ਨਗਰ ਕੌਂਸਲ ਚੋਣਾਂ ’ਚ ਹੋਈ ਨਮੋਸ਼ੀ ਭਰੀ ਹਾਰ ਤੋਂ ਬਾਅਦ ਵੀ ਸ਼੍ਰੋਮਣੀ ਅਕਾਲੀ ਦਲ ਹਾਈਕਮਾਨ ਨੇ ਨਹੀਂ ਲਿਆ ਕੋਈ ਸਬਕ
ਰਾਏਕੋਟ, 27 ਅਗਸਤ (ਬਲਵਿੰਦਰ ਸਿੰਘ ਲਿੱਤਰ)-ਨਗਰ ਕੌਂਸਲ ਚੋਣਾਂ ਨੂੰ 3 ਮਹੀਨੇ ਬੀਤ ਚੁੱਕੇ ਹਨ ਪ੍ਰੰਤੂ ਅਜੇ ਤੱਕ ਵੀ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ’ਚ ਸਿਆਸੀ ਸਰਗਰਮੀਆਂ ਨੂੰ ਠੰਡੇ ਬਸਤੇ ਵਿਚ ਪਾਇਆ ਹੋਇਆ ਹੈ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਜ਼ਮੀਨੀ ਪੱਧਰ ਤੱਕ ਜੁੜ੍ਹੇ ਵਰਕਰਾਂ ਤੇ ਸਮਰਥਕਾਂ ’ਚ ਪਾਰਟੀ ਹਾਈਕਮਾਂਡ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਰਾਏਕੋਟ, 27 ਅਗਸਤ (ਬਲਵਿੰਦਰ ਸਿੰਘ ਲਿੱਤਰ)-ਨਗਰ ਕੌਂਸਲ ਚੋਣਾਂ ਨੂੰ 3 ਮਹੀਨੇ ਬੀਤ ਚੁੱਕੇ ਹਨ ਪ੍ਰੰਤੂ ਅਜੇ ਤੱਕ ਵੀ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ’ਚ ਸਿਆਸੀ ਸਰਗਰਮੀਆਂ ਨੂੰ ਠੰਡੇ ਬਸਤੇ ਵਿਚ ਪਾਇਆ ਹੋਇਆ ਹੈ। ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਜ਼ਮੀਨੀ ਪੱਧਰ ਤੱਕ ਜੁੜ੍ਹੇ ਵਰਕਰਾਂ ਤੇ ਸਮਰਥਕਾਂ ’ਚ ਪਾਰਟੀ ਹਾਈਕਮਾਂਡ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਨਗਰ ਕੌਂਸਲ ਚੋਣਾਂ 26 ਮਈ 2026 ਨੂੰ ਹੋ ਨਿੱਬੜੀਆਂ, ਜਿਸ ਦੌਰਾਨ ਪਾਰਟੀ ਦੀ ਨਮੋਸ਼ੀ ਭਰੀ ਹਾਰ ਕਾਰਨ ਵਰਕਰਾਂ ਤੇ ਸਮਰਥਕਾਂ ਨੂੰ ਸਿਆਸੀ ਵਿਰੋਧੀ ਪਾਰਟੀਆਂ ਦੇ ਵਰਕਰਾਂ ਤੋਂ ਖ਼ਰੀਆਂ-ਖ਼ਰੀਆਂ ਸੁਣਨੀਆਂ ਪਈਆਂ, ਜਿਸ ਕਰਕੇ ਅਕਾਲੀ ਦਲ ਦੇ ਵਰਕਰ ਕੇਡਰ ਵਿਚ 2 ਮਹੀਨੇ ਬੀਤਣ ਤੱਕ ਵੀ ਨਮੋਸ਼ੀ ਹੀ ਛਾਈ ਹੋਈ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਵਿਚ ਮਹਿਜ਼ 5-6 ਮਹੀਨੇ ਹੀ ਬਾਕੀ ਹਨ, ਜਿਸ ਕਰਕੇ ਹੋਰਨਾਂ ਸਿਆਸੀ ਪਾਰਟੀਆਂ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ਵਿਚ ਸਿਆਸੀ ਸਰਗਰਮੀਆਂ ਤੇਜ਼ ਕੀਤੀਆਂ ਜਾ ਚੁੱਕੀਆਂ ਹਨ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ਨੂੰ ਪਿਛਲੇ ਸਾਢੇ 4 ਸਾਲਾਂ ਤੋਂ ਨਜ਼ਰਅੰਦਾਜ਼ ਕਰਨਾ ਅੱਜ ਵੀ ਜਾਰੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਿਸੇ ਸਮੇਂ ਵਿਧਾਨ ਸਭਾ ਹਲਕਾ ਰਾਏਕੋਟ ’ਚ ਅਕਾਲੀ ਦਲ ਦੀ ਤੂਤੀ ਬੋਲ੍ਹਦੀ ਸੀ, ਜਿਸ ਦਾ ਮੁੱਖ ਕਾਰਨ ਲੋਹਪੁਰਸ਼ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਉਨ੍ਹਾਂ ਦਾ ਪਰਿਵਾਰ ਸੀ, ਜਦੋਂ ਦਾ ਇਹ ਹਲਕਾ ਰਿਜ਼ਰਵ ਹੋਇਆ ਹੈ ਉਸ ਸਮੇਂ ਤੋਂ ਹੀ ਇਸ ਹਲਕੇ ਨੂੰ ਸ਼੍ਰੋਮਣੀ ਅਕਾਲੀ ਦਲ ਹਾਈਕਮਾਂਡ ਕਿਸੇ ਯੋਗ ਹਲਕਾ ਇੰਚਾਰਜ ਨੂੰ ਵਾਗਡੋਰ ਸੰਭਾਲਣ ’ਚ ਫੇਲ੍ਹ ਸਾਬਿਤ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਵਲੋਂ ਵਿਧਾਨ ਸਭਾ ਹਲਕਾ ਰਾਏਕੋਟ ਨੂੰ ਹਰ ਪੱਖੋਂ ਨਜਰਅੰਦਾਜ਼ ਕੀਤਾ ਜਾ ਰਿਹਾ ਹੈ, ਜਿਸ ਕਰਕੇ ਪਾਰਟੀ ਵਰਕਰਾਂ ’ਚ ਨਮੋਸ਼ੀ ਦੇ ਬੱਦਲ ਪੂਰੀ ਤਰ੍ਹਾਂ ਛਾ ਚੁੱਕੇ ਹਨ। ਜਿਸ ਕਰਕੇ ਅਕਾਲੀ ਦਲ ਦੇ ਵਰਕਰ ਪਾਰਟੀ ਛੱਡ ਕੇ ਹੋਰਨਾਂ ਸਿਆਸੀ ਪਾਰਟੀਆਂ ਵਿਚ ਧੜ੍ਹਾ-ਧੜ੍ਹ ਸ਼ਾਮਿਲ ਹੋ ਰਹੇ ਹਨ, ਜਿਸ ਦਾ ਸਿੱਧਾ ਅਸਰ ਪੇਂਡੂ ਤੇ ਸ਼ਹਿਰੀ ਵੋਟ ਉੱਪਰ ਪੈਣ ਦੀਆਂ ਸੰਭਾਵਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।