19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਪਹੁਵਿੰਡ ਵਿਖੇ ਪਾਵਨ ਸਰੂਪਾਂ ਦੇ ਅਗਨ ਭੇਟ ਹੋਣ ਦੇ ਮਾਮਲੇ ’ਚ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ-ਜਥੇਦਾਰ ਮੁਲਤਾਨੀ

ਅਜੀਤ ਡੈਸਕ 22-06-2026

ਐਮਾ ਮਾਂਗਟ, 21 ਜੂਨ (ਗੁਰਾਇਆ)-ਸਿੱਖ ਸਦਭਾਵਨਾ ਦਲ ਪੰਜਾਬ ਦੇ ਪ੍ਰਧਾਨ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਨੇ ਬੀਤੇ ਦਿਨੀਂ ਪਹੁਵਿੰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੋਣ ਉਪਰੰਤ ਪੁੱਜੇ ਦਲ ਦੇ ਕੌਮੀ ਸਰਪ੍ਰਸਤ ਭਾਈ ਬਲਦੇਵ ਸਿੰਘ ਵਡਾਲਾ ’ਤੇ ਹਮਲਾ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਇਸ ਨੂੰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਲੋਂ ਬਾਦਲ ਪਰਿਵਾਰ ਦੀ ਸ਼ਹਿ ’ਤੇ ਕਰਵਾਇਆ ਹਮਲਾ ਕਰਾਰ ਦਿੱਤਾ ਹੈ। ਜਥੇਦਾਰ ਗੁਰਵਤਨ ਸਿੰਘ ਨੇ ਪਹੁੰਵਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਟ ਹੋਣ ਦੀ ਘਟਨਾ ਨੂੰ ਸਾਜਿਸ਼ੀ ਦੱਸਿਆ ਹੈ। ਗੁਰਦੁਆਰਾ ਪ੍ਰਬੰਧਕਾਂ ਵਲੋਂ ਘਟਨਾ ਵਾਪਰਣ ਤੋਂ ਬਾਅਦ ਪ੍ਰਸ਼ਾਸਨ ਨੂੰ ਸਮੇਂ ਸਿਰ ਜਾਣਕਾਰੀ ਨਾ ਦੇਣਾ ਅਤੇ ਅੱਗ ਲੱਗਣ ਕਾਰਨ ਨੁਕਸਾਨੀਆਂ ਕੰਧਾਂ ’ਤੇ ਪੇਂਟ ਕਰਕੇ ਘਟਨਾ ਦੇ ਨਿਸ਼ਾਨ ਮਿਟਾਉਣ ਦੇ ਯਤਨ ਕਰਨਾ ਮਾਮਲੇ ਨੂੰ ਸ਼ੱਕੀ ਬਣਾਉਂਦਾ ਹੈ। ਅਗਲੇ ਦਿਨ ਘਟਨਾ ਦਾ ਪਤਾ ਲੈਣ ਪੁੱਜੇ ਭਾਈ ਬਲਦੇਵ ਸਿੰਘ ਵਡਾਲਾ ’ਤੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਵਿਚ ਪੁੱਜੇ ਹਥਿਆਰਬੰਦ ਗੁੰਡਾ ਅਨਸਰਾਂ ਵਲੋਂ ਹਮਲਾ ਕਰਨਾ ਮਾਮਲੇ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਖਿਲਾਫ਼ ਸਿੱਖ ਸੰਗਤਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਖ਼ਿਲਾਫ਼ ਪਾਵਨ ਸਰੂਪਾਂ ਦੇ ਅਗਨ ਭੇਂਟ ਹੋਣ ਬਾਰੇ ਪ੍ਰਸਾਸ਼ਨ ਨੂੰ ਸਮੇਂ ਸਿਰ ਇਤਲਾਹ ਨਾ ਦੇਣ, ਸਿੱਖ ਭਾਵਨਾਵਾਂ ਨੂੰ ਠੇਸ ਪੁਜਾਉਣ, ਸਾਜਿਸ਼ਾਂ ਤੇ ਮਿਲੀਭੁਗਤ ਨਾਲ ਅਪਰਾਧ ਅਤੇ ਸਬੂਤ ਖੁਰਦ ਬੁਰਦ ਕਰਨ ਅਧੀਨ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਨੂੰਨ 2026 ਤਹਿਤ ਕਾਰਵਾਈ ਕੀਤੀ ਜਾਵੇ। ਭਾਈ ਵਡਾਲਾ ਉੱਤੇ ਹਮਲਾ ਕਰਨ ਵਾਲੇ ਗੁੰਡਾ ਅਨਸਰਾਂ ਖਿਲਾਫ਼ ਅਪਰਾਧਿਕ ਕੇਸ ਦਰਜ਼ ਕੀਤਾ ਜਾਵੇ ਤੇ ਅਜਿਹੀਆਂ ਘਟਨਾਂਵਾਂ ’ਤੇ ਰੋਕ ਲਗਾਉਣ ਲਈ ਠੋਸ ਕਦਮ ਚੁੱਕੇ ਜਾਣ।

ਪਿਛਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਭੂਲਪੁਰ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਬਾਬਾ ਗਿਆਨ ਦਾਸ ਜੀ ਦੀ ਯਾਦ ’ਚ ਕਰਵਾਇਆ 2 ਰੋਜ਼ਾ ਜੋੜ ਮੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।