04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਭਾਜਪਾ ਆਗੂਆਂ ਦੀ ਤਹਿਸੀਲਦਾਰ ਨਾਲ ਤਿੱਖੀ ਬਹਿਸ, ਲਗਾਇਆ ਧਰਨਾ

ਅਜੀਤ ਡੈਸਕ 23-05-2026
ਹੁਸ਼ਿਆਰਪੁਰ, 22 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਇਕ ਪਾਸੇ ਪੰਜਾਬ 'ਚ ਨਗਰ ਨਿਗਮ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ, ਉਥੇ ਦੂਜੇ ਪਾਸੇ ਨਗਰ ਨਿਗਮ ਹੁਸ਼ਿਆਰਪੁਰ 'ਚ ਵਾਰਡਬੰਦੀ ਦੇ ਇਤਰਾਜ਼ਾਂ ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ | ਤਹਿਸੀਲ ਕੰਪਲੈਕਸ ਹੁਸ਼ਿਆਰਪੁਰ 'ਚ ਅੱਜ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ, ਜਦੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ 'ਚ ਪਾਰਟੀ ਵਰਕਰ ਵਾਰਡਬੰਦੀ ਸੰਬੰਧੀ ਆਪਣੇ ਇਤਰਾਜ਼ ਦਰਜ ਕਰਵਾਉਣ ਪਹੁੰਚ ਗਏ | ਇਸ ਦੌਰਾਨ ਭਾਜਪਾ ਆਗੂਆਂ ਤੇ ਤਹਿਸੀਲਦਾਰ ਵਿਚਕਾਰ ਤਿੱਖੀ ਤਕਰਾਰ ਹੋ ਗਈ, ਜਿਸ ਤੋਂ ਬਾਅਦ ਭਾਜਪਾ ਆਗੂਆਂ ਤੇ ਵਰਕਰਾਂ ਨੇ ਕੰਪਲੈਕਸ 'ਚ ਧਰਨਾ ਲਗਾ ਦਿੱਤਾ | ਜਾਣਕਾਰੀ ਮੁਤਾਬਿਕ ਜਦੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਆਪਣੇ ਸਾਥੀਆਂ ਸਮੇਤ ਇਤਰਾਜ਼ ਪੱਤਰ ਸੌਂਪਣ ਲਈ ਤਹਿਸੀਲਦਾਰ ਕੋਲ ਪਹੁੰਚੇ ਤਾਂ ਤਹਿਸੀਲਦਾਰ ਨੇ ਇਹ ਕਹਿ ਦਿੱਤਾ ਕਿ ਉਨ੍ਹਾਂ ਕੋਲ ਸਰਕਾਰ ਵਲੋਂ ਪ੍ਰਵਾਨਿਤ ਨਕਸ਼ਾ ਹੀ ਮੌਜੂਦ ਨਹੀਂ ਹੈ | ਇਸ ਗੱਲ 'ਤੇ ਭਾਜਪਾ ਆਗੂ ਭੜਕ ਗਏ ਤੇ ਦੋਵਾਂ ਧਿਰਾਂ ਵਿਚਕਾਰ ਤਿੱਖੀ ਨੋਕ-ਝੋਕ ਸ਼ੁਰੂ ਹੋ ਗਈ | ਨਿਪੁੰਨ ਸ਼ਰਮਾ ਅਤੇ ਹੋਰਨਾਂ ਆਗੂਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਕੋਲ ਵਾਰਡਬੰਦੀ ਦਾ ਅਧਿਕਾਰਤ ਨਕਸ਼ਾ ਹੀ ਉਪਲਬਧ ਨਹੀਂ ਹੈ ਤਾਂ ਚੋਣ ਵਿਭਾਗ ਕਿਸ ਆਧਾਰ 'ਤੇ ਲੋਕਾਂ ਕੋਲੋਂ ਇਤਰਾਜ਼ ਮੰਗ ਰਿਹਾ ਹੈ? ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਇਹ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ ਸਰਕਾਰ ਦੀ ਰਚੀ ਸਾਜ਼ਿਸ਼ ਤਹਿਤ ਹੋ ਰਿਹਾ ਹੈ | ਇਸ ਮੌਕੇ ਸਾਬਕਾ ਮੇਅਰ ਸ਼ਿਵ ਸੂਦ, ਭਾਰਤ ਭੂਸ਼ਨ ਵਰਮਾ, ਸੰਜੀਵ ਅਰੋੜਾ ਸੰਜੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਕੂਲ ਵੈਨ ਤੇ ਟਿੱਪਰ ਵਿਚਕਾਰ ਟੱਕਰ, ਡਰਾਈਵਰ ਤੇ ਬੱਚਿਆਂ ਦੇ ਲੱਗੀਆਂ ਸੱਟਾਂ ਅਗਲੀ ਖ਼ਬਰ ਡਾ. ਰਵਜੋਤ ਸਿੰਘ ਦੇ ਨਿਰਦੇਸ਼ਾਂ 'ਤੇ ਕੱਕੋਂ 'ਚ ਸੜਕ ਬਣਾਉਣ ਦਾ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।