ਕਟਾਰੀਆਂ, 21 ਜਨਵਰੀ (ਪ੍ਰੇਮੀ ਸੰਧਵਾਂ)-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਨੇੜੇ ਪਿੰਡ ਸੂੰਢ ਵਿਖੇ ਅੰਗਹੀਣ ਵਿਅਕਤੀ ਸੁਨੀਲ ਕੁਮਾਰ ਦੀ ਮੋਬਾਈਲਾਂ ਦੀ ਪੈਂਦੀ ਦੁਕਾਨ ਤੋਂ ਬੀਤੀ ਰਾਤ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਕੀਮਤੀ ਮੋਬਾਈਲ 'ਤੇ ਗੱਲੇ ਵਿੱਚ ਪਈ ਕਰੀਬ 6 ਹਜ਼ਾਰ ਰੁਪਏ ਨਕਦੀ ਵੀ ਚੋਰੀ ਕਰਕੇ ਲੈ ਗਏ | ਦੁਕਾਨ ਮਾਲਕ ਸੁਨੀਲ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਸੂੰਢ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਕਰੀਬ 7 ਵਜੇ ਦੁਕਾਨ ਬੰਦ ਕਰਦੇ ਘਰ ਨੂੰ ਚਲਾ ਗਿਆ ਤੇ ਤੜਕੇ ਜਦੋਂ ਪਿੰਡ ਦੇ ਨੌਜਵਾਨ ਜਿੰਮ ਨੂੰ ਕਸਰਤ ਕਰਨ ਜਾ ਰਹੇ ਸੀ ਤਾਂ ਉਨ੍ਹਾਂ ਨੇ ਦੁਕਾਨ ਦਾ ਟੁੱਟਾ ਸ਼ਟਰ ਦੇਖ ਕੇ ਮੈਨੂੰ ਦੱਸਿਆ ਤਾਂ ਜਦੋਂ ਅਸੀਂ ਦੁਕਾਨ ਦੇ ਅੰਦਰ ਜਾ ਕੇ ਦੇਖਿਆ ਤਾਂ ਦੁਕਾਨ ਅੰਦਰ ਪਏ ਕੀਮਤੀ ਮੋਬਾਈਲ ਗਾਇਬ ਸਨ, ਉਸ ਨੇ ਦੱਸਿਆ ਕਿ ਚੋਰ ਉਸ ਦਾ ਕਰੀਬ 80 ਹਜ਼ਾਰ ਦਾ ਨੁਕਸਾਨ ਕਰ ਗਏ ਹਨ | ਉਨ੍ਹਾਂ ਦੱਸਿਆ ਕਿ ਦੁਕਾਨ ਦੇ ਅੰਦਰ ਤੇ ਬਾਹਰ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਦੀ ਜਦੋਂ ਜਾਂਚ ਕੀਤੀ ਤਾਂ ਚੋਰ ਕਰੀਬ ਤੜਕੇ ਸਵਾ ਦੋ ਵਜੇ ਦੁਕਾਨ 'ਤੇ ਪਹੁੰਚੇ ਤੇ ਚੋਰੀ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਗਏ | ਉਨ੍ਹਾਂ ਦੱਸਿਆ ਕਿ ਚੋਰਾਂ ਨੇ ਮੂੰਹ ਸਿਰ ਕੱਪੜੇ ਨਾਲ ਢੱਕੇ ਹੋਏ ਸਨ, ਜਿਨ੍ਹਾਂ ਦੀ ਪਹਿਚਾਣ ਨਹੀਂ ਹੋ ਸਕੀ | ਸੁਨੀਲ ਕੁਮਾਰ ਤੇ ਬਲਦੇਵ ਰਾਜ ਨੇ ਦੱਸਿਆ ਕਿ ਇਸ ਤੋਂ 4-5 ਦਿਨ ਪਹਿਲਾਂ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋ ਸਕੇ ਤੇ ਚੋਰਾਂ ਵਲੋਂ ਸ਼ਟਰ ਤੋੜਨ ਦੀ ਕੋਸ਼ਿਸ਼ ਲਈ ਵੱਡੇ ਸ਼ਟਰ ਦੀ ਉਸ ਨੇ ਵੈਲਡਿੰਗ ਕਰਵਾ ਦਿੱਤੀ ਸੀ | ਪਰ ਫੇਰ ਵੀ ਚੋਰ ਬੇਖੌਫ ਹੋ ਕੇ ਚੋਰੀ ਨੂੰ ਅੰਜਾਮ ਦੇ ਕੇ ਭੱਜਣ 'ਚ ਸਫ਼ਲ ਹੋ ਗਏ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰਾਤ ਸਮੇਂ ਪਿੰਡਾਂ 'ਚ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਚੋਰਾਂ ਨੂੰ ਨੱਥ ਪਾਈ ਜਾ ਸਕੇ |