18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਪਿੰਡ ਬੱਸੀਆਂ ਦੇ ਐੱਨ.ਆਰ.ਆਈ. ਪਰਿਵਾਰ ਵਲੋਂ ਵੱਖ-ਵੱਖ ਗੁਰੂਘਰਾਂ ਦੇ 5 ਗ੍ਰੰਥੀ ਸਿੰਘਾਂ ਨੂੰ ਮੋਟਰਸਾਈਕਲਾਂ ਤੇ ਇਕ ਗ੍ਰੰਥੀ ਸਿੰਘ ਨੂੰ ਸਵਿਫ਼ਟ ਕਾਰ ਨਾਲ ਕੀਤਾ ਸਨਮਾਨਿਤ

ਅਜੀਤ ਡੈਸਕ 02-02-2026
ਰਾਏਕੋਟ, 1 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਨਜ਼ਦੀਕੀ ਪਿੰਡ ਬੱਸੀਆਂ ਦੇ ਇਕ ਐੱਨ.ਆਰ.ਆਈ ਤੇ ਸਮਾਜ ਸੇਵੀ ਪਰਿਵਾਰ ਵਲੋਂ ਕੀਤੇ ਨੇਕ ਉਪਰਾਲੇ ਦੀ ਪੂਰੇ ਇਲਾਕੇ ਵਿਚ ਪ੍ਰਸੰਸਾ ਕੀਤੀ ਜਾ ਰਹੀ ਹੈ, ਜਿੰਨ੍ਹਾਂ ਵਲੋਂ ਪਿੰਡ ਬੱਸੀਆਂ ਵਿਚਲੇ ਅੱਧੀ ਦਰਜਨ ਦੇ ਕਰੀਬ ਗੁਰੂਘਰਾਂ ਦੇ ਵਜ਼ੀਰ ਵਜੋਂ ਜਾਣੇ ਜਾਂਦੇ ਗ੍ਰੰਥੀ ਸਿੰਘਾਂ ਨੂੰ ਮੋਟਰਸਾਈਕਲਾਂ ਤੇ ਕਾਰ ਭੇਟ ਕਰਕੇ ਹੌਂਸਲਾ ਅਫਜ਼ਾਈ ਕੀਤੀ, ਉੱਥੇ ਹੀ ਗੁਰੂਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ | ਦਰਅਸਲ ਪਿੰਡ ਬੱਸੀਆਂ ਦੇ ਵਸਨੀਕ ਮਨਜੀਤ ਸਿੰਘ ਦੇ ਉੱਜਵਲ ਭਵਿੱਖ ਅਤੇ ਰੁਜ਼ਗਾਰ ਦੀ ਭਾਲ ਲਈ ਸਪੇਨ ਗਏ ਪੁੱਤਰਾਂ ਮਨਦੀਪ ਸਿੰਘ ਕੈਲੇ ਤੇ ਸੰਦੀਪ ਸਿੰਘ ਕੈਲੇ ਨੇ ਆਪਣੇ ਘਰ ਵਿਚ ਪਰਿਵਾਰ ਦੀ ਚੜ੍ਹਦੀ ਕਲਾ ਤੇ ਸੁੱਖ-ਸ਼ਾਂਤੀ ਲਈ ਪਰਮਾਤਮਾ ਦਾ ਓਟ ਆਸਰਾ ਲੈਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ | ਇਸ ਦੌਰਾਨ ਐੱਨ.ਆਰ.ਆਈ. ਤੇ ਸਮਾਜ ਸੇਵੀ ਮਨਦੀਪ ਸਿੰਘ ਨੇ ਪਿੰਡ ਵਿਚਲੇ ਸਾਰੇ ਗੁਰੂਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਆਵਾਜਾਈ ਦੀ ਸਹੂਲਤ ਪ੍ਰਦਾਨ ਕਰਨ ਲਈ ਵਹੀਕਲਾਂ ਨਾਲ ਸਨਮਾਨਿਤ ਕਰਨ ਦੇ ਮਨ ਵਿਚ ਆਏ ਵਿਚਾਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਸ਼ਾਂਝਾ ਕੀਤਾ, ਜਿਸ ਉੱਪਰ ਪਿਤਾ ਮਨਜੀਤ ਸਿੰਘ ਤੇ ਮਾਤਾ ਤੋਂ ਇਲਾਵਾ ਭੈਣ ਅਮਨਦੀਪ ਕੌਰ ਤੇ ਭਣੋਈਏ ਹਰਪ੍ਰੀਤ ਸਿੰਘ ਸਪੇਨ ਨੇ ਖੁਸ਼ੀ ਨਾਲ ਸਹਿਮਤੀ ਪ੍ਰਗਟਾਈ | ਉਪਰੰਤ ਐੱਨ.