15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ’ਚ ਛੇਵੀਂ ਜਮਾਤ ਵਿੱਚ ਦਾਖ਼ਲੇ ਲਈ ਆਨਲਾਈਨ ਰਜਿਸਟਰੇਸ਼ਨ ਸ਼ੁਰੂ

ਅਜੀਤ ਡੈਸਕ 10-07-2026

ਹੁਸ਼ਿਆਰਪੁਰ, 9 ਜੁਲਾਈ (ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿੱਚ ਵਿੱਦਿਅਕ ਸੈਸ਼ਨ 2027-28 ਲਈ ਛੇਵੀਂ ਜਮਾਤ ਵਿੱਚ ਦਾਖ਼ਲੇ ਵਾਸਤੇ ਆਨਲਾਈਨ ਰਜਿਸਟਰੇਸ਼ਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮੌਜੂਦਾ ਵਿੱਦਿਅਕ ਸੈਸ਼ਨ 2026-27 ਦੌਰਾਨ ਪੰਜਵੀਂ ਜਮਾਤ ਵਿੱਚ ਪੜ੍ਹ ਰਹੇ ਯੋਗ ਵਿਦਿਆਰਥੀ 31 ਜੁਲਾਈ ਤੱਕ ਆਨਲਾਈਨ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨੈਕਾਰ ਦੇ ਮਾਤਾ-ਪਿਤਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਥਾਈ ਵਸਨੀਕ ਹੋਣੇ ਚਾਹੀਦੇ ਹਨ। ਵਿਦਿਆਰਥੀ ਨੇ ਤੀਜੀ ਅਤੇ ਚੌਥੀ ਜਮਾਤ ਦੀ ਪੜ੍ਹਾਈ ਨਿਯਮਿਤ ਤੌਰ ’ਤੇ ਪੂਰੀ ਕੀਤੀ ਹੋਵੇ ਅਤੇ ਇਸ ਸਮੇਂ ਪੰਜਵੀਂ ਜਮਾਤ ਵਿੱਚ ਪੜ੍ਹ ਰਿਹਾ ਹੋਵੇ। ਬਿਨੈਕਾਰ ਦੀ ਜਨਮ ਮਿਤੀ 1 ਮਈ 2015 ਤੋਂ 31 ਜੁਲਾਈ 2017 ਦੇ ਵਿਚਕਾਰ ਹੋਣੀ ਚਾਹੀਦੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੋਰ ਪੱਛੜੀਆਂ ਸ਼੍ਰੇਣੀਆਂ (ਓ.ਬੀ.ਸੀ.) ਨਾਲ ਸਬੰਧਤ ਬਿਨੈਕਾਰ ਅਰਜ਼ੀ ਦੇਣ ਤੋਂ ਪਹਿਲਾਂ ਇਹ ਯਕੀਨੀ ਬਣਾ ਲੈਣ ਕਿ ਉਨ੍ਹਾਂ ਦਾ ਨਾਮ ਪੰਜਾਬ ਦੀ ਕੇਂਦਰੀ ਓ.ਬੀ.ਸੀ. ਸੂਚੀ ਵਿੱਚ ਸ਼ਾਮਲ ਹੈ। ਜੇਕਰ ਨਾਮ ਕੇਂਦਰੀ ਸੂਚੀ ਵਿੱਚ ਸ਼ਾਮਲ ਨਹੀਂ ਹੈ ਤਾਂ ਉਨ੍ਹਾਂ ਨੂੰ ਅਣਰਾਖਵੀਂ (ਯੂ.ਆਰ.) ਸ਼੍ਰੇਣੀ ਅਧੀਨ ਅਰਜ਼ੀ ਦੇਣੀ ਹੋਵੇਗੀ। ਉਨ੍ਹਾਂ ਕਿਹਾ ਕਿ ਦਾਖ਼ਲੇ ਲਈ ਚੋਣ ਪ੍ਰੀਖਿਆ 28 ਨਵੰਬਰ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੇ ਨਿਰਧਾਰਤ ਪ੍ਰੀਖਿਆ ਕੇਂਦਰਾਂ ’ਤੇ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮਾਪੇ ਅਤੇ ਬਿਨੈਕਾਰ ਅਰਜ਼ੀ ਦੇਣ ਤੋਂ ਪਹਿਲਾਂ ਪ੍ਰਾਸਪੈਕਟਸ ਵਿੱਚ ਦਰਜ ਸਾਰੀਆਂ ਸ਼ਰਤਾਂ ਨੂੰ ਧਿਆਨ ਨਾਲ ਪੜ੍ਹਣ। ਪ੍ਰਾਸਪੈਕਟਸ ਨਵੋਦਿਆ ਵਿਦਿਆਲਿਆ ਸੰਮਤੀ ਦੀ ਵੈਬਸਾਈਟ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਰਜ਼ੀ ਭਰਨ ਸਮੇਂ ਵਿਦਿਆਰਥੀ ਦੀ ਫੋਟੋ, ਮਾਤਾ ਜਾਂ ਪਿਤਾ ਅਤੇ ਬਿਨੈਕਾਰ ਦੇ ਦਸਤਖ਼ਤ, ਸ਼੍ਰੇਣੀ ਸਰਟੀਫਿਕੇਟ (ਜੇਕਰ ਲਾਗੂ ਹੋਵੇ) ਅਤੇ ਆਧਾਰ ਵੇਰਵਾ ਜਾਂ ਸਮਰੱਥ ਅਥਾਰਟੀ ਵੱਲੋਂ ਜਾਰੀ ਰਿਹਾਇਸ਼ ਸਰਟੀਫਿਕੇਟ ਨਾਲ ਸਬੰਧਤ ਦਸਤਾਵੇਜ਼ ਜੇ.ਪੀ.ਜੀ ਫਾਰਮੈਟ ਵਿੱਚ ਤਿਆਰ ਰੱਖਣੇ ਹੋਣਗੇ। ਉਨ੍ਹਾਂ ਦੱਸਿਆ ਕਿ ਅਰਜ਼ੀ ਦੌਰਾਨ ਰਾਜ, ਜ਼ਿਲ੍ਹਾ, ਬਲਾਕ, ਆਧਾਰ ਨੰਬਰ, ਅਪਾਰ ਆਈ.ਡੀ, ਪਰਮਾਨੈਂਟ ਐਜੂਕੇਸ਼ਨ ਨੰਬਰ (ਪੀ.ਈ.ਐਨ) ਸਮੇਤ ਹੋਰ ਲੋੜੀਂਦੀ ਜਾਣਕਾਰੀ ਭਰਨਾ ਲਾਜ਼ਮੀ ਹੋਵੇਗਾ।

ਪਿਛਲੀ ਖ਼ਬਰ ਪ੍ਰਵਾਸੀ ਭਾਰਤੀ ਵਲੋਂ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਭੇਟ ਅਗਲੀ ਖ਼ਬਰ ਪਿੰਡ ਰੜਾ ਵਿਖੇ ਬਾਬਾ ਸਮੁੰਦ ਸਿੰਘ ਯਾਦਗਾਰੀ ਸਮਾਗਮ 17 ਤੇ ਕੁਸ਼ਤੀ ਦੰਗਲ ਮੁਕਾਬਲੇ 18 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।