ਹੁਸ਼ਿਆਰਪੁਰ, 30 ਮਾਰਚ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ-ਊਨਾ ਰਾਜ ਮਾਰਗ ਦੀ ਹਾਲਤ ਬਹੁਤ ਤਰਸਯੋਗ ਹੈ | ਸੂਬਾ ਸਰਕਾਰ ਵਲੋਂ ਲੰਬੇ ਸਮੇਂ ਤੱਕ ਇਸ ਦੀ ਮੁਰੰਮਤ ਨਹੀਂ ਕਰਵਾਈ ਗਈ ਗਈ, ਜਦਕਿ ਇਸ ਤੋਂ ਲੰਘਣ ਵਾਲੇ ਟਰੱਕਾਂ ਤੇ ਟਿੱਪਰਾਂ ਕਾਰਨ ਇਸ ਦੀ ਹਾਲਤ ਹੋਰ ਮਾੜੀ ਹੋ ਗਈ ਹੈ, ਜਿਸ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਤੀਕਸ਼ਣ ਸੂਦ ਨੇ ਕਿਹਾ ਕਿ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੇ ਯਤਨਾਂ ਸਦਕਾ ਅੰਮਿ੍ਤਸਰ ਤੋਂ ਸ੍ਰੀ ਅਨੰਦਪੁਰ ਸਾਹਿਬ ਵਾਇਆ ਟਾਂਡਾ-ਹੁਸ਼ਿਆਰਪੁਰ-ਊਨਾ ਤੱਕ ਕੌਮੀ ਮਾਰਗ ਨੂੰ ਚਹੁੰ-ਮਾਰਗੀ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ | ਇਸ ਲਈ ਨਵਾਂ ਬਾਈਪਾਸ ਬਣਾਉਣ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ | ਇਸੇ ਤਰ੍ਹਾਂ ਫਗਵਾੜਾ ਤੋਂ ਹੁਸ਼ਿਆਰਪੁਰ ਤੱਕ ਨਵੇਂ ਕੌਮੀ ਮਾਰਗ ਦੇ ਬਾਈਪਾਸ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ | ਜੇਕਰ ਇਨ੍ਹਾਂ ਦੋਵਾਂ ਦਿਸ਼ਾਵਾਂ ਤੋਂ ਆਉਣ ਵਾਲੀ ਅਤੇ ਜਲੰਧਰ-ਚੰਡੀਗੜ੍ਹ ਤੋਂ ਆਉਣ ਵਾਲੀ ਟਰੈਫ਼ਿਕ ਇਸ ਮਾਰਗ ਤੋਂ ਲੰਘਦੀ ਹੈ ਤਾਂ ਹੁਸ਼ਿਆਰਪੁਰ-ਊਨਾ ਰੋਡ 'ਤੇ ਪੰਜਾਬ ਵਾਲੇ ਪਾਸੇ ਭਾਰੀ ਜਾਮ ਲੱਗੇਗਾ | ਉਨ੍ਹਾਂ ਕਿਹਾ ਕਿ ਊਨਾ-ਹੁਸ਼ਿਆਰਪੁਰ ਸੜਕ ਦੇ ਹਿਮਾਚਲ ਹਿੱਸੇ ਨੂੰ ਚਹੁ-ਮਾਰਗੀ ਕੌਮੀ ਮਾਰਗ ਬਣਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ ਅਤੇ ਇਸ ਨੂੰ ਸੁਰੰਗ ਰਾਹੀਂ ਪੰਜਾਬ ਦੇ ਹਿੱਸੇ ਨਾਲ ਜੋੜਿਆ ਜਾਵੇਗਾ | ਉਨ੍ਹਾਂ ਕੇਂਦਰੀ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੂੰ ਡਾਕ ਅਤੇ ਪੱਤਰ ਭੇਜ ਕੇ ਮੰਗ ਕੀਤੀ ਕਿ ਪੰਜਾਬ ਦੇ ਹਿੱਸੇ ਵਾਲੀ ਊਨਾ ਰੋਡ ਨੂੰ ਵੀ ਚਹੁ-ਮਾਰਗੀ ਬਣਾਇਆ ਜਾਵੇ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੂੰ ਵੀ ਇਹ ਮਾਮਲਾ ਕੇਂਦਰੀ ਸੜਕ ਮੰਤਰਾਲੇ ਕੋਲ ਉਠਾਉਣ ਦੀ ਅਪੀਲ ਕੀਤੀ |