08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਨਗਰ ਕੌਂਸਲ ਚੋਣਾਂ ਦੀ ਕਾਰਗੁਜ਼ਾਰੀ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ

ਅਜੀਤ ਡੈਸਕ 03-06-2026
ਜਗਰਾਉਂ, 2 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਹਾਲ ਹੀ ਵਿਚ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਅਤੇ ਪਾਰਟੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਦੀ ਇਕ ਵਿਸ਼ੇਸ਼ ਬੈਠਕ ਪਾਰਟੀ ਦੇ ਕੋਰ ਕਮੇਟੀ ਮੈਂਬਰ ਐੱਸ.ਆਰ. ਕਲੇਰ ਦੀ ਅਗਵਾਈ ਹੇਠ ਹੋਈ | ਬੈਠਕ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਬੈਠਕ ਦੌਰਾਨ ਨਗਰ ਕੌਂਸਲ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਅਤੇ ਵੱਖ-ਵੱਖ ਵਾਰਡਾਂ 'ਚ ਮਿਲੇ ਨਤੀਜਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕੀਤਾ ਗਿਆ | ਇਸ ਮੌਕੇ ਐੱਸ.ਆਰ.ਕਲੇਰ ਨੇ ਚੋਣਾਂ ਦੌਰਾਨ ਸਾਹਮਣੇ ਆਈਆਂ ਚੁਣੌਤੀਆਂ, ਕਮਜ਼ੋਰੀਆਂ ਅਤੇ ਭਵਿੱਖ ਵਿਚ ਉਨ੍ਹਾਂ ਨੂੰ ਦੂਰ ਕਰਨ ਲਈ ਲੋੜੀਂਦੇ ਕਦਮਾਂ ਬਾਰੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਪਾਰਟੀ ਦੀ ਮੌਜੂਦਾ ਸਥਿਤੀ ਸਬੰਧੀ ਸਵੈ ਪੜਚੋਲ ਕਰਦਿਆਂ ਇਹ ਵੀ ਵਿਚਾਰਿਆ ਗਿਆ ਕਿ ਆਉਣ ਵਾਲੇ ਸਮੇਂ ਵਿਚ ਜਨਤਾ ਨਾਲ ਸੰਪਰਕ ਨੂੰ ਹੋਰ ਮਜ਼ਬੂਤ ਕਰਨ ਲਈ ਕਿਹੜੀਆਂ ਯੋਜਨਾਵਾਂ ਅਮਲ ਵਿਚ ਲਿਆਂਦੀਆਂ ਜਾਣ | ਸ੍ਰੀ ਕਲੇਰ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਸਲ ਤਾਕਤ ਉਸ ਦਾ ਜ਼ਮੀਨੀ ਪੱਧਰ ਦਾ ਵਰਕਰ ਹੈ, ਜੋ ਹਰ ਸਮੇਂ ਲੋਕਾਂ ਦੇ ਦੁੱਖ-ਸੁੱਖ ਵਿਚ ਸਾਂਝੀਵਾਲ ਬਣਦਾ ਆਇਆ ਹੈ | ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਦੀ ਤਰ੍ਹਾਂ ਆਪਣੇ-ਆਪਣੇ ਵਾਰਡਾਂ ਅਤੇ ਇਲਾਕਿਆਂ ਵਿਚ ਲੋਕਾਂ ਨਾਲ ਨਿਰੰਤਰ ਰਾਬਤਾ ਬਣਾਈ ਰੱਖਣ, ਜਨ ਸਮੱਸਿਆਵਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਯਤਨਸ਼ੀਲ ਰਹਿਣ | ਮੀਟਿੰਗ ਵਿਚ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਪਾਰਟੀ ਦੇ ਪ੍ਰਚਾਰ ਅਤੇ ਪਾਸਾਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਜਾਵੇਗੀ | ਭਾਈ ਗੁਰਚਰਨ ਸਿੰਘ ਗਰੇਵਾਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ, ਪੰਜਾਬੀਅਤ ਅਤੇ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਹੈ ਅਤੇ ਹਰ ਵਰਕਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪਾਰਟੀ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਏ | ਇਸ ਮੌਕੇ ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ, ਸਰਕਲ ਪ੍ਰਧਾਨ ਚਰਨਜੀਤ ਸਿੰਘ ਚੀਨੂ, ਸੀਨੀਅਰ ਅਕਾਲੀ ਆਗੂ ਦੀਪਇੰਦਰ ਸਿੰਘ ਭੰਡਾਰੀ, ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਸੀਨੀਅਰ ਅਕਾਲੀ ਆਗੂ ਹਰਦੇਵ ਸਿੰਘ ਬੌਬੀ, ਪੱਲੇਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਬਿੱਲਾ, ਹਨੀ ਗੋਇਲ, ਜਸਪ੍ਰੀਤ ਸਿੰਘ ਜੱਸੀ ਢਿੱਲੋਂ, ਮਨਜੀਤ ਸਿੰਘ ਫੌਜੀ, ਧਰਮ ਸਿੰਘ, ਧਰਮਿੰਦਰ ਸਿੰਘ ਆਸ਼ਾ, ਬਿਕਰਮਜੀਤ ਸਿੰਘ ਵਿੱਕੀ, ਡਾਕਟਰ ਅਮਰਜੀਤ ਸਿੰਘ, ਕਮਲਦੀਪ ਸਿੰਘ, ਸਤਨਾਮ ਸਿੰਘ, ਬੀਬੀ ਹਰਪਾਲ ਕੌਰ, ਬੀਬੀ ਚਰਨਜੀਤ ਕੌਰ, ਅਸ਼ੋਕ ਕੁਮਾਰ, ਲੇਖਰਾਜ, ਸਰਬਜੀਤ ਸਿੰਘ ਗਰਚਾ, ਸ਼ੰਕਰ, ਬੀਬੀ ਹਰਪ੍ਰੀਤ ਕੌਰ, ਗੁਰਮੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਗਰਾਉਂ ਵਿਖੇ ਲੜਕੀਆਂ 'ਚ ਆਤਮ-ਰੱਖਿਆ ਦਾ ਜਜ਼ਬਾ ਭਰਨ ਲਈ 'ਮਿਸ਼ਨ ਡਿਫੈਂਸ' ਤਹਿਤ 3 ਰੋਜ਼ਾ ਮਾਰਸ਼ਲ ਆਰਟ ਕੈਂਪ ਲਗਾਇਆ ਅਗਲੀ ਖ਼ਬਰ ਕੌਂਸਲਰ ਚੁਣੇ ਵਰਿੰਦਰ ਸਿੰਘ ਕਲੇਰ ਵਲੋਂ ਵਾਰਡ ਵਾਸੀਆਂ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।