18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪਿੰਡ ਤਾਜਪੁਰ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਚੋਣ ਦੂਜੀ ਵਾਰ ਫਿਰ ਹੋਈ ਰੱਦ, ਪਿੰਡ ਵਾਸੀਆਂ 'ਚ ਰੋਸ

ਅਜੀਤ ਡੈਸਕ 27-03-2026
ਰਾਏਕੋਟ, 26 ਮਾਰਚ (ਸੁਸ਼ੀਲ)-ਪਿੰਡ ਤਾਜਪੁਰ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਿਟਿਡ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਅੱਜ ਦੂਜੀ ਵਾਰ ਰੱਦ ਹੋ ਜਾਣ ਕਾਰਨ ਪਿੰਡ ਵਾਸੀਆਂ ਅਤੇ ਸਭਾ ਦੇ ਮੈਂਬਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਪਿੰਡ ਤਾਜਪੁਰ ਦੀ ਸਹਿਕਾਰੀ ਸਭਾ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਪਹਿਲਾਂ 6 ਮਾਰਚ ਨੂੰ ਹੋਣੀ ਤੈਅ ਕੀਤੀ ਗਈ ਸੀ, ਪ੍ਰੰਤੂ ਸਹਾਇਕ ਰਿਟਰਨਿੰਗ ਅਫ਼ਸਰ ਸੁਰਿੰਦਰਪਾਲ ਸਿੰਘ ਦੇ ਅਚਾਨਕ ਛੁੱਟੀ 'ਤੇ ਚਲੇ ਜਾਣ ਅਤੇ ਰਿਟਰਨਿੰਗ ਅਫ਼ਸਰ ਸਾਬਰ ਅਲੀ ਦੀ ਸਿਹਤ ਖਰਾਬ ਹੋਣ ਕਾਰਨ ਐਨ ਮੌਕੇ 'ਤੇ ਇਹ ਚੋਣ ਰੱਦ ਕਰਕੇ 24 ਮਾਰਚ ਨੂੰ ਦੋਬਾਰਾ ਚੋਣ ਕਰਵਾਉਣ ਦਾ ਸਮਾਂ ਤੈਅ ਕੀਤਾ ਗਿਆ ਸੀ | ਪ੍ਰੰਤੂ ਅੱਜ ਵੀ ਇਹ ਚੋਣ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੁੜ ਤੋਂ ਰੱਦ ਕਰ ਦਿੱਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਿਟਰਨਿੰਗ ਅਫਸਰ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਚੋਣ ਲਈ ਵਿਭਾਗ ਵਲੋਂ ਪੁਲਿਸ ਵਿਭਾਗ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਸੀ ਲੇਕਿਨ ਅੱਜ ਪੁਲਿਸ ਵਿਭਾਗ ਵਲੋਂ ਸੁਰੱਖਿਆ ਬਲਾਂ ਦੀ ਹੋਰ ਜਗ੍ਹਾ 'ਤੇ ਡਿਊਟੀ ਦਾ ਹਵਾਲਾ ਦੇ ਕੇ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਆਪਣੀ ਅਸਮਰਥਤਾ ਜਤਾਈ ਗਈ, ਜਿਸ ਕਾਰਨ ਇਹ ਚੋਣ ਅੱਜ ਫੇਰ ਮੁਲਤਵੀ ਕਰਨੀ ਪਈ ਹੈ | ਚੋਣ ਲਗਾਤਾਰ ਦੂਜੀ ਵਾਰ ਮੁਲਤਵੀ ਕੀਤੇ ਜਾਣ 'ਤੇ ਸਰਪੰਚ ਧੜੇ ਦੇ ਆਗੂ ਬਲਜੀਤ ਸਿੰਘ ਨੇ ਦੋਸ਼ ਲਗਾਇਆ ਕਿ ਸੱਤ੍ਹਾਧਾਰੀ ਧਿਰ ਦੇ ਆਗੂ ਪਿਛਲੇ ਦੋ ਸਾਲਾਂ ਤੋਂ ਚੋਣ ਪ੍ਰਕਿਰਿਆ ਵਿਚ ਦਖ਼ਲ ਦੇ ਰਹੇ ਹਨ | ਉਨ੍ਹਾਂ ਕਿਹਾ ਕਿ 12 ਦਸੰਬਰ 2024 ਨੂੰ ਵੀ ਉਨ੍ਹਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ ਅਤੇ ਉਨ੍ਹਾਂ ਦੇ ਸਮਰਥਕਾਂ 'ਤੇ ਦਬਾਅ ਬਣਾਇਆ ਗਿਆ ਸੀ | ਉਨ੍ਹਾਂ ਦੇ ਮੁਤਾਬਕ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਹਾਈਕੋਰਟ ਨੇ ਵੀਡੀਓਗ੍ਰਾਫੀ ਨਾਲ ਚੋਣ ਕਰਵਾਉਣ ਦੇ ਹੁਕਮ ਜਾਰੀ ਕੀਤੇ ਸਨ, ਪਰ ਅਧਿਕਾਰੀਆਂ ਦੀ ਗੈਰਹਾਜ਼ਰੀ ਕਾਰਨ ਚੋਣ ਨਹੀਂ ਹੋ ਸਕੀ ਅਤੇ ਅੱਜ ਸੁਰੱਖਿਆ ਮੁਹੱਈਆ ਨਾ ਕਰਵਾਏ ਜਾਣ ਦਾ ਬਹਾਨਾ ਬਣਾ ਕੇ ਫਿਰ ਤੋਂ ਚੋਣ ਮੁਲਤਵੀ ਕਰ ਦਿੱਤੀ ਗਈ ਹੈ | ਬਲਜੀਤ ਸਿੰਘ ਜੀਤਾ ਅਤੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਹਾਈਕੋਰਟ ਦੇ ਹੁਕਮਾਂ ਦੀ ਸਿੱਧੀ ਉਲੰਘਣਾ ਹੈ, ਜੇਕਰ ਸਰਕਾਰ ਵਲੋਂ ਇਸੇ ਤਰ੍ਹਾਂ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕੀਤੀ ਜਾਂਦੀ ਰਹੀ ਤਾਂ ਉਹ ਇਸ ਮਾਮਲੇ ਨੂੰ ਮੁੜ ਅਦਾਲਤ ਵਿਚ ਲੈ ਕੇ ਜਾਣ ਲਈ ਮਜ਼ਬੂਰ ਹੋਣਗੇ | ਦੂਜੇ ਪਾਸੇ ਸਹਾਇਕ ਰਜਿਸਟਰਾਰ ਨਿਖਿਲ ਗਰਗ ਨੇ ਕਿਹਾ ਪੁਲਿਸ ਵਿਭਾਗ ਵਲੋਂ ਸੁਰੱਖਿਆ ਮੁਹੱਈਆ ਕਰਵਾਉਣ ਵਿਚ ਅਸਮਰਥਤਾ ਜਿਤਾਉਣ ਕਾਰਨ ਇਹ ਚੋਣ ਮੁਲਤਵੀ ਕੀਤੀ ਗਈ ਹੈ ਅਤੇ ਹੁਣ ਇਹ ਚੋਣ 10 ਅਪ੍ਰੈਲ ਕਰਵਾਈ ਨੂੰ ਕਰਵਾਈ ਜਾਵੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਬਲਜੀਤ ਸਿੰਘ ਜੀਤਾ, ਪੰਚ ਗੁਰਚਰਨ ਸਿੰਘ, ਪੰਚ ਤੇਜਵਿੰਦਰ ਸਿੰਘ, ਪੰਚ ਰਣਜੀਤ ਸਿੰਘ, ਪੰਚ ਜਗਦੇਵ ਸਿੰਘ ਨਿੱਕਾ, ਬਲਾਕ ਸੰਮਤੀ ਗੁਲਵੰਤ ਸਿੰਘ, ਜਗਦੇਵ ਸਿੰਘ ਜੱਗਾ, ਮੋਹਣ ਸਿੰਘ, ਮਨਜੀਤ ਸਿੰਘ ਝੱਲੀ, ਰਣਜੀਤ ਸਿੰਘ ਝੱਲੀ, ਇੰਦਰਜੀਤ ਸਿੰਘ, ਅਮਨਦੀਪ ਸਿੰਘ, ਨਾਜਰ ਸਿੰਘ, ਮੇਜਰ ਸਿੰਘ, ਬਲਵੀਰ ਸਿੰਘ, ਗੁਰਜੰਟ ਸਿੰਘ ਬਾਬਾ, ਨਾਇਬ ਸਿੰਘ, ਲਾਲ ਸਿੰਘ, ਜਗਮੇਲ ਸਿੰਘ, ਰਘਵੀਰ ਸਿੰਘ, ਮਨਦੀਪ ਸਿੰਘ ਦੀਪਾ ਸਿੰਘ, ਨਾਇਬ ਸਿੰਘ, ਬਹਾਦਰ ਸਿੰਘ, ਮੰਨਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ |
ਪਿਛਲੀ ਖ਼ਬਰ ਸੀ ਪਾਇਟ ਕੈਂਪ ਸ਼ਹੀਦਗੜ੍ਹ ਵਿਖੇ ਅਗਨੀਵੀਰ ਜਨਰਲ ਡਿਊਟੀ, ਟਰੇਡਮੈਨ ਤੇ ਕਲਰਕ ਦੀ ਭਰਤੀ ਲਈ ਲਿਖਤੀ ਤੇ ਫਿਜ਼ੀਕਲ ਤਿਆਰੀ ਲ... ਅਗਲੀ ਖ਼ਬਰ 'ਆਪ' ਸਰਕਾਰ ਨੇ ਪੰਜਾਬ ਨੂੰ ਨਸ਼ੇ ਅਤੇ ਗੈਂਗਸਟਰਵਾਦ ਵੱਲ ਧੱਕਿਆ-ਮਨੀਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।