ਬਲਾਚੌਰ, 21 ਜਨਵਰੀ (ਦੀਦਾਰ ਸਿੰਘ ਬਲਾਚੌਰੀਆ)-ਸਮਾਜ ਵਿਰੋਧੀ ਅਨਸਰਾਂ ਖਾਸ ਕਰਕੇ ਗੈਂਗਸਟਰਾਂ ਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਮਨਸੂਬਿਆਂ ਨੂੰ ਪੰਜਾਬ ਪੁਲਿਸ ਕਿਸੇ ਵੀ ਹਾਲਤ ਵਿੱਚ ਪੂਰਾ ਨਹੀਂ ਹੋਣ ਦੇਵੇਗੀ, ਇਹ ਪ੍ਰਗਟਾਵਾ ਉਪ ਪੁਲਿਸ ਕਪਤਾਨ ਬਲਾਚੌਰ ਹੇਮੰਤ ਮਲਹੋਤਰਾ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਡੀ.ਜੀ.ਪੀ ਪੰਜਾਬ ਵੱਲੋਂ ਯੁੱਧ ਗੈਂਗਸਟਰਾਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ | ਜਿਸ ਨੂੰ ਜ਼ਿਲ੍ਹਾ ਪੁਲਿਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇਜ਼ ਕਰਕੇ ਗੈਂਗਸਟਰਾਂ ਦਾ ਨੈੱਟਵਰਕ ਖਤਮ ਕਰਨ ਲਈ ਵੱਖ-ਵੱਖ ਥਾੲੀਂ ਛਾਪੇਮਾਰੀ ਕੀਤੀ ਜਾ ਰਹੀ ਹੈ | ਸਮਾਜ 'ਚ ਅਮਨ ਸ਼ਾਂਤੀ ਬਰਕਰਾਰ ਰੱਖਣ ਅਤੇ ਹਰ ਵਿਅਕਤੀ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸ਼ਤੈਦ ਅਤੇ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਯੁੱਧ ਨਸ਼ਿਆਂ ਵਿਰੁੱਧ ਜਾਰੀ ਮੁਹਿੰਮ ਦੇ ਪਹਿਲੇ ਗੇੜ ਵਿੱਚ ਪੁਲਿਸ ਨੂੰ ਭਾਰੀ ਸਫਲਤਾ ਮਿਲੀ, ਉਸੇ ਤਰਾਂ ਗੈਂਗਸਟਰਾਂ ਦੇ ਨਾਲ-ਨਾਲ ਉਨ੍ਹਾਂ ਨੂੰ ਸਹਿਯੋਗ ਕਰਨ ਵਾਲਿਆਂ ਖਿਲਾਫ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਹੈ ਅਤੇ ਬਲਾਚੌਰ ਸਬ ਡਵੀਜਨ ਵਿੱਚ ਚਾਰ ਮਾਮਲੇ ਦਰਜ ਕਰਕੇ ਸੱਤ ਗਿ੍ਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਬਾਕੀਆਂ ਦੀ ਭਾਲ ਜਾਰੀ ਹੈ | ਇਸ ਮੌਕੇ ਥਾਣਾ ਸਦਰ ਬਲਾਚੌਰ ਦੇ ਮੁਖੀ ਬਿਕਰਮ ਸਿੰਘ, ਥਾਣਾ ਸਿਟੀ ਬਲਾਚੌਰ ਦੇ ਮੁੱਖ ਅਫਸਰ ਰਾਮਪਾਲ ਅਤੇ ਸਮੂਹ ਸਟਾਫ ਹਾਜਿਰ ਸੀ |