ਜਗਰਾਉਂ, 21 ਜਨਵਰੀ (ਗੁਰਦੀਪ ਸਿੰਘ ਮਲਕ)-ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੱਤ੍ਹਾ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਆਗੂਆਂ 'ਤੇ ਜਾਇਜ਼, ਨਾਜਾਇਜ਼ ਤਰੀਕੇ ਵਰਤ ਕੇ ਕਰੋੜਾਂ ਦੀਆਂ ਜਾਇਦਾਦਾਂ ਤੇ ਕਾਰੋਬਾਰ ਖੜ੍ਹੇ ਕਰਨ ਦਾ ਦੋਸ਼ ਲਾਇਆ ਹੈ | ਉਨ੍ਹਾਂ ਕਾਂਗਰਸ ਸਰਕਾਰ ਬਣਨ 'ਤੇ ਇਸ ਦੀ ਜਾਂਚ ਕਰਵਾਉਣ ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਵੀ ਐਲਾਨ ਕੀਤਾ | ਇਥੇ ਕਾਂਗਰਸੀ ਆਗੂ ਰਾਜੇਸ਼ਇੰਦਰ ਸਿੰਘ ਸਿੱਧੂ ਦੇ ਗ੍ਰਹਿ ਵਿਖੇ ਰੱਖੇ ਸਮਾਗਮ 'ਚ ਬੋਲਦਿਆਂ ਸ੍ਰੀ ਬਾਜਵਾ ਨੇ ਕਿਹਾ ਕਿ ਇਕ-ਦੋ ਕਮਰਿਆਂ 'ਚ ਰਹਿਣ ਵਾਲੇ ਸੱਤ੍ਹਾ ਧਿਰ ਦੇ ਵਿਧਾਇਕ ਅੱਜ ਦੋ-ਦੋ ਏਕੜ 'ਚ ਕੋਠੀਆਂ ਬਣਾ ਕੇ ਬੈਠੇ ਹਨ | ਇਸ ਤੋਂ ਇਲਾਵਾ ਇੰਨ੍ਹਾਂ ਨੇ ਕਰੋੜਾਂ ਦੇ ਹੋਰ ਕਾਰੋਬਾਰ ਸ਼ੁਰੂ ਕੀਤੇ ਹਨ | ਉਨ੍ਹਾਂ ਆਖਿਆ ਕਿ ਵਾਅਦਾ ਤਾਂ ਨਸ਼ੇ ਖ਼ਤਮ ਕਰਨ ਦਾ ਵੀ ਕੀਤਾ ਸੀ ਜਦਕਿ ਨਸ਼ਾ ਹੁਣ ਪਹਿਲਾਂ ਨਾਲੋਂ ਸੌਖਾ ਮਿਲ ਰਿਹਾ ਹੈ | ਉਨ੍ਹਾਂ ਇਲਾਕੇ ਦੇ ਪਿੰਡ ਸ਼ੇਰੇਵਾਲ ਦੀ ਅÏਰਤ ਸ਼ਿੰਦਰ ਕੌਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਮਾਂ ਨੇ ਆਪਣੇ ਪਤੀ ਤੋਂ ਇਲਾਵਾ ਛੇ ਪੁੱਤ ਨਸ਼ੇ ਕਰਕੇ ਗੁਆਏ ਹਨ ਤੇ ਸਰਕਾਰ ਇਸ ਬਾਰੇ ਜਵਾਬ ਦੇਵੇ | ਇਸ ਸਮੇਂ ਸ੍ਰੀ ਬਾਜਵਾ ਨੇ ਜਗਰਾਉਂ ਤੋਂ ਟਿਕਟ ਦੇ ਕਈ ਚਾਹਵਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਰਟੀ ਜਿਸਨੂੰ ਵੀ ਟਿਕਟ ਦੇਵੇ ਵਰਕਰਾਂ ਦਾ ਫਰਜ਼ ਬਣਦਾ ਕਿ ਉਸ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਾਉਣ |