14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਬਲਾਚੌਰ ਵਿਖੇ ਤਹਿਸੀਲਦਾਰ ਦੀ ਨਿਯੁਕਤੀ ਤੁਰੰਤ ਹੀ ਕਰਵਾਈ ਜਾਵੇ - ਹਨੀ ਟੌਂਸਾ

ਅਜੀਤ ਡੈਸਕ 04-07-2026
ਬਲਾਚੌਰ, 3 ਜੁਲਾਈ (ਨਰੇਸ਼ ਧੌਲ) - ਤਹਿਸੀਲ ਬਲਾਚੌਰ ਵਿਖੇ ਤਹਿਸੀਲਦਾਰ ਦੀ ਪੱਕੇ ਤੌਰ ’ਤੇ ਨਿਯੁਕਤੀ ਨਾ ਹੋਣ ਕਾਰਨ ਸਮੁੱਚੇ ਇਲਾਕਾ ਵਾਸੀ ਰੋਜ਼ਾਨਾ ਹੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਜਿਸ ਦੇ ਮੱਦੇਨਜ਼ਰ ਸਰਕਾਰ ਅਤੇ ਪ੍ਰਸ਼ਾਸਨ ਨੂੰ ਤੁਰੰਤ ਹੀ ਤਹਿਸੀਲਦਾਰ ਦੀ ਪੱਕੇ ਤੌਰ ’ਤੇ ਨਿਯੁਕਤੀ ਕਰਨ ਨੂੰ ਯਕੀਨੀ ਬਣਾਉਣ ਚਾਹੀਦਾ ਹੈ। ਇਹ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਚੌਧਰੀ ਸੰਦੀਪ ਕੁਮਾਰ ਹਨੀ ਟੌਂਸਾ ਇੰਚਾਰਜ ਵਿਧਾਨ ਸਭਾ ਹਲਕਾ ਬਲਾਚੌਰ ਅਤੇ ਉਨ੍ਹਾਂ ਦੇ ਸਾਥੀਆਂ ਨੇ ਤਹਿਸੀਲਦਾਰ ਦੀ ਪੱਕੇ ਤੌਰ ’ਤੇ ਨਿਯੁਕਤੀ ਕਰਨ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਕਿਹਾ ਕਿ ਹਰ ਤਹਿਸੀਲ ਅੰਦਰ ਦੋ ਤਹਿਸੀਲਦਾਰ ਨਿਯੁਕਤ ਕੀਤੇ ਗਏ ਹੁੰਦੇ ਹਨ ਕਿਉਂਕਿ ਜੇਕਰ ਇੱਕ ਤਹਿਸੀਲਦਾਰ ਨਾ ਹਾਜ਼ਰ ਹੋਵੇ ਤਾਂ ਦੂਸਰੇ ਤਹਿਸੀਲਦਾਰ ਨਾਲ ਇਲਾਕਾ ਵਾਸੀਆਂ ਦੇ ਕੰਮ ਕਾਜ ਹੋ ਜਾਂਦੇ ਹਨ ਪਰ ਵੱਡੇ ਅਫਸੋਸ ਦੀ ਗੱਲ ਹੈ ਕਿ ਬਲਾਚੌਰ ਤਹਿਸੀਲ ਵਿਖੇ ਕੋਈ ਵੀ ਤਹਿਸੀਲਦਾਰ ਪੱਕੇ ਤੌਰ ’ਤੇ ਨਿਯੁਕਤ ਨਹੀਂ ਹੈ ਸਗੋਂ ਤਹਿਸੀਲਦਾਰ ਬੰਗਾ ਨੂੰ ਆਰਜੀ ਤੌਰ ’ਤੇ ਚਾਰਜ ਸੰਭਾਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰਜਿਸਟਰੀਆਂ ਕਰਵਾਉਣ ਵੇਲੇ ਨੰਬਰਦਾਰ, ਗਵਾਹ ਤੇ ਹੋਰ ਬਹੁ ਗਿਣਤੀ ਹਿੱਸੇਦਾਰਾਂ ਨੂੰ ਬੁਲਾਇਆ ਜਾਂਦਾ ਹੈ ਪਰ ਤਹਿਸੀਲਦਾਰ ਦੀ ਗੈਰ-ਹਾਜ਼ਰੀ ਕਾਰਨ ਸਾਰਿਆਂ ਨੂੰ ਹੀ ਖੱਜਲ ਖੁਆਰ ਹੋ ਕੇ ਬਗੈਰ ਕੰਮ ਕਰਵਾਇਆਂ ਆਪਣੇ-ਆਪਣੇ ਘਰ ਵਾਪਸ ਮੁੜਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੁੰਮਸ ਭਰੇ ਗਰਮੀਆਂ ਦੇ ਮੌਸਮ ਦੌਰਾਨ ਤਹਿਸੀਲਦਾਰ ਨਾਲ ਸਬੰਧਤ ਹੋਰ ਕੰਮ-ਕਾਜ ਕਰਵਾਉਣ ਵਾਲੇ ਇਲਾਕਾ ਵਾਸੀ ਵੀ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਜੇਕਰ ਕੁੱਝ ਹੀ ਦਿਨਾਂ ਵਿੱਚ ਤਹਿਸੀਲਦਾਰ ਦੀ ਪੱਕੇ ਤੌਰ ’ਤੇ ਨਿਯੁਕਤੀ ਨਾ ਕੀਤੀ ਗਈ ਤਾਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਇਲਾਕਾ ਵਾਸੀਆਂ ਨੂੰ ਨਾਲ ਲੈ ਕੇ ਰੋਸ ਮੁਜ਼ਾਹਰਾ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਰਾਣਾ ਰਣਦੀਪ ਕੌਸ਼ਲ ਸਾਬਕਾ ਪ੍ਰਧਾਨ ਨਗਰ ਕੌਂਸਲ ਬਲਾਚੌਰ, ਚੌਧਰੀ ਗੌਰਵ ਚੌਹਾਨ ਨਾਨੋਵਾਲ, ਚੌਧਰੀ ਓਂਕਾਰ ਚੌਹਾਨ ਨਾਨੋਵਾਲ, ਬਿੰਦਰ ਭੋਲੇਵਾਲ, ਹੁਸਨ ਚੌਹਾਨ ਅਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਰਨੇਕ ਸਿੰਘ ਬੜਵਾ ਸਰਕਲ ਜਾਡਲਾ ਦੇ ਜਥੇਦਾਰ ਨਿਯੁਕਤ, ਵਰਕਰਾਂ ’ਚ ਉਤਸ਼ਾਹ ਅਗਲੀ ਖ਼ਬਰ ਜ਼ਿਲ੍ਹੇ ਵਿਚ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜ਼ੇਸ਼ਨ ਸੰਬੰਧੀ ਪ੍ਰਕਿਰਿਆ ਸ਼ੁਰੂ-ਅਕਾਸ਼ ਬਾਂਸਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।