ਬਲਾਚੌਰ, 31 ਮਾਰਚ (ਨਰੇਸ਼ ਧੌਲ)-ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਨਵ ਨਿਯੁਕਤ ਬਲਾਕ ਸੰਮਤੀ ਚੇਅਰਮੈਨ ਬਲਾਚੌਰ ਚੌਧਰੀ ਨਾਨਕ ਸਿੰਘ ਜੰਡੀ ਦਾ ਭੱਦੀ ਜ਼ੋਨ ਦੇ ਸੰਮਤੀ ਮੈਂਬਰ ਚੀਨੂੰ ਰਾਣੀ ਦੇ ਗ੍ਰਹਿ ਪਿੰਡ ਬੂੰਗੜੀ ਪਹੁੰਚਣ 'ਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਕਿਹਾ ਕਿ ਰਿਸ਼ਤੇਦਾਰੀ ਵਿੱਚ ਮੇਰੀ ਭੈਣ ਲੱਗਦੀ ਬਲਾਕ ਸੰਮਤੀ ਮੈਂਬਰ ਚੀਨੂੰ ਰਾਣੀ ਦਾ ਕਾਂਗਰਸ ਪਾਰਟੀ ਨੂੰ ਸਮਰਥਨ ਦੇਣ 'ਤੇ ਮੈਂ ਆਪਣੇ ਵਲੋਂ ਅਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ | ਉਨ੍ਹਾਂ ਕਿਹਾ ਕਿ ਮੈਂ ਚੀਨੂੰ ਰਾਣੀ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਚੇਅਰਮੈਨ ਦੀ ਚੋਣ ਮੌਕੇ ਮੈਨੂੰ ਬਿਨਾ ਕਿਸੇ ਡਰ ਜਾਂ ਦਬਾਅ ਤੋਂ ਸਭ ਤੋਂ ਪਹਿਲਾਂ ਵੋਟ ਦੇਣ ਲਈ ਹੱਥ ਖੜ੍ਹਾ ਕੀਤਾ, ਜਿਸ ਨਾਲ ਕਾਂਗਰਸ ਪਾਰਟੀ ਨੂੰ ਇਹ ਜਿੱਤ ਪ੍ਰਾਪਤ ਹੋਈ | ਚੇਅਰਮੈਨ ਜੰਡੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਬਲਾਕ ਬਲਾਚੌਰ ਦੇ ਹਰ ਪਿੰਡ ਨੂੰ ਬਿਨਾਂ ਕਿਸੇ ਵਿਤਕਰੇ ਤੋਂ ਗ੍ਰਾਂਟਾਂ ਦੀ ਵੰਡ ਕੀਤੀ ਜਾਵੇਗੀ ਤਾਂ ਜੋ ਹਲਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਜਾ ਸਕੇ | ਇਸ ਮੌਕੇ ਬਲਾਕ ਸੰਮਤੀ ਮੈਂਬਰ ਚੀਨੂੰ ਰਾਣੀ, ਸਰਪੰਚ ਗੁਰਮੀਤ ਕੌਰ, ਚੌਧਰੀ ਬਾਲੂ ਰਾਮ ਚੌਹਾਨ, ਰਾਜੂ ਬੂੰਗੜੀ ਸਾਬਕਾ ਬਲਾਕ ਸੰਮਤੀ ਮੈਂਬਰ, ਹਰਬੰਸ ਲਾਲ ਕਟਾਰੀਆ, ਹਰਮੇਸ਼ ਲਾਲ ਮੈਂਬਰ ਪੰਚਾਇਤ, ਮਨਪ੍ਰੀਤ ਕੁਮਾਰ ਤੋਂ ਇਲਾਵਾ ਸਮੂਹ ਪਿੰਡ ਵਾਸੀ ਹਾਜ਼ਰ ਸਨ |