ਦਸੂਹਾ, 17 ਜੁਲਾਈ (ਭੁੱਲਰ)- ਤਿੰਨ ਅਣਪਛਾਤੇ ਸਕਾਰਪੀਓ ਸਵਾਰ ਵਿਅਕਤੀਆਂ ਵਲੋਂ ਉੱਚੀ ਬੱਸੀ ਵਿਖੇ ਸਰੀਏ ਨਾਲ ਲੱਦਿਆ ਟਰੱਕ ਲੈ ਕੇ ਫ਼ਰਾਰ ਹੋ ਗਏ। ਇਸ ਸਬੰਧੀ ਐੱਸ.ਐੱਚ.ਓ. ਦਲਜੀਤ ਸਿੰਘ ਅਤੇ ਜਾਂਚ ਅਧਿਕਾਰੀ ਏ.ਐੱਸ.ਆਈ. ਰਕੇਸ਼ ਕੁਮਾਰ ਨੇ ਦੱਸਿਆ ਕਿ ਜਤਿੰਦਰ ਪੁੱਤਰ ਮਹਾਂਵੀਰ ਸਿੰਘ ਉੱਤਰ ਪ੍ਰਦੇਸ਼ ਨੇ ਪੁਲਿਸ ਨੂੰ ਬਿਆਨ ਰਾਹੀਂ ਦੱਸਿਆ ਕਿ ਉਹ 25 ਐਮ. ਐਮ. ਦਾ ਸਰੀਆ 41.580 ਟਨ ਲੈ ਕੇ ਲਦਾਖ਼ ਨੂੰ ਜਾ ਰਿਹਾ ਸੀ ਜਦੋਂ ਉਹ ਉੱਚੀ ਬੱਸੀ ਨਜ਼ਦੀਕ ਪਹੁੰਚਿਆ ਤਾਂ ਸਕਾਰਪੀਓ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਨੇ ਸਕਾਰਪੀਓ ਟਰਾਲੇ ਦੇ ਮੂਹਰੇ ਲਾ ਕੇ ਉਸ ਨੂੰ ਰੋਕ ਲਿਆ ਅਤੇ ਉਸ ਦੀ ਗੱਡੀ ਵਿਚ ਚੜ੍ਹ ਗਏ। ਇਕ ਵਿਅਕਤੀ ਨੇ ਟਰਾਲੇ ਨੂੰ ਪਿੱਛੇ ਨੂੰ ਮੋੜ ਲਿਆ ਜਦਕਿ ਦੋ ਵਿਅਕਤੀ ਉਸ ਨੂੰ ਡਰਾ ਧਮਕਾ ਕੇ ਟਰਾਲੇ ਸਮੇਤ ਵਾਪਸ ਲੈ ਗਏ। ਜਦੋਂ ਉਹ ਕਸਬਾ ਘਨੌਲੀ ਰੋਪੜ ਨਜ਼ਦੀਕ ਪਹੁੰਚੇ ਤਾਂ ਉੱਥੇ ਉਨ੍ਹਾਂ ਨੇ ਉਸ ਨੂੰ ਟਰਾਲੇ ਤੋਂ ਉਤਾਰ ਦਿੱਤਾ ਤੇ ਆਪ ਟਰਾਲੇ ਸਮੇਤ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਡਰਾਈਵਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪੁਲਿਸ ਪਾਰਟੀਆਂ ਟਰਾਲੇ ਦੀ ਭਾਲ ਵਿਚ ਜੁੱਟ ਗਈਆਂ ਹਨ।