ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਗੋਲਡ ਕੱਪ 12 ਤੋਂ 16 ਨਵੰਬਰ ਤੱਕ
ਚੌਂਕੀਮਾਨ, 22 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਸਿੱਧਵਾਂ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਵੱਲੋਂ ਆਪਣੇ ਸਤਿਕਾਰਯੋਗ ਬਾਨੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਾਂਝੇ ਤੌਰ ’ਤੇ ਬਾਨੀ ਦਿਵਸ ਮਨਾਇਆ ਗਿਆ। ਇਹ ਸਮਾਗਮ ਟਰੱਸਟ ਦੇ ਪ੍ਰਧਾਨ ਬਰਿੰਦਰ ਸਿੰਘ ਸਿੱਧੂ, ਡੀ.
ਚੌਂਕੀਮਾਨ, 22 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਰਪ੍ਰਸਤੀ ਹੇਠ ਚੱਲ ਰਹੀਆਂ ਸਿੱਧਵਾਂ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਵੱਲੋਂ ਆਪਣੇ ਸਤਿਕਾਰਯੋਗ ਬਾਨੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਾਂਝੇ ਤੌਰ ’ਤੇ ਬਾਨੀ ਦਿਵਸ ਮਨਾਇਆ ਗਿਆ। ਇਹ ਸਮਾਗਮ ਟਰੱਸਟ ਦੇ ਪ੍ਰਧਾਨ ਬਰਿੰਦਰ ਸਿੰਘ ਸਿੱਧੂ, ਡੀ.ਜੀ.ਪੀ. (ਸੇਵਾਮੁਕਤ) ਅਤੇ ਸਬੰਧਿਤ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੀ ਯੋਗ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਸਕੱਤਰ ਪ੍ਰੀਤਮ ਸਿੰਘ ਜੌਹਲ ਅਤੇ ਮੈਨੇਜਰ ਪ੍ਰਦੀਪ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਉਨ੍ਹਾਂ ਦੇ ਨਾਲ ਵੱਖ-ਵੱਖ ਸੰਸਥਾਵਾਂ ਦੇ ਪ੍ਰਿੰਸੀਪਲ ਵੀ ਮੌਜੂਦ ਸਨ, ਜਿੰਨ੍ਹਾਂ ਵਿਚ ਡਾ. ਸਤਿੰਦਰ ਕੌਰ ਪ੍ਰਿੰਸੀਪਲ ਖ਼ਾਲਸਾ ਕਾਲਜ ਫਾਰ ਵੂਮੈਨ, ਡਾ. ਅਮਨਦੀਪ ਕੌਰ ਪ੍ਰਿੰਸੀਪਲ ਜੀ.ਐੱਚ.ਜੀ. ਹਰਿਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ, ਪ੍ਰੋ. (ਡਾ.) ਸ਼ਵੇਤਾ ਧੰਡ ਪ੍ਰਿੰਸੀਪਲ ਜੀ.ਐੱਚ.ਜੀ. ਇੰਸਟੀਚਿਊਟ ਆਫ਼ ਲਾਅ, ਡਾ. ਜੀ. ਪਵਨ ਕੁਮਾਰ ਪ੍ਰਿੰਸੀਪਲ ਜੀ.ਐੱਚ.ਜੀ. ਇੰਸਟੀਚਿਊਟ ਆਫ਼ ਫਾਰਮੇਸੀ, ਸ੍ਰੀਮਤੀ ਦਲਜੀਤ ਕੌਰ ਪ੍ਰਿੰਸੀਪਲ ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਸ੍ਰੀਮਤੀ ਸੰਦੀਪ ਕੌਰ ਪ੍ਰਿੰਸੀਪਲ ਜੀ.ਐੱਚ.ਜੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਮਿਲ ਸਨ। ਸਾਰਿਆਂ ਨੇ ਬਾਨੀਆਂ ਭਾਈ ਸਾਹਿਬ ਭਾਈ ਨਰਾਇਣ ਸਿੰਘ ਜੀ, ਬੇਬੇ ਰਾਮ ਕੌਰ ਜੀ ਅਤੇ ਬੀਬੀ ਹਰਪ੍ਰਕਾਸ਼ ਕੌਰ ਜੀ ਨੂੰ ਫੁੱਲ ਭੇਟ ਕਰਕੇ ਉਨ੍ਹਾਂ ਦੀ ਦੂਰਅੰਦੇਸ਼ੀ, ਸਮਰਪਣ ਅਤੇ ਵਿਸ਼ੇਸ਼ ਤੌਰ ’ਤੇ ਪੇਂਡੂ ਖੇਤਰਾਂ ਵਿੱਚ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਵਿਧਾਇਕਾ, ਹਲਕਾ ਜਗਰਾਉਂ ਅਤੇ ਡਾ. ਹਰਸ਼ਿੰਦਰ ਕੌਰ, ਬਾਲ ਰੋਗਾਂ ਦੇ ਮਾਹਿਰ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਨੇ ਵਿਸ਼ੇਸ਼ ਸਨਮਾਨਿਤ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਗਿਆਨੀ ਗੁਰਮੀਤ ਸਿੰਘ ਅਤੇ ਗਿਆਨੀ ਜੈ ਇੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਬਾਨੀ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕੈਂਪਸ ਵਿਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ। ਵਿਦਿਆਰਥੀਆਂ ਨੇ ਸ਼ਰਧਾਪੂਰਵਕ ਸ਼ਬਦ, ਕਵੀਸ਼ਰੀ ਅਤੇ ਕਵਿਤਾਵਾਂ ਪੇਸ਼ ਕੀਤੀਆਂ, ਜਿੰਨ੍ਹਾਂ ਰਾਹੀਂ ਸਤਿਕਾਰਯੋਗ ਬਾਨੀਆਂ ਦੇ ਜੀਵਨ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਗਿਆ। ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਗੁਰਬਾਣੀ ਦੀਆਂ ਰੂਹਾਨੀ ਸਿੱਖਿਆਵਾਂ ਨਾਲ ਜੋੜਿਆ ਗਿਆ। ਜੀ.ਐੱਚ.ਜੀ. ਹਰਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਦੀ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦਾ ਰਸਮੀ ਤੌਰ ’ਤੇ ਸਵਾਗਤ ਕੀਤਾ। ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਦਲਜੀਤ ਕੌਰ ਨੇ ਸਿੱਧਵਾਂ ਪਰਿਵਾਰ ਵਲੋਂ 1909 ਵਿਚ ਸਥਾਪਿਤ ਕੀਤੀਆਂ ਗਈਆਂ ਸਿੱਖਿਆ ਸੰਸਥਾਵਾਂ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੜਕੀਆਂ ਦੀ ਸਿੱਖਿਆ ਦੇ ਖੇਤਰ ਵਿਚ ਸਿੱਧਵਾਂ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਵਲੋਂ ਪਾਏ ਜਾ ਰਹੇ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਬਾਨੀ ਦਿਵਸ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਦਿਨ ਸੰਸਥਾਵਾਂ ਦੇ ਬਾਨੀਆਂ ਦੀ ਦੂਰਅੰਦੇਸ਼ੀ ਅਤੇ ਵਿਰਾਸਤ ਨੂੰ ਯਾਦ ਕਰਨ ਦਾ ਮੌਕਾ ਹੈ। ਉਨ੍ਹਾਂ ਨੇ ਮਾਣ ਨਾਲ ਜ਼ਿਕਰ ਕੀਤਾ ਕਿ ਇਨ੍ਹਾਂ ਸੰਸਥਾਵਾਂ ਦੀਆਂ ਪੁਰਾਣੀਆਂ ਵਿਦਿਆਰਥਣਾਂ ਨੇ ਜੱਜਾਂ, ਮੰਤਰੀਆਂ ਅਤੇ ਹੋਰ ਪ੍ਰਸਿੱਧ ਸ਼ਖ਼ਸੀਅਤਾਂ ਵਜੋਂ ਸਮਾਜ ਦੀ ਸੇਵਾ ਕਰਦਿਆਂ ਵਿਲੱਖਣ ਪਛਾਣ ਬਣਾਈ ਹੈ। ਵਿਧਾਇਕਾ ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ ਨੇ ਸਿੱਧਵਾਂ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਦੀ ਪੁਰਾਣੀ ਵਿਦਿਆਰਥਣ ਹੋਣ ’ਤੇ ਮਾਣ ਮਹਿਸੂਸ ਕਰਦਿਆਂ ਪ੍ਰਬੰਧਕ ਕਮੇਟੀ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਇਸ ਸਮਾਗਮ ਦੇ ਸਫ਼ਲ ਆਯੋਜਨ ਲਈ ਵਧਾਈ ਦਿੱਤੀ। ਡਾ. ਹਰਸ਼ਿੰਦਰ ਕੌਰ ਨੇ ਮਹਿਲਾਵਾਂ ਨੂੰ ਬਰਾਬਰ ਦੇ ਅਧਿਕਾਰ ਅਤੇ ਸਮਾਜ ਵਿਚ ਬਣਦਾ ਮਾਣ-ਸਤਿਕਾਰ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸਮਾਜ ਵਿੱਚ ਮਹਿਲਾਵਾਂ ਨਾਲ ਹੁੰਦੇ ਵਿਤਕਰੇ ਅਤੇ ਉਨ੍ਹਾਂ ਨੂੰ ਦੂਜੇ ਦਰਜੇ ’ਤੇ ਰੱਖਣ ਦੀ ਸੋਚ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਗਿਆਨੀ ਗੁਰਮੀਤ ਸਿੰਘ ਨੇ ਆਪਣੇ ਰੂਹਾਨੀ ਵਿਚਾਰਾਂ ਰਾਹੀਂ ਸੰਗਤ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਮਾਪਿਆਂ ਦਾ ਸਤਿਕਾਰ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਸਿੱਧਵਾਂ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਦੇ ਹੋਣਹਾਰ ਅਤੇ ਅਕਾਦਮਿਕ ਖੇਤਰ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਕੁੱਲ ਦੋ ਲੱਖ ਪੰਦਰਾਂ ਹਜ਼ਾਰ ਰੁਪਏ ਦੀਆਂ ਵਜ਼ੀਫ਼ਾ ਰਾਸ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤਿਮ ਪੜਾਅ ਦੌਰਾਨ ਟਰੱਸਟ ਦੇ ਸਕੱਤਰ ਅਤੇ ਹੋਰ ਮੈਂਬਰਾਂ ਨੇ ਸਿੱਧਵਾਂ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਦੇ ਪ੍ਰਿੰਸੀਪਲਾਂ ਦੇ ਨਾਲ ਮਿਲ ਕੇ ਮੁੱਖ ਮਹਿਮਾਨ, ਵਿਸ਼ੇਸ਼ ਸਨਮਾਨਿਤ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਸਮਾਗਮ ਦੀ ਸਮਾਪਤੀ ਸ਼ੁਕਰਾਨੇ ਦੀ ਅਰਦਾਸ ਨਾਲ ਹੋਈ। ਇਸ ਤੋਂ ਬਾਅਦ ਗੁਰੂ ਕਾ ਲੰਗਰ ਵਰਤਾਇਆ ਗਿਆ, ਜੋ ਸਿੱਖ ਧਰਮ ਦੇ ਬਰਾਬਰਤਾ, ਨਿਸ਼ਕਾਮ ਸੇਵਾ ਅਤੇ ਸਮਾਜਿਕ ਭਲਾਈ ਦੇ ਸਿਧਾਂਤਾਂ ਦਾ ਪ੍ਰਤੀਕ ਹੈ।