ਆਰ.ਆਈ ਮਨਦੀਪ ਸਿੰਘ ਕੈਲੇ ਨੇ ਪਿੰਡ ਵਿਚਲੇ ਪੰਜ ਗੁਰੂ ਘਰਾਂ ਦੇ ਗ੍ਰੰਥੀ ਸਿੰਘਾਂ ਨੂੰ ਨਵੇਂ ਪਲੈਟੀਨਾ ਮੋਟਰਸਾਈਕਲਾਂ ਅਤੇ ਆਪਣੇ ਘਰਾਂ ਕੋਲ ਸਥਿਤ ਗੁਰਦੁਆਰਾ ਸਿੰਘ ਸਭਾ ਦੇ ਗ੍ਰੰਥੀ ਭਾਈ ਗੁਰਜੰਟ ਸਿੰਘ ਨੂੰ ਨਵੀਂ ਸਵਿਫ਼ਟ ਕਾਰ ਨਾਲ ਸਤਿਕਾਰ ਸਹਿਤ ਸਨਮਾਨਿਤ ਕੀਤਾ | ਐੱਨ.ਆਰ.ਆਈ ਪਰਿਵਾਰ ਨੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸਮੇਂ ਜਿੱਥੇ ਢਾਡੀ ਜੱਥਿਆਂ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਵਾਇਆ, ਉੱਥੇ ਹੀ ਗੱਤਕਾ ਜਥੇ ਬੁਲਾ ਕੇ ਖਾਲਸਾਈ ਜੋਸ਼ ਦੇ ਪ੍ਰਤੀਕ ਗੱਤਕਾ ਦੇ ਜ਼ੌਹਰ ਵੀ ਦਿਖਾਏ | ਇਸ ਮੌਕੇ ਭਾਈ ਗੁਰਦੀਪ ਸਿੰਘ ਹੈੱਡ ਗ੍ਰੰਥੀ ਗੁ.ਬਾਬੇ ਸ਼ਹੀਦ ਸਿੰਘਾਂ, ਭਾਈ ਰਾਜਵਿੰਦਰ ਸਿੰਘ ਹੈੱਡ ਗ੍ਰੰਥੀ ਗੁ.ਭਗਤ ਰਵਿਦਾਸ ਜੀ, ਭਾਈ ਸਿਮਰਨਦੀਪ ਸਿੰਘ ਹੈੱਡ ਗ੍ਰੰਥੀ ਗੁ.ਸਤਰੰਜਸਰ ਸਾਹਿਬ, ਭਾਈ ਸ਼ਿੰਦਰ ਸਿੰਘ ਹੈੱਡ ਗ੍ਰੰਥੀ ਗੁ.ਵਿਸ਼ਵਕਰਮਾ ਸਾਹਿਬ, ਭਾਈ ਪਾਲ ਸਿੰਘ ਹੈੱਡ ਗ੍ਰੰਥੀ ਗੁ.ਸ਼ਹੀਦ ਬਾਬਾ ਜੀਵਨ ਸਿੰਘ ਜੀ (5 ਗ੍ਰੰਥੀ ਸਿੰਘਾਂ ਨੂੰ ਪਲੈਟੀਨਾ ਮੋਟਰਸਾਈਕਲਾਂ), ਜਦਕਿ ਭਾਈ ਗੁਰਜੰਟ ਸਿੰਘ ਹੈੱਡ ਗ੍ਰੰਥੀ ਗੁ.ਸਿੰਘ ਸਭਾ ਨੂੰ ਇਕ ਨਵੀਂ ਸਵਿਫ਼ਟ ਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ |
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਤੇ ਨਗਰ ਕੀਰਤਨ ਸਜਾਏ ਅਗਲੀ ਖ਼ਬਰ ਵਣ ਵਿਭਾਗ ਦਫ਼ਤਰ ਅਲੀਗੜ੍ਹ (ਜਗਰਾਉਂ) ਜੁਲਾਈ ਮਹੀਨੇ ਬੂਟੇ ਵੰਡੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।