ਜਗਰਾਉਂ, 20 ਜਨਵਰੀ (ਸ਼ਮਸ਼ੇਰ ਸਿੰਘ ਗਾਲਿਬ)-ਪਿੰਡ ਕਮਾਲਪੁਰਾ ਦੇ ਵਿਦੇਸ਼ਾਂ 'ਚ ਵਸਦੇ ਪਿੰਡ ਦੇ ਦਾਨੀ ਸੱਜਣਾਂ ਵਲੋਂ ਸਰਕਾਰੀ ਕੰਨਿਆ ਹਾਈ ਸਕੂਲ ਕਮਾਲਪੁਰਾ ਦੀ ਬਿਹਤਰੀ ਲਈ ਸਰਗਰਮੀ ਕਰਦਿਆਂ ਸਕੂਲ ਨੂੰ ਇਕ ਇਨਵਰਟਰ, ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਜੈਕਟਾਂ ਅਤੇ ਸਟੇਸ਼ਨਰੀ ਦਿੱਤੀ ਗਈ | ਸਕੂਲ ਦੇ ਸਮੂਹ ਸਟਾਫ਼ ਨੇ ਪ੍ਰਵਾਸੀ ਪੰਜਾਬੀਆਂ ਦਾ ਧੰਨਵਾਦ ਕੀਤਾ | ਇਹ ਕਾਰਜ ਸੂਬੇਦਾਰ ਮੇਜਰ ਸਿੰਘ ਆਸਟ੍ਰੇਲੀਆ, ਕੁਲਦੀਪ ਸਿੰਘ ਆਸਟ੍ਰੇਲੀਆ, ਬਲਦੇਵ ਸਿੰਘ ਕੈਨੇਡਾ, ਦਵਿੰਦਰ ਸਿੰਘ ਲਖੂਕੇ, ਤਲਵਿੰਦਰ ਸਿੰਘ ਕੈਨੇਡਾ, ਸ: ਵਕੀਲ ਬਾਸੀ, ਅਮਰਜੀਤ ਸਿੰਘ ਅਮਰੀਕਾ, ਗੁਰਦੇਵ ਸਿੰਘ ਚੀਮਾ, ਬਲਵਿੰਦਰ ਸਿੰਘ ਸਿੱਧੂ ਚੀਮਾ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਇਹ ਮੌਕੇ ਜਸਪਾਲ ਸਿੰਘ ਹੰਸਰਾ ਨੇ ਦੱਸਿਆ ਕਿ ਅਸੀਂ ਪਿੰਡ 'ਚ ਖੇਡਾਂ ਦੇ ਨਾਲ-ਨਾਲ ਵਿੱਦਿਆ ਦੇ ਖੇਤਰ 'ਚ ਵੀ ਹਰ ਸਾਲ ਯੋਗਦਾਨ ਪਾਉਣ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਸਕੂਲ ਨੂੰ ਹੋਰ ਸਹਾਇਤਾ ਵੀ ਕੀਤੀ ਜਾਵੇਗੀ | ਸੀਨੀਅਰ ਟੀਚਰਜ਼ ਫੋਰਮ ਦੇ ਬੁਲਾਰੇ ਜੋਗਿੰਦਰ ਆਜ਼ਾਦ, ਪੈਨਸ਼ਨਰਜ਼ ਫਰੰਟ ਇਲਾਕਾ ਜਗਰਾਉਂ ਦੇ ਪ੍ਰਧਾਨ ਅਸ਼ੋਕ ਭੰਡਾਰੀ ਅਤੇ ਡੀ.ਟੀ.ਐੱਫ. ਦੇ ਜ਼ਿਲ੍ਹਾ ਉੱਪ ਪ੍ਰਧਾਨ ਦਵਿੰਦਰ ਸਿੰਘ ਨੇ ਇਸ ਨੇਕ ਕੰਮ ਦੀ ਸ਼ਲਾਘਾ ਕੀਤੀ |