ਹੁਸ਼ਿਆਰਪੁਰ, 25 ਮਾਰਚ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਦੇ ਐੱਨ. ਆਰ. ਆਈ. ਮਾਮਲਿਆਂ ਅਤੇ ਜੇਲ੍ਹਾਂ ਮੰਤਰੀ ਡਾ. ਰਵਜੋਤ ਸਿੰਘ ਨੇ ਵਿਧਾਨ ਸਭਾ ਹਲਕਾ ਸ਼ਾਮ ਚੁਰਾਸੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਨ੍ਹਾਂ ਕੰਮਾਂ ਦੇ ਮੁਕੰਮਲ ਹੋਣ ਨਾਲ ਪਿੰਡਾਂ ਦੇ ਵਿਕਾਸ ਦੀ ਦਿੱਖ ਹੋਰ ਬਿਹਤਰੀਨ ਹੋ ਜਾਵੇਗੀ | ਐੱਨ. ਆਰ. ਆਈ. ਮਾਮਲਿਆਂ ਅਤੇ ਜੇਲ੍ਹਾਂ ਮੰਤਰੀ ਡਾ. ਰਵਜੋਤ ਸਿੰਘ ਨੇ ਪਿੰਡਾਂ ਵਿਚ ਬਣ ਰਹੇ ਖੇਡ ਮੈਦਾਨਾਂ ਤੇ ਬੁਨਿਆਦੀ ਢਾਂਚੇ ਨਾਲ ਸਬੰਧਿਤ ਵਿਕਾਸ ਕਾਰਜਾਂ ਦੀ ਸਮੀਖਿਆ ਦੌਰਾਨ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਕਾਰਜਾਂ ਨੂੰ ਨਿਰਧਾਰਿਤ ਸਮੇਂ ਵਿਚ ਪੂਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ | ਕੈਬਨਿਟ ਮੰਤਰੀ ਨੇ ਪਿੰਡ ਅਜੜਾਮ, ਮੰਡਿਆਲਾ, ਨਸਰਾਲਾ, ਰੰਧਾਵਾ ਬਰੋਟਾ ਅਤੇ ਸਿੰਗੜੀਵਾਲ ਵਿਖੇ ਖੇਡ ਮੈਦਾਨਾਂ ਵਾਲੀਆਂ ਥਾਵਾਂ 'ਤੇ ਪਹੁੰਚ ਕੇ ਮੌਜੂਦਾ ਸਮੇਂ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਅਜੜਾਮ ਵਿਖੇ 52.82 ਲੱਖ ਰੁਪਏ, ਸਿੰਗੜੀਵਾਲ ਵਿਖੇ 41.26 ਲੱਖ ਰੁਪਏ, ਨਸਰਾਲਾ ਵਿਖੇ 35.50 ਲੱਖ ਰੁਪਏ, ਮੰਡਿਆਲਾ ਵਿਖੇ 32.99 ਲੱਖ ਰੁਪਏ ਅਤੇ ਰੰਧਾਵਾ ਬਰੋਟਾ ਵਿਖੇ 22.87 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਵਿਕਾਸ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ ਤਾਂ ਜੋ ਨੌਜਵਾਨਾਂ ਨੂੰ ਖੇਡਾਂ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ | ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਦੇ ਹਰ ਖੇਤਰ ਵਿਚ ਲੋੜੀਂਦਾ ਵਿਕਾਸ ਯਕੀਨੀ ਬਣਾ ਕੇ ਲੋਕਾਂ ਨੂੰ ਸਮੇਂ ਦੇ ਅਨੁਸਾਰ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਅਤੇ ਆਉਂਦੇ ਸਮੇਂ ਵਿਚ ਵੀ ਲੋਕ ਪੱਖੀ ਫ਼ੈਸਲਿਆਂ 'ਤੇ ਮੋਹਰ ਲੱਗਦੀ ਰਹੇਗੀ |