* ਭਾਜਪਾ ਦੀ ਟਿਕਟ ਲਈ ਪੇਸ਼ ਕੀਤੀ ਦਾਅਵੇਦਾਰੀ * ਰਣਜੀਤ ਸਿੰਘ ਗਿੱਲ, ਵਿਨੀਤ ਜੋਸ਼ੀ, ਐਡਵੋਕੇਟ ਐਨ.ਕੇ. ਵਰਮਾ ਤੇ ਭਾਨੂ ਪ੍ਰਤਾਪ ਵੀ ਦੌੜ ’ਚ
ਸੰਦੀਪ ਕੁਮਾਰ ਮਾਹਨਾ
ਚੰਡੀਗੜ੍ਹ, 29 ਨਵੰਬਰ-ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆ ਤੇਜ਼ ਹੋਣ ਦੇ ਨਾਲ ਹੀ ਵੱਖ-ਵੱਖ ਹਲਕਿਆਂ ਤੋਂ ਟਿਕਟਾਂ ਦੇ ਦਾਅਵੇਦਾਰ ਵੀ ਸਾਹਮਣੇ ਆਉਣ ਲੱਗੇ ਹਨ। ਇਸੇ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਫ਼ਤਹਿਜੰਗ ਬਾਜਵਾ ਨੇ ਹੁਣ ਖਰੜ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ । ਇਸ ਤੋਂ ਪਹਿਲਾਂ ਉਹ ਕਾਦੀਆਂ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਚੁੱਕੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਖਰੜ ਹਲਕੇ ਵਿਚ ਕੰਮ ਕਰ ਰਹੇ ਹਨ ਤੇ ਇਲਾਕੇ ਦੇ ਲੋਕਾਂ ਨਾਲ ਉਨ੍ਹਾਂ ਦਾ ਨਜ਼ਦੀਕੀ ਸੰਪਰਕ ਹੈ । ਫਤਿਹਜੰਗ ਬਾਜਵਾ ਨੇ ਕਿਹਾ ਕਿ ਉਮੀਦਵਾਰ ਦੀ ਚੋਣ ਕਰਨਾ ਪਾਰਟੀ ਹਾਈਕਮਾਨ ਦਾ ਅਧਿਕਾਰ ਹੈ ਪਰ ਉਨ੍ਹਾਂ ਦੀ ਇੱਛਾ ਹੈ ਕਿ ਉਨ੍ਹਾਂ ਨੂੰ ਖਰੜ ਤੋਂ ਚੋਣ ਲੜਨ ਦਾ ਮੌਕਾ ਦਿੱਤਾ ਜਾਵੇ । ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਉਹ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਕੇ ਇਹ ਸੀਟ ਭਾਜਪਾ ਦੀ ਝੋਲੀ ਪਾਉਣਗੇ । ਉਨ੍ਹਾਂ ਖਰੜ ਹਲਕੇ ਵਿਚ ਪਾਰਟੀ ਦਾ ਆਧਾਰ ਮਜ਼ਬੂਤ ਕਰਨ ਲਈ ਕੀਤੇ ਯਤਨਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਦੋ ਸਾਲ ਪਹਿਲਾਂ ਨਵਾਂਗਾਓਂ ਨਗਰ ਕੌਂਸਲ ਦੇ 21 ਮੈਂਬਰਾਂ ਵਿਚੋਂ 14 ਮੈਂਬਰਾਂ ਨੂੰ ਭਾਜਪਾ ਵਿਚ ਸ਼ਾਮਿਲ ਕਰਵਾਉਣ ਵਿਚ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ ਸੀ । ਇਸ ਤੋਂ ਇਲਾਵਾ ਲਗਪਗ 10 ਹਜ਼ਾਰ ਨੌਜਵਾਨਾਂ ਨੂੰ ਵੀ ਪਾਰਟੀ ਨਾਲ ਜੋੜਨ ਦਾ ਉਨ੍ਹਾਂ ਵਲੋਂ ਦਾਅਵਾ ਕੀਤਾ ਗਿਆ ।
ਭਾਜਪਾ ਵਿਚ ਕਈ ਦਾਅਵੇਦਾਰ
ਖਰੜ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਹਾਸਲ ਕਰਨ ਲਈ ਫਤਿਹਜੰਗ ਬਾਜਵਾ ਤੋਂ ਇਲਾਵਾ ਕਈ ਹੋਰ ਆਗੂ ਵੀ ਆਪਣੀ ਦਾਅਵੇਦਾਰੀ ਰੱਖ ਰਹੇ ਹਨ । ਇਨ੍ਹਾਂ ਵਿਚ ਰਣਜੀਤ ਸਿੰਘ ਗਿੱਲ, ਵਿਨੀਤ ਜੋਸ਼ੀ, ਐਡਵੋਕੇਟ ਐਨ.ਕੇ. ਵਰਮਾ ਅਤੇ ਭਾਨੂ ਪ੍ਰਤਾਪ ਦੇ ਨਾਂਅ ਵੀ ਸ਼ਾਮਿਲ ਹਨ । ਰਣਜੀਤ ਸਿੰਘ ਗਿੱਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਟਿਕਟ ’ਤੇ ਖਰੜ ਹਲਕੇ ਤੋਂ ਦੋ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ, ਹਾਲਾਂਕਿ ਦੋਵਾਂ ਮੌਕਿਆਂ ’ਤੇ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲ ਸਕੀ ਸੀ। ਹੁਣ ਉਨ੍ਹਾਂ ਦੇ ਭਾਜਪਾ ਵਿਚ ਹੋਣ ਕਾਰਨ ਉਨ੍ਹਾਂ ਦਾ ਨਾਂਅ ਵੀ ਇਸ ਹਲਕੇ ਤੋਂ ਸੰਭਾਵੀ ਦਾਅਵੇਦਾਰਾਂ ਵਿਚ ਲਿਆ ਜਾ ਰਿਹਾ ਹੈ ।
ਸੀਟ ਕਿਸ ਦੇ ਹਿੱਸੇ ਆਵੇਗੀ ?
ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਵਿਚਾਲੇ ਮੁੜ ਚੋਣ ਗੱਠਜੋੜ ਹੋਣ ਤੋਂ ਬਾਅਦ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਖਰੜ ਵਿਧਾਨ ਸਭਾ ਸੀਟ ਕਿਸ ਪਾਰਟੀ ਦੇ ਹਿੱਸੇ ਆਵੇਗੀ । ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਰਵਿੰਦਰ ਸਿੰਘ ਖੇੜਾ ਵੀ ਇਸ ਸੀਟ ਤੋਂ ਚੋਣ ਲੜਨ ਦੇ ਚਾਹਵਾਨ ਹਨ । ਇਸ ਤਰ੍ਹਾਂ ਦੋਵਾਂ ਪਾਰਟੀਆਂ ਦੇ ਆਗੂਆਂ ਵਲੋਂ ਆਪੋ-ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ । 2027 ਦੀਆਂ ਚੋਣਾਂ ਤੋਂ ਪਹਿਲਾਂ ਖਰੜ ਹਲਕੇ ਦੀ ਸੀਟ ਦੀ ਵੰਡ ਤੇ ਉਮੀਦਵਾਰ ਦੀ ਚੋਣ ਦੋਵਾਂ ਪਾਰਟੀਆਂ ਦੇ ਸਥਾਨਕ ਆਗੂਆਂ ਲਈ ਅਹਿਮ ਮਾਮਲਾ ਬਣੀ ਹੋਈ ਹੈ।