ਅੱਜ ਤੋਂ ਆੜ੍ਹਤੀਏ ਕਰਨਗੇ ਮੁਕੰਮਲ ਹੜਤਾਲ
ਅਜੀਤ ਡੈਸਕ
01-04-2026
ਰਾਏਕੋਟ, 31 ਮਾਰਚ (ਸੁਸ਼ੀਲ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਆੜ੍ਹਤੀਆਂ ਦੀਆਂ ਮੰਗਾਂ ਨਾ ਮੰਨੇ ਜਾਣ ਤੋਂ ਆੜ੍ਹਤੀਆ ਵਰਗ ਪ੍ਰੇਸ਼ਾਨ ਹੈ | ਅੱਜ ਸਥਾਨਕ ਕਸਬੇ ਵਿਚ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ ਦੀ ਹੋਈ ਮੀਟਿੰਗ ਦੌਰਾਨ ਵੱਖ ਵੱਖ ਆੜ੍ਹਤੀਆਂ ਨੇ ਕਿਹਾ ਕਿ ਜੇ ਕਰ ਸਰਕਾਰ ਉਹਨਾਂ ਦਾ ਕਮਿਸ਼ਨ ਨਹੀਂ ਵਧਾਉਂਦੀ ਤਾਂ ਉਹ 1 ਅਪ੍ਰੈਲ ਤੋਂ ਹੜਤਾਲ 'ਤੇ ਜਾਣਗੇ | ਜਿਕਰਯੋਗ ਹੈ ਕਿ ਆੜਤੀ ਕਮਿਸ਼ਨ 'ਚ ਵਾਧਾ ਤੇ ਉਨ੍ਹਾਂ ਨੂੰ ਈ.ਪੀ.ਐਫ ਫੰਡ ਤੋਂ ਬਾਹਰ ਰੱਖਣ ਦੀ ਮੰਗ ਕਰ ਰਹੇ ਹਨ | ਪ੍ਰਧਾਨ ਸੁਰੇਸ਼ ਗਰਗ ਨੇ ਕਿਹਾ ਕਿ ਉਹਨਾਂ ਦੀ ਮੁੱਖ ਮੰਗ ਕਮਿਸ਼ਨ 2.5% ਕਰਨ ਦੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਕੇਂਦਰ ਸਰਕਾਰ ਵਲੋਂ ਆੜ੍ਹਤੀਆਂ ਦੀ ਆੜ੍ਹਤ ਵਧਾ ਕੇ ਵਾਅਦਾ ਪੂਰਾ ਕਰਨਗੇ, ਪ੍ਰੰਤੂ ਕੁੱਝ ਨਹੀਂ ਹੋਇਆ | ਇਸ ਸੰਬੰਧੀ ਪੰਜਾਬ ਦੇ ਆੜ੍ਹਤੀਆਂ ਵਲੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਵੀ ਮੀਟਿੰਗ ਕੀਤੀ ਗਈ ਸੀ | ਮੀਟਿੰਗ ਦੌਰਾਨ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਜੇਕਰ ਕੇਂਦਰ ਸਰਕਾਰ ਆੜ੍ਹਤੀਆਂ ਦੀਆਂ ਮੰਗਾਂ ਨਹੀਂ ਵੀ ਮੰਨਦੀ ਤਾਂ ਅਸੀਂ ਹਰ ਹਾਲ ਵਿਚ ਉਨ੍ਹਾਂ ਦੀਆਂ ਮੰਗਾਂ ਆਪਣੇ ਪੱਧਰ 'ਤੇ ਪੂਰੀਆਂ ਕਰਾਂਗੇ | ਉਨ੍ਹਾਂ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਵਿਚ ਆੜ੍ਹਤੀਆਂ ਦੀ ਮੰਗ ਮੁਤਾਬਕ ਉਨ੍ਹਾਂ ਨੂੰ ਆੜ੍ਹਤ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਆੜ੍ਹਤੀਆਂ ਨੂੰ ਸਿਵਾਏ ਭਰੋਸਿਆਂ ਦੇ ਕੁਝ ਨਹੀਂ ਮਿਲਿਆ | ਹਾਜ਼ਰ ਸਮੂਹ ਆੜ੍ਹਤੀਆਂ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ 'ਤੇ ਇਕ ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖਰੀਦ ਮੌਕੇ ਮੁਕੰਮਲ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ | ਇਸ ਮੀਟਿੰਗ ਵਿੱਚ ਪ੍ਰਧਾਨ ਸੁਰੇਸ਼ ਗਰਗ, ਸਕੱਤਰ ਰਜਿੰਦਰ ਗੋਇਲ, ਖਜਾਨਚੀ ਕੇਵਲ ਕਿ੍ਸ਼ਨ ਮਾਣੂੰਕੇ, ਨਿਰਮਲ ਸਿੰਘ ਵਿਰਕ, ਰਜਿੰਦਰ ਬਾਂਸਲ, ਸੋਨੀ ਬਾਂਸਲ, ਮੇਜਰ ਸਿੰਘ ਗਿੱਲ, ਸੰਜੀਵ ਕੁਮਾਰ, ਰਾਜ ਕੁਮਾਰ ਛਾਪਾ, ਸੁਨੀਲ ਬਾਂਸਲ ਆਦਿ ਸ਼ਾਮਿਲ ਸਨ |