12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਬਲਾਚੌਰ ਮਹਿੰਦੀਪੁਰ ਵਿਖੇ ਨਗਰ ਕੌਂਸਲ ਦਾ ਖ਼ਾਲੀ ਪਿਆ ਪਲਾਟ ਬਣਿਆ ਕੂੜੇ ਦਾ ਡੰਪ

ਅਜੀਤ ਡੈਸਕ 07-03-2026
ਬਲਾਚੌਰ, 6 ਮਾਰਚ (ਨਰੇਸ਼ ਧੌਲ)-ਬਲਾਚੌਰ ਮਹਿੰਦੀਪੁਰ ਵਿਖੇ ਬਲਵੀਰ ਸਰਵਿਸ ਸਟੇਸ਼ਨ ਵਾਲੀ ਗਲੀ ਜਿਸ ਦੇ ਚੜ੍ਹਦੇ ਵੱਲ ਨਗਰ ਕੌਂਸਲ ਬਲਾਚੌਰ (ਮਹਿੰਦੀਪੁਰ) ਦੀ ਮਾਲਕੀ ਖਾਲੀ ਪਈ ਜਗ੍ਹਾ ਕੁੱਝ ਸਿਆਸੀ ਲੋਕਾਂ ਦੀ ਸ਼ਹਿ 'ਤੇ ਕੂੜੇ ਦੇ ਡੰਪ ਦਾ ਰੂਪ ਧਾਰਨ ਕਰ ਚੁੱਕੀ ਹੈ ਤੇ ਇਸ ਗੰਦਗੀ ਨਾਲ ਮੁਹੱਲਾ ਨਿਵਾਸੀਆਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ | ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕੁੱਝ ਸਿਆਸੀ ਲੋਕ ਵਾਰਡ ਦੇ ਲੋਕਾਂ ਤੋਂ ਬਦਲਾ ਲਊ ਭਾਵਨਾ ਰੱਖਦਿਆਂ ਹੋਇਆਂ ਆਪਣੇ ਹਿਤੈਸ਼ੀ ਕੁੱਝ ਇੱਕ ਲੋਕਾਂ ਨੂੰ ਆਪਣੇ ਘਰਾਂ ਦਾ ਕੂੜਾ ਕਰਕਟ ਇਸ ਖਾਲੀ ਪਲਾਟ ਵਿਚ ਸੁੱਟਣ ਲਈ ਉਕਸਾ ਰਹੇ ਹਨ ਜਿਸ ਦੇ ਨਤੀਜੇ ਵਜੋਂ ਇਹ ਖ਼ਾਲੀ ਪਲਾਟ ਜਿਹੜਾ ਕਿ ਆਬਾਦੀ ਵਿਚਕਾਰ ਹੈ ਕੂੜੇ ਦਾ ਡੰਪ ਬਣ ਚੁੱਕਿਆ ਹੈ | ਕੂੜੇ ਦੇ ਇਸ ਡੰਪ ਬਣੇ ਪਲਾਟ ਵਿੱਚ ਗੰਦੀ ਬਦਬੂ ਹਵਾ ਨੂੰ ਦੂਸ਼ਿਤ ਕਰਦੀ ਹੋਈ ਲੋਕਾਂ ਤੱਕ ਪੁੱਜਦੀ ਹੈ ਅਤੇ ਮੱਛਰ ਮੱਖੀਆਂ ਦੀ ਭਰਮਾਰ ਮੁਹੱਲਾ ਨਿਵਾਸੀਆਂ ਨੂੰ ਬਿਮਾਰੀਆਂ ਵੱਲ ਧੱਕ ਰਹੀ ਹੈ | ਇਸ ਗੰਦਗੀ 'ਤੇ ਬੈਠਣ ਉਪਰੰਤ ਮੱਛਰ ਮੱਖੀਆਂ ਲੋਕਾਂ ਦੇ ਘਰਾਂ ਅੰਦਰ ਦਾਖ਼ਲ ਹੋ ਕੇ ਖਾਣ ਪੀਣ ਦੀਆਂ ਚੀਜ਼ਾਂ ਉੱਪਰ ਬੈਠਦੀਆਂ ਹਨ ਅਤੇ ਬਿਮਾਰੀਆਂ ਫੈਲਾਅ ਰਹੀਆਂ ਹਨ | ਭਾਵੇਂ ਕਿ ਨਗਰ ਕੌਂਸਲ ਅਤੇ ਵਾਰਡ ਦੇ ਮੌਜੂਦਾ ਕੌਂਸਲਰ ਵਲੋਂ ਲੋਕਾਂ ਨੂੰ ਸਾਫ਼ ਸਫ਼ਾਈ ਰੱਖਣ, ਘਰਾਂ ਦਾ ਕੂੜਾ ਨਗਰ ਕੌਂਸਲ ਦੇ ਘਰ-ਘਰ ਕੂੜਾ ਚੁੱਕਣ ਆ ਰਹੇ ਸਫ਼ਾਈ ਸੇਵਕਾਂ ਨੂੰ ਦੇਣ ਦੀਆਂ ਅਪੀਲਾਂ ਕਰ ਰਹੇ ਹਨ, ਮਗਰ ਇਸ ਦੇ ਬਾਵਜੂਦ ਵੀ ਕੁੱਝ ਲੋਕਾਂ ਦੇ ਕੰਨਾਂ 'ਤੇ ਜੰੂ ਨਹੀਂ ਸਰਕ ਰਹੀ | ਮੁਹੱਲਾ ਨਿਵਾਸੀਆਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਉਨ੍ਹਾਂ ਵਲੋਂ ਇਸ ਖ਼ਾਲੀ ਪਲਾਟ ਦੇ ਕੁੱਝ ਹਿੱਸੇ ਨੂੰ ਆਪਣੇ ਪਾਸੋਂ ਪੈਸੇ ਖ਼ਰਚ ਕਰਕੇ ਸਾਫ਼ ਸਫ਼ਾਈ ਕਰਵਾਈ ਗਈ ਸੀ ਤੇ ਮਿੱਟੀ ਪੁਆ ਕੇ ਗੰਦਗੀ ਦੇ ਢੇਰਾਂ ਨੂੰ ਢੱਕ ਕੇ ਸਾਫ਼ ਸੁਥਰੀ ਜਗ੍ਹਾ ਬਣਾਈ ਗਈ ਸੀ ਅਤੇ ਇਸ ਦੇ ਨਾਲ ਹੀ ਪਿਛਲੇ ਲੰਬੇ ਸਮੇਂ ਤੋਂ ਆਪਣੀ ਸਹੂਲਤ ਲਈ ਇਸ ਸਰਕਾਰੀ ਜਗ੍ਹਾ ਦੇ ਕੁੱਝ ਹਿੱਸੇ ਵਿੱਚੋਂ ਰਸਤਾ ਬਣਾ ਕੇ ਇਸਤੇਮਾਲ ਕੀਤਾ ਜਾ ਰਿਹਾ ਸੀ, ਮਗਰ ਕੁੱਝ ਸ਼ਰਾਰਤੀ ਵਿਅਕਤੀਆਂ ਦੀ ਸ਼ਹਿ 'ਤੇ ਪਿੰਡ ਦੇ ਹੀ ਕੁੱਝ ਲੋਕਾਂ ਵਲੋਂ ਇਸ ਸਰਕਾਰੀ ਜਗ੍ਹਾ ਉੱਪਰ ਆਪਣੀ ਨਿੱਜੀ ਮਾਲਕੀ ਅਧਿਕਾਰ ਰੱਖਦਿਆਂ ਹੋਇਆਂ ਰਸਤਾ ਗਲੀ ਨੂੰ ਪੁੱਟ ਕੇ ਡੂੰਘੇ ਟੋਏ ਪਾ ਦਿੱਤੇ ਗਏ ਸਨ | ਪਿਛਲੇ ਦਿਨੀਂ ਇਸੇ ਮੁਹੱਲੇ ਦਾ ਇੱਕ ਵਿਅਕਤੀ ਰਾਤ ਸਮੇਂ ਐਮਰਜੈਂਸੀ ਹਾਲਤਾਂ ਵਿੱਚ ਆਪਣੀ ਕਾਰ ਲੈ ਕੇ ਨਿਕਲਿਆ ਤਾਂ ਕਾਰ ਇਨ੍ਹਾਂ ਖੱਡਿਆਂ ਵਿੱਚ ਡਿਗ ਪਈ, ਭਾਵੇਂ ਕਿ ਇਸ ਮੌਕੇ ਵੱਡੀ ਦੁਰਘਟਨਾ ਵਾਪਰਨ ਤੋਂ ਬਚਾਅ ਹੋ ਗਿਆ ਮਗਰ ਕਾਰ ਚਾਲਕ ਨੂੰ ਮਾਨਸਿਕ ਪੇ੍ਰਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ | ਮੁਹੱਲਾ ਨਿਵਾਸੀਆਂ ਨੇ ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਖ਼ਾਲੀ ਪਏ ਪਲਾਟ ਵਿੱਚ ਕੂੜਾ ਸੁੱਟਣ 'ਤੇ ਮੁਕੰਮਲ ਪਾਬੰਦੀ ਲਗਾਈ ਜਾਵੇ ਤੇ ਜੇਕਰ ਫਿਰ ਵੀ ਕੋਈ ਵਿਅਕਤੀ ਕਿਸੇ ਦੇ ਉਕਸਾਉਣ 'ਤੇ ਇਸ ਜਗ੍ਹਾ ਗੰਦਗੀ ਫੈਲਾਅ ਰਿਹਾ ਪਾਇਆ ਜਾਂਦਾ ਹੈ ਤਦ ਉਸ ਦੇ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਠੱਗੀ ਮਾਰਨ ਵਾਲੇ ਕਥਿਤ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਢਾਹਾਂ ਪ੍ਰਾਈਜ਼ ਵਲੋਂ ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਲਈ ਯੁਵਾ ਅਵਾਰਡ ਆਰੰਭ ਕਰਨ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।