15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਕਿਸ਼ਨਪੁਰ ਦੇ ਨੌਜਵਾਨ ਇੰਦਰਪਾਲ ਸਿੰਘ ਢਿੱਲੋਂ ਨੇ ਉੱਤਰਾਖੰਡ ਪੀ.ਸੀ.ਐਸ. ਪ੍ਰੀਖਿਆ ’ਚ ਗੱਡੇ ਝੰਡੇ

ਅਜੀਤ ਡੈਸਕ 10-07-2026

ਕਾਠਗੜ੍ਹ, 9 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ) - ਹਲਕਾ ਬਲਾਚੌਰ ਲਈ ਬੇਹੱਦ ਮਾਣ ਅਤੇ ਖੁਸ਼ੀ ਦਾ ਪਲ ਉਸ ਸਮੇਂ ਸਾਹਮਣੇ ਆਇਆ, ਜਦੋਂ ਇੱਥੋਂ ਦੇ ਨਜ਼ਦੀਕੀ ਪਿੰਡ ਕਿਸ਼ਨਪੁਰ (ਭਰਥਲਾ) ਦੇ ਹੋਣਹਾਰ ਨੌਜਵਾਨ ਇੰਦਰਪਾਲ ਸਿੰਘ ਢਿੱਲੋਂ (ਸਪੁੱਤਰ ਸ. ਚਰਨਜੀਤ ਸਿੰਘ ਢਿੱਲੋਂ) ਨੇ ਆਪਣੀ ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਸਦਕਾ ਉੱਤਰਾਖੰਡ ਪੀ. ਸੀ. ਐਸ. ਪ੍ਰੀਖਿਆ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ। ਇੰਦਰਪਾਲ ਸਿੰਘ ਢਿੱਲੋਂ ਨੇ ਇਸ ਵਕਾਰੀ ਪ੍ਰੀਖਿਆ ਵਿੱਚ ਸੂਬੇ ਭਰ ’ਚੋਂ ਚੌਥਾ (ਰੈਂਕ-4) ਸਥਾਨ ਪ੍ਰਾਪਤ ਕਰਕੇ ਸਟੇਟ ਟੈਕਸ ਅਫ਼ਸਰ ਦਾ ਅਹੁਦਾ ਹਾਸਲ ਕੀਤਾ ਹੈ। ਇਸ ਇਤਿਹਾਸਕ ਤੇ ਸ਼ਾਨਦਾਰ ਉਪਲਬਧੀ ਦੀ ਖ਼ਬਰ ਮਿਲਦਿਆਂ ਹੀ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇੰਦਰਪਾਲ ਸਿੰਘ ਢਿੱਲੋਂ ਤੇ ਉਨ੍ਹਾਂ ਦੇ ਸਮੂਹ ਪਰਿਵਾਰ ਨੂੰ ਇਸ ਮੌਕੇ ’ਤੇ ਚਾਰੇ ਪਾਸਿਓਂ ਦਿਲੋਂ ਮੁਬਾਰਕਬਾਦਾਂ ਮਿਲ ਰਹੀਆਂ ਹਨ। ਇਲਾਕਾ ਨਿਵਾਸੀਆਂ ਵੱਲੋਂ ਪਰਮਾਤਮਾ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਇਹ ਹੋਣਹਾਰ ਨੌਜਵਾਨ ਆਪਣੇ ਜੀਵਨ ਵਿੱਚ ਹੋਰ ਵੀ ਉੱਚੀਆਂ ਮੰਜ਼ਿਲਾਂ ਹਾਸਲ ਕਰੇ। ਇਸ ਖ਼ੁਸ਼ੀ ਦੇ ਮੌਕੇ ਹਲਕਾ ਬਲਾਚੌਰ ਦੇ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਤੇ ਉਨ੍ਹਾਂ ਦੇ ਪਤੀ ਅਸ਼ੋਕ ਕਟਾਰੀਆ ਆਪਣੀ ਵਿਸ਼ੇਸ਼ ਟੀਮ ਨਾਲ ਉਚੇਚੇ ਤੌਰ ’ਤੇ ਪਿੰਡ ਕਿਸ਼ਨਪੁਰ ਵਿਖੇ ਇੰਦਰਪਾਲ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਪਹੁੰਚੇ। ਉਨ੍ਹਾਂ ਹੋਣਹਾਰ ਨੌਜਵਾਨ ਤੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਤੇ ਇੰਦਰਪਾਲ ਸਿੰਘ ਨੂੰ ਸਿਰੋਪਾਓ ਪਾ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਵਿਧਾਇਕਾ ਕਟਾਰੀਆ ਨੇ ਕਿਹਾ ਕਿ ਅਜਿਹੇ ਮਿਹਨਤੀ ਨੌਜਵਾਨ ਸਾਡੇ ਸਮਾਜ ਦਾ ਸਰਮਾਇਆ ਹਨ ਤੇ ਬਾਕੀ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਇਸ ਮੌਕੇ ਨਰੇਸ਼ ਕੁਮਾਰ ਸਰਪੰਚ ਕਿਸ਼ਨਪੁਰ ਅਤੇ ਜਸਵੀਰ ਸਿੰਘ ਘੁੰਮਣ ਸਰਪੰਚ ਸਮੇਤ ਇਲਾਕੇ ਭਰ ਤੋਂ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਜੂਦ ਸਨ।

ਪਿਛਲੀ ਖ਼ਬਰ ਸੰਤੁਲਣ ਵਿਗੜਨ ਨਾਲ ਟਰੈਕਟਰ ਰੇਲਿੰਗ ਨਾਲ ਜਾ ਟਕਰਾਇਆ, ਵਿਚਕਾਰੋਂ ਹੋਏ ਦੋ ਟੋਟੇ ਅਗਲੀ ਖ਼ਬਰ ਸਤਿੰਦਰ ਸਿੰਘ ਸਜਾਵਲਪੁਰ ਯੂਥ ਅਕਾਲੀ ਦਲ ਬਾਦਲ ਦੇ ਸਰਕਲ ਮਜਾਰੀ ਦੇ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।