ਜਸਵੰਤ ਸਿੰਘ ਜੱਸ
ਅੰਮ੍ਰਿਤਸਰ