14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਧਰਤੀ, ਹਵਾ ਤੇ ਪਾਣੀ ਨੂੰ ਬਚਾਉਣ ਲਈ ਪੰਜਾਬ ਦਰਦੀ ਇਕ ਮੰਚ 'ਤੇ ਇਕੱਠੇ ਹੋਣ-ਗਿਆਨੀ ਕੇਵਲ ਸਿੰਘ

ਜਗਰਾਉਂ 'ਅਜੀਤ' ਉੱਪ ਦਫ਼ਤਰ ਵਿਖੇ ਗੱਲਬਾਤ ਕਰਦੇ ਹੋਏ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਨਾਲ ਅਮਰਜੀਤ ਸਿੰਘ ਨਾਭਾ, ਮੇਜਰ ਸਿੰਘ ਛੀਨਾ, ਸਤਪਾਲ ਸਿੰਘ ਦੇਹੜਕਾ ਤੇ ਹੋਰ | ਤਸਵੀਰ: ਭੁਪਿੰਦਰ ਸਿੰਘ ਮੁਰਲੀ <br/> 13-06-2026
ਜਗਰਾਉਂ, 12 ਜੂਨ (ਸ਼ਮਸ਼ੇਰ ਸਿੰਘ ਗਾਲਿਬ)-ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਅੱਜ 'ਅਜੀਤ' ਉੱਪ ਦਫ਼ਤਰ ਜਗਰਾਉਂ ਵਿਖੇ ਵਿਸ਼ੇਸ਼ ਤੌਰ 'ਤੇ ਪੁੱਜੇ, ਜਿੱਥੇ ਉਨ੍ਹਾਂ ਪੰਜਾਬ ਦੇ ਵਾਤਾਵਰਨ, ਧਰਤੀ ਅਤੇ ਪਾਣੀਆਂ ਦੀ ਦਿਨੋਂ-ਦਿਨ ਵਿਗੜ ਰਹੀ ਹਾਲਤ 'ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਸਮੂਹ ਪੰਜਾਬ ਦਰਦੀਆਂ ਨੂੰ ਇਕ ਮੰਚ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਪੰਜਾਬ, ਜੋ ਕਦੇ ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਸੀ, ਅੱਜ ਆਪਣੇ ਹੀ ਪਾਣੀਆਂ ਲਈ ਤਰਸਣ ਦੀ ਸਥਿਤੀ ਵੱਲ ਵੱਧ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਰਕਾਰਾਂ ਦੀ ਨਾਕਾਮੀ ਦਾ ਨਤੀਜਾ ਨਹੀਂ, ਸਗੋਂ ਸਾਡੀ ਆਪਣੀ ਲਾਪਰਵਾਹੀ ਅਤੇ ਕੁਦਰਤ ਪ੍ਰਤੀ ਅਵੇਸਲਾਪਣ ਵੀ ਇਸ ਦਾ ਵੱਡਾ ਕਾਰਨ ਹੈ | ਬੇਤਹਾਸਾ ਭੂ-ਜਲ ਦੇ ਸ਼ੋਸ਼ਣ, ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਨੇ ਪੰਜਾਬ ਦੀ ਉਪਜਾਊ ਧਰਤੀ ਨੂੰ ਬਿਮਾਰ ਕਰ ਦਿੱਤਾ ਹੈ, ਹਵਾ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਲੋਕਾਂ ਦੀ ਸਿਹਤ 'ਤੇ ਗੰਭੀਰ ਅਸਰ ਪਾਇਆ ਹੈ | ਉਨ੍ਹਾਂ ਭਾਵੁਕ ਹੋ ਕੇ ਕਿਹਾ ਕਿ ਅੱਜ ਜੇ ਅਸੀਂ ਨਹੀਂ ਜਾਗੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ | ਉਨ੍ਹਾਂ ਆਖਿਆ ਕਿ ਪੰਜਾਬ ਦੀ ਧਰਾਤਲ ਸਥਿਤੀ ਨੂੰ ਤਬਦੀਲ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ 'ਤੇ ਪਹਿਰਾ ਦੇਣ ਦੀ ਲੋੜ ਹੈ | ਉਨਾਂ ਆਖਿਆ ਕਿ ਫੈਡਰਲ ਢਾਂਚਾ ਭਾਵ ਰਾਜਾਂ ਨੂੰ ਵੱਧ ਅਧਿਕਾਰ ਹੀ ਦੇਸ਼ ਦੀ ਤਰੱਕੀ ਦਾ ਮੁੱਢਲਾ ਰਾਹ ਹੈ | ਗਿਆਨੀ ਕੇਵਲ ਸਿੰਘ ਨੇ ਕਿਹਾ ਕਿ 20 ਜੂਨ ਨੂੰ ਮੋਗਾ ਵਿਖੇ ਪੰਜਾਬ ਦੇ ਪਾਣੀਆਂ ਤੇ ਵਾਤਾਵਰਨ ਸੰਬੰਧੀ ਵਿਸ਼ਾਲ ਰਾਜ ਪੱਧਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਸਮਾਗਮ ਪੰਜਾਬ ਦੇ ਭਵਿੱਖ ਨੂੰ ਬਚਾਉਣ ਲਈ ਇਕ ਸਾਂਝੀ ਚੇਤਨਾ ਜਗਾਉਣ ਦੀ ਕੋਸ਼ਿਸ਼ ਹੈ | ਉਨ੍ਹਾਂ ਪੰਜਾਬ ਦਰਦੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਸੈਮੀਨਾਰ ਵਿਚ ਪਹੁੰਚਣ ਤਾਂ ਜੋ ਪੰਜਾਬ ਦੇ ਪਾਣੀਆਂ, ਵਾਤਾਵਰਨ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਇਕ ਮਜ਼ਬੂਤ ਲੋਕ ਅੰਦੋਲਨ ਦੀ ਸ਼ੁਰੂਆਤ ਕੀਤੀ ਜਾ ਸਕੇ | ਇਸ ਮੌਕੇ ਅਮਰਜੀਤ ਸਿੰਘ ਨਾਭਾ, ਦਰਸ਼ਨ ਸਿੰਘ ਧਨੇਠਾ, ਕਰਮੂਦੀਨ ਮਲੇਰਕੋਟਲਾ, ਮਾ: ਰੁਪਿੰਦਰ ਸਿੰਘ ਕੋਕਰੀ, ਡਾਇਰੈਕਟਰ ਮੇਜਰ ਸਿੰਘ ਛੀਨਾ, ਸਤਪਾਲ ਸਿੰਘ ਦੇਹੜਕਾ, ਹਰਨਰਾਇਣ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਭਜੋਤ ਸਿੰਘ ਧਾਲੀਵਾਲ ਨੂੰ ਵਿਧਾਨ ਸਭਾ ਹਲਕਾ ਗਿੱਲ ਤੋਂ ਕੋਆਰਡੀਨੇਟਰ ਨਿਯੁਕਤ ਕਰਕੇ ਜ਼ਿੰਮੇਵਾਰੀ ਸੰਭਾਲੀ ਅਗਲੀ ਖ਼ਬਰ ਭਾਜਪਾ ਆਗੂਆਂ ਦਾ ਵਫ਼ਦ ਸ਼ਹਿਰ ਦੀਆਂ ਸਮੱਸਿਆਵਾਂ ਸੰਬੰਧੀ ਐੱਸ.ਡੀ.ਐੱਮ. ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।