28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਪੰਜਾਬ ਹਰਿਆਣਾ ਦਰਸ਼ਕ ਸਰੋਤਾ ਸੰਘ ਦਾ ਛਿਮਾਹੀ ਇਜਲਾਸ ਸਮਾਗਮ ਸਫ਼ਲਤਾਪੂਰਵਕ ਸਮਾਪਤ

ਅਜੀਤ ਡੈਸਕ 17-04-2026
ਜਗਰਾਉਂ, 16 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਇਸ ਵਿਚ ਕੋਈ ਸ਼ੱਕ ਨਹੀਂ ਕਿ ਦੂਰਦਰਸ਼ਨ ਅਤੇ ਆਕਾਸ਼ਵਾਣੀ ਨੇ ਸੂਚਨਾ ਗਿਆਨ ਅਤੇ ਮਨੋਰੰਜਨ ਦੇ ਖੇਤਰ ਵਿਚ ਚੋਖਾ ਯੋਗਦਾਨ ਪਾ ਕੇ ਹਰੇਕ ਵਰਗ ਨੂੰ 21ਵੀਂ ਸਦੀ ਅਤੇ ਏ.ਆਈ. ਦੇ ਯੁੱਗ ਦਾ ਹਾਣੀ ਬਣਾ ਕੇ ਮਨੁੱਖ ਦੇ ਸਮੁੱਚੇ ਜੀਵਨ ਦੀ ਦਸ਼ਾ ਤੇ ਦਿਸ਼ਾ ਵਿਚ ਨਵਾਂ ਮੋੜ ਲਿਆਂਦਾ ਹੈ, ਪਰ ਇਸ ਦੀ ਇਹ ਆਧੁਨਿਕਤਾ ਤੇ ਨਵੀਨਤਾ ਤਾਂ ਹੀ ਸਾਰਥਿਕ ਹੋ ਸਕਦੀ ਹੈ ਜੇਕਰ ਇਸ ਨੂੰ ਰਵਾਇਤੀ ਅਤੇ ਪੁਰਾਤਨ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਸੁਮੇਲ ਕਰਕੇ ਇਸਦਾ ਸੰਤੁਲਨ ਕਾਇਮ ਕੀਤਾ ਜਾਵੇ | ਜਿਨ੍ਹਾਂ ਵਿਚ ਦੂਰਦਰਸ਼ਨ ਜਲੰਧਰ ਤੋਂ ਪੰਜਾਬੀ ਪ੍ਰੋਗਰਾਮ ਤੇ ਰੋਜ਼ਾਨਾ ਲੜੀਵਾਰ ਨਾਟਕ ਅਤੇ ਦਰਸ਼ਕਾਂ ਦੀਆਂ ਚਿੱਠੀਆਂ ਦੇ ਜਵਾਬਾਂ 'ਤੇ ਅਧਾਰਿਤ ਪ੍ਰੋਗਰਾਮ ਦੇ ਪ੍ਰਸਾਰਣ ਕਰਨਾ ਵੀ ਸ਼ਾਮਿਲ ਹੈ | ਇਹ ਵਿਚਾਰ ਪੰਜਾਬ ਹਰਿਆਣਾ ਦਰਸ਼ਕ ਸਰੋਤਾ ਸੰਘ' ਦੇ ਸਰਪ੍ਰਸਤ ਜਗਦੀਸ਼ ਪਾਲ ਮਹਿਤਾ ਅਤੇ ਪ੍ਰਧਾਨ ਗੁਰਮੀਤ ਖਾਨਪੁਰੀ ਨੇ ਇਸ ਸੰਘ ਦੇ ਜਗਰਾਉਂ ਵਿਖ਼ੇ ਹੋਏ ਛਿਮਾਹੀ ਇਜਲਾਸ ਵਿੱਚ ਪ੍ਰਗਟ ਕੀਤੇ | ਇਨ੍ਹਾਂ ਤੋਂ ਇਲਾਵਾ ਜਲੰਧਰ ਦੂਰਦਰਸ਼ਨ ਦੇ ਸਾਬਕਾ ਏ.ਡੀ.ਪੀ. ਜਸਬੀਰ ਸਿੰਘ, ਅਵਤਾਰ ਸਿੰਘ ਬੱਸੀਆਂ, ਕੁਲਦੀਪ ਸਿੰਘ ਚੌਹਾਨ, ਪ੍ਰੇਮ ਸਿੰਘ ਲੋਹਟ, ਬਲਦੇਵ ਸਿੰਘ ਮਲੜ ਨੇ ਵੀ ਇਸ ਸੋਸ਼ਲ ਮੀਡੀਆ ਦੇ ਯੁੱਗ ਵਿਚ ਦੂਰਦਰਸ਼ਨ ਤੇ ਰੇਡੀਓ ਦੀ ਵਰਤਮਾਨ ਭੂਮਿਕਾ ਬਾਰੇ ਮਹੱਤਵਪੂਰਨ ਨੁਕਤੇ ਉਠਾਏ | ਇਜਲਾਸ ਦੌਰਾਨ ਦਰਸ਼ਕ ਸਰੋਤਾ ਸੰਘ ਦੇ ਜਨਰਲ ਸਕੱਤਰ ਅਵਤਾਰ ਸਿੰਘ ਬੱਸੀਆਂ ਨੇ ਦੂਰਦਰਸ਼ਨ ਜਲੰਧਰ ਵਿਚ ਚਿੱਠੀਆਂ ਦੇ ਜਵਾਬ ਦੇ ਅਧਾਰਿਤ ਪ੍ਰੋਗਰਾਮ, ਪੰਜਾਬੀ ਪ੍ਰੋਗਰਾਮ ਤੇ ਲੜੀਵਾਰ ਨਾਟਕਾਂ ਦਾ ਪ੍ਰਸਾਰਣ ਅਤੇ ਪੰਜਾਬੀ ਫਿਲਮਾਂ ਦਾ ਚਿੱਤਰਹਾਰ ਦਾ ਪ੍ਰਸਾਰਣ ਬਹਾਲ ਕਰਨ ਵਰਗੇ ਮਤੇ ਪੇਸ਼ ਕੀਤੇ, ਜੋ ਸਰਬ ਸੰਮਤੀ ਨਾਲ ਪਾਸ ਕੀਤੇ ਗਏ | ਪ੍ਰੋਗਰਾਮ ਦਾ ਆਰੰਭ ਵਰਿੰਦਾਵਨ ਕਿਸ਼ਤੀ ਹਾਦਸੇ ਵਿਚ ਜਗਰਾਉਂ ਦੇ ਆਪਣੀ ਜਾਨ ਗਵਾ ਚੁੱਕੇ ਵਿਅਕਤੀਆਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਜ਼ਲੀ ਭੇਟ ਕੀਤੀ ਗਈ ਅਤੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ | ਇਸ ਤੋਂ ਪਹਿਲਾਂ ਅਵਨਿੰਦਰ ਸਿੰਘ ਨੇ ਗੀਤ, ਜਗਦੀਸ਼ਪਾਲ ਮਹਿਤਾ, ਕੁਲਦੀਪ ਸਿੰਘ ਚੌਹਾਨ ਅਤੇ ਪਰੇਮ ਸਿੰਘ ਲੋਹਟ, ਸਰਬਜੀਤ ਸਿੰਘ ਭੱਟੀ ਨੇ ਕਵਿਤਾ ਪੇਸ਼ ਕੀਤੀ ਅਤੇ ਸਰਪ੍ਰਸਤ ਜਗਦੀਸ਼ ਪਾਲ ਮਹਿਤਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ |
ਇਸ ਸਮਾਗਮ ਦੀ ਪ੍ਰਧਾਨਗੀ ਦੂਰਦਰਸ਼ਨ ਜਲੰਧਰ ਦੇ ਸਾਬਕਾ ਏ.ਡੀ.ਪੀ. ਜਸਬੀਰ ਸਿੰਘ ਨੇ ਕੀਤੀ | ਇਸ ਇਸ ਮੌਕੇ 'ਤੇ ਸੰਸਥਾ ਦੇ ਪ੍ਰਧਾਨ ਗੁਰਮੀਤ ਖਾਨਪੁਰੀ ਨੇ ਐਲਾਨ ਕੀਤਾ ਕਿ ਸੰਸਥਾ ਦਾ ਸਾਲਾਨਾ ਸਮਾਗਮ 'ਦਰਸ਼ਕ ਸਰੋਤਾ ਸੰਘ, ਮੀਡੀਆ ਕਰਮੀ ਸੰਘ' ਇਸ ਸਾਲ 10 ਅਕਤੂਬਰ ਨੂੰ ਜਲੰਧਰ ਵਿਖੇ ਕਰਵਾਇਆ ਜਾਵੇਗਾ | ਜਿਸ ਵਿਚ ਦੂਰਦਰਸ਼ਨ ਅਤੇ ਆਕਾਸ਼ਵਾਣੀ ਦੇ ਮੀਡੀਆ ਕਰਮੀ ਦਰਸ਼ਕ/ਸਰੋਤਿਆਂ ਸੰਘ ਰੂਬਰੂ ਹੋਣਗੇ ਅਤੇ ਇਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਸਟੇਜ਼ ਸਕੱਤਰ ਦੀ ਭੂਮਿਕਾ ਅਵਤਾਰ ਸਿੰਘ ਬੱਸੀਆਂ ਦੇ ਨਿਭਾਈ | ਇਸ ਮੌਕੇ ਪਿ੍ੰਸੀਪਲ ਹਰਬੰਸ ਲਾਲ, ਪਿ੍ੰ: ਸਰਬਜੀਤ ਸਿੰਘ ਭੱਟੀ, ਸਤਪਾਲ ਸਿੰਘ ਖੇੜੀ ਅਤੇ ਸੁਖਜੀਤ ਖਾਨਪੁਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਦਾਰ ਭਰਪੂਰ ਸਿੰਘ ਪਬਲਿਕ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਪਿੰਡ ਭੰਮੀਪੁਰਾ ਕਲਾਂ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।