ਬੀਣੇਵਾਲ, 23 ਜੂਨ (ਬੈਜ ਚੌਧਰੀ)-ਬੀਤ ਇਲਾਕੇ ਦੇ ਪਿੰਡ ਮਲਕੋਵਾਲ ਵਿਚ ਦਿਨ-ਦਿਹਾੜੇ ਤਿੰਨ ਮੋਟਰਸਾਈਕਲ ਸਵਾਰ ਚੋਰਾਂ ਵਲੋਂ ਘਰ ਵਿਚ ਦਾਖਲ ਹੋ ਕੇ 6 ਲੱਖ ਰੁਪਏ ਦੀ ਨਕਦੀ ਤੇ ਕਰੀਬ 7 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋਣ ਦੀ ਖ਼ਬਰ ਹੈ। ਘਟਨਾ ਦੁਪਹਿਰ ਕਰੀਬ ਸਾਢੇ ਬਾਰਾਂ ਵਜੇ ਦੀ ਦੱਸੀ ਜਾਂਦੀ ਹੈ। ਵਾਰਦਾਤ ਮੌਕੇ ਘਰ ਦਾ ਕੋਈ ਵੀ ਮੈਂਬਰ ਘਰ ਵਿਚ ਮੌਜੂਦ ਨਹੀਂ ਸੀ। ਕਥਿਤ ਚੋਰਾਂ ਦੀਆਂ ਤਸਵੀਰਾਂ ਘਰ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈਆਂ। ਜਿਸ ਵਿਚ ਤਿੰਨ ਦੀਆਂ ਤਸਵੀਰਾਂ ਸਾਫ-ਸਾਫ ਦਿਖਾਈ ਦੇ ਰਹੀਆਂ ਹਨ। ਪਿੰਡ ਮਲਕੋਵਾਲ ਦੇ ਅਵਤਾਰ ਸਿੰਘ ਪੁੱਤਰ ਮਹਿੰਗਾ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਤਲਵਿੰਦਰ ਸਿੰਘ ਨੰਗਲ ਜ਼ਿਲ੍ਹਾ ਰੋਪੜ ਵਿਚ ਨੌਕਰੀ ਕਰਦਾ ਹੈ ਅਤੇ ਉਹ ਡਿਊਟੀ ’ਤੇ ਚਲਾ ਗਿਆ ਸੀ। ਉਹ ਤੇ ਉਸਦੀ ਪਤਨੀ ਕੁਲਵਿੰਦਰ ਕੌਰ ਨਾਲ ਬੇਟੀ ਜਸਵੀਰ ਕੌਰ ਚੈੱਕਅਪ ਕਰਵਾਉਣ ਲਈ ਨਵਾਂਸ਼ਹਿਰ ਹਸਪਤਾਲ ਗਏ ਹੋਏ ਸੀ। ਚੋਰਾਂ ਵਲੋਂ ਘਰ ਵਿਚ ਦਾਖਲ ਹੋ ਕੇ ਅਲਮਾਰੀਆਂ ਦੇ ਲਾਕਰ ਤੋੜ ਕੇ ਘਰ ਵਿਚ ਪਏ 6 ਲੱਖ ਰੁਪਏ ਨਗਦ ਅਤੇ ਸੋਨੇ ਦਾ ਕੜਾ, ਕੰਨਾਂ ਦੀਆਂ ਵਾਲੀਆਂ, ਮੁੰਦਰੀ ਸਮੇਤ ਕਰੀਬ 7 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਵਾਰੇ ਉਦੋਂ ਪਤਾ ਲੱਗਾ ਜਦੋਂ ਉਹ ਦੁਪਹਿਰ ਵੇਲੇ ਨਵਾਂਸ਼ਹਿਰ ਤੋਂ ਵਾਪਸ ਘਰ ਆਏ। ਜਾਣਕਾਰੀ ਮੁਤਾਬਿਕ ਇਕ ਨੌਜਵਾਨ ਮੋਟਰਸਾਈਕਲ ’ਤੇ ਘਰ ਦੇ ਬਾਹਰ ਖੜ੍ਹਾ ਰਿਹਾ ਜਦ ਕਿ ਦੋ ਨੌਜਵਾਨਾਂ ਨੇ ਅੰਦਰ ਜਾ ਕੇ ਘਟਨਾ ਨੂੰ ਅੰਜਾਮ ਦਿੱਤਾ। ਉੱਧਰ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਂਕੀ ਬੀਣੇਵਾਲ ਦੇ ਇੰਚਾਰਜ ਉਂਕਾਰ ਸਿੰਘ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਕਥਿਤ ਦੋਸ਼ੀ ਜਲਦੀ ਗ੍ਰਿਫ਼ਤਾਰ ਕਰ ਲਏ ਜਾਣਗੇ।
ਮਲਕੋਵਾਲ ’ਚ ਦਿਨ ਦਿਹਾੜੇ 6 ਲੱਖ ਦੀ ਨਕਦੀ ਤੇ ਗਹਿਣੇ ਚੋਰੀ
ਅਜੀਤ ਡੈਸਕ
24-06-2026