ਮੁਕੇਰੀਆਂ, 30 ਮਾਰਚ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਤੋਂ ਕਾਲਜ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਸ਼ਿਖਾ ਸ਼ਰਮਾ ਨੇ ਰਾਜ ਪੱਧਰੀ ਐੱਨ.ਐੱਸ.ਐੱਸ. ਕਨਵੈੱਨਸ਼ਨ ਵਿਚ ਭਾਗ ਲਿਆ | ਇਸ ਕਨਵੈੱਨਸ਼ਨ ਦਾ ਮੁੱਖ ਉਦੇਸ਼ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਐੱਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰਾਂ ਅਤੇ ਵਲੰਟੀਅਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਨਾ ਸੀ, ਤਾਂ ਜੋ ਸਮਾਜਿਕ ਵਿਕਾਸ ਵਿਚ ਐਨ.ਐੱਸ.ਐੱਸ. ਦੀ ਭੂਮਿਕਾ ਉਤੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ | ਦੋ ਦਿਨਾਂ ਦੌਰਾਨ ਕਈ ਸੈਸ਼ਨ, ਵਰਕਸ਼ਾਪ ਅਤੇ ਵਿਚਾਰ- ਚਰਚਾ ਆਯੋਜਿਤ ਕੀਤੀ ਗਈ ਜਿਨ੍ਹਾਂ ਵਿਚ ਲੀਡਰਸ਼ਿਪ ਵਿਕਾਸ, ਸਮਾਜਿਕ ਜ਼ਿੰਮੇਵਾਰੀ, ਵਾਤਾਵਰਣ ਸੁਰੱਖਿਆ ਅਤੇ ਐਨ.ਐੱਸ.ਐੱਸ. ਪ੍ਰੋਗਰਾਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਰਗੇ ਮੁੱਖ ਵਿਸ਼ਿਆਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ | ਇੰਟਰ ਐਕਟਿਵ ਸੈਸ਼ਨਾਂ ਦੌਰਾਨ ਪ੍ਰੋਗਰਾਮ ਅਫ਼ਸਰਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਉਸਾਰੂ ਕੰਮਾਂ 'ਤੇ ਚਰਚਾ ਕੀਤੀ | ਅਜਿਹੇ ਪ੍ਰੋਗਰਾਮ ਨਾਲ਼ ਭਾਗੀਦਾਰਾਂ ਦਾ ਉਤਸ਼ਾਹ ਐਨ.ਐੱਸ.ਐੱਸ. ਗਤੀਵਿਧੀਆਂ ਨੂੰ ਪ੍ਰੋਤਸਾਹਿਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਐਜੂਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਚੱਕ ਅਤੇ ਮੈਂਬਰ ਸਾਹਿਬਾਨ ਨੇ ਇਹ ਵਿਸ਼ਵਾਸ ਜਤਾਇਆ ਕਿ ਇਸ ਕਨਵੈੱਨਸ਼ਨ ਤੋਂ ਪ੍ਰਾਪਤ ਗਿਆਨ ਤੇ ਅਨੁਭਵ ਦਸਮੇਸ਼ ਗਰਲਜ਼ ਕਾਲਜ ਵਿਚ ਐੱਨ. ਐੱਸ. ਐੱਸ. ਗਤੀਵਿਧੀਆਂ ਨੂੰ ਹੋਰ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਏਗਾ |