਨ ਸਮੇਤ 2 ਕਾਬੂ
ਅਜੀਤ ਡੈਸਕ
21-07-2026