ਮੁੱਲਾਂਪੁਰ-ਦਾਖਾ, 14 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਆਪਣਾ ਪੰਜਾਬ ਫਾਊਂਡੇਸ਼ਨ ਵਲੋਂ ਗੋਲਡਨ ਅਰਥ ਕਾਨਵੈਂਟ ਸਕੂਲ ਪੰਡੋਰੀ (ਮੰਡੀ ਮੁੱਲਾਂਪੁਰ, ਲੁਧਿ:) ਵਿਖੇ ਬਲਿਹਾਰੀ ਕੁਦਰਤਿ ਵਸਿਆ ਤਹਿਤ ਗੁਰੂ ਨਾਨਕ ਬਗੀਚੀ ਦਾ ਉਦਘਾਟਨ ਫਾਊਂਡੇਸ਼ਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਧੂਰੀ, ਦਾਖਾ ਪੁਲਿਸ ਸਬ ਡਵੀਜ਼ਨ ਲਈ ਡੀ.ਐੱਸ.ਪੀ ਕਰਨ ਸਿੰਘ ਸੰਧੂ ਵਲੋਂ ਕੀਤਾ ਗਿਆ, ਉਨ੍ਹਾਂ ਨਾਲ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋੜਾ, ਵਾਈਸ ਚੇਅਰਮੈਨ ਗੁਲਸ਼ਨ ਲੂਥਰਾ, ਪ੍ਰਧਾਨ ਡਾ: ਮਨਿੰਦਰਾਪਲ ਅਰੋੜਾ, ਸਵਰਨ ਹਸਪਤਾਲ ਮੰਡੀ ਮੁੱਲਾਂਪੁਰ ਦੇ ਮੈਨੇਜਿੰਗ ਡਾਇਰੈਕਟਰ ਸੁਖਪ੍ਰੀਤ ਸਿੰਘ ਸੰਧੂ ਮੌਜੂਦ ਰਹੇ। ਗੁਰੂ ਨਾਨਕ ਬਗੀਚੀ ਵਿਚ ਹਰਿਆਵਲ ਤਹਿਤ ਹੋਰ ਬੂਟੇ ਲਗਾਉਣ ਉਪਰੰਤ ਵਿਦਿਆਰਥੀਆਂ ਦੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਧੂਰੀ ਦੱਸਿਆ ਕਿ ਫਾਊਂਡੇਸ਼ਨ ਵਲੋਂ ਆਰੰਭੀ ਹਰਿਆਵਲ ਲਹਿਰ ਦਾ ਮੰਤਵ ਆਪਣੀ ਸਮਰੱਥਾ ਅਨੁਸਾਰ ਬੂਟੇ ਲਗਾਉਣ ਦੇ ਨਾਲ ਪ੍ਰਦੂਸ਼ਣ ਦੀ ਰੋਕਥਾਮ ਅਤੇ ਹਰਿਆਵਲ ਵਧਾਉਣ ਲਈ ਚੇਤੰਨਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅੱਜ ਸਮੁੱਚਾ ਵਾਤਾਵਰਨ ਅਤੇ ਸਾਡਾ ਆਲਾ-ਦੁਆਲਾ ਗੰਧਲਾ ਹੋਇਆ ਪਿਆ ਹੈ। ਦਰਿਆਵਾਂ ਦਾ ਪਾਣੀ ਮਲੀਨ ਹੋ ਰਿਹਾ, ਸ਼ਹਿਰੀਕਰਨ ਦੇ ਵੱਧਦੇ ਵਰਤਾਰੇ ਤਹਿਤ ਲਗਾਤਾਰ ਕਾਲੋਨੀਆ ਉਸਾਰਨ ਨਾਲ ਵਾਹੀਯੋਗ ਖੇਤ ਸੀਮੈਂਟ ਦੇ ਜੰਗਲਾਂ ਵਿਚ ਤਬਦੀਲ ਹੋ ਰਹੇ ਹਨ, ਪੰਜਾਬ ਵਿਚ ਹਰ ਵਰ੍ਹੇ ਪਾਣੀ ਦੀ ਤਹਿ ਹੇਠਾਂ ਡਿੱਗ ਰਹੀ ਹੈ। ਦਰਿਆਵਾਂ ਦੇ ਪਾਣੀ ਵਿਚ ਤੇਜ਼ਾਬੀ ਤੇ ਜ਼ਹਿਰੀਲੇ ਤੱਤ ਲਗਾਤਾਰ ਵਧਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਧਰਤੀ ਦੀ ਵਧ ਰਹੀ ਤਪਸ਼ ਅਤੇ ਪ੍ਰਦੂਸ਼ਣ ਪੱਖੋਂ ਪਰਲੋਂ ਦੇ ਬੂਹੇ ’ਤੇ ਪੰਜਾਬ ਨੂੰ ਪ੍ਰਦੂਸ਼ਣ ਰਹਿਤ ਹਰਿਆ-ਭਰਿਆ ਕੁਦਰਤ ਪੱਖੀ ਅਰਥਚਾਰਾ ਬਣਾਉਣ ਲਈ ਹਰਿਆਵਲ ਹੀ ਇਕ ਹਥਿਆਰ ਹੈ। ਚੇਅਰਮੈਨ ਬਲਦੇਵ ਕ੍ਰਿਸ਼ਨ ਅਰੋੜਾ ਦੱਸਿਆ ਕਿ ਸਾਡੇ ਸਕੂਲ ਦੀ ਪ੍ਰਬੰਧਕੀ ਟੀਮ ਅਧਿਆਪਕ, ਵਿਦਿਆਰਥੀਆਂ ਦੇ ਸਹਿਯੋਗ ਨਾਲ ਹਰ ਵਰ੍ਹੇ ਬੂਟੇ ਲਗਾਉਣ ਵਿਚ ਯੋਗਦਾਨ ਪਾਉਂਦੀ ਹੈ ਅਤੇ ਸਫ਼ਲ ਵੀ ਹੋ ਰਹੀ ਹੈ। ਅਰੋੜਾ ਵਲੋਂ ਆਪਣਾ ਫਾਊਂਡੇਸ਼ਨ ਦੇ ਮੁਖੀ ਜਗਜੀਤ ਸਿੰਘ ਧੂਰੀ ਨੂੰ ਵਿਸ਼ਵਾਸ਼ ਦਿੱਤਾ ਕਿ ਕੁਝ ਹੀ ਵਰਿ੍ਆਂ ’ਚ ਸਕੂਲ ਅੰਦਰ ਗੁਰੂ ਨਾਨਕ ਬਗੀਚੀ ਵਿਸ਼ਾਲ ਜੰਗਲ ਦਾ ਰੂਪ ਲੈ ਲਵੇਗੀ। ਸਕੂਲ ਪ੍ਰਿੰਸੀਪਲ ਗੁਰਪ੍ਰੀਤ ਕੌਰ ਵਲੋਂ ਹਰਿਆਵਲ ਤਹਿਤ ਪ੍ਰਫੁੱਲਿਤ ਹੋ ਰਹੀ ਗੁਰੂ ਨਾਨਕ ਬਗੀਚੀ ਦੇ ਨਿਰੀਖਣ ਅਤੇ ਹਰਿਆਵਲ ਤਹਿਤ ਬੂਟੇ ਲਗਾਉਣ ਲਈ ਪਹੁੰਚੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ।
ਮਿਸ਼ਨ ਹਰਿਆਲੀ ਤਹਿਤ ਗੋਲਡਨ ਅਰਥ ਸਕੂਲ ਪੰਡੋਰੀ ਵਿਖੇ ਗੁਰੂ ਨਾਨਕ ਬਗੀਚੀ ਦੀ ਸਫ਼ਲ ਸ਼ੁਰੂਆਤ
ਅਜੀਤ ਡੈਸਕ
15-07-2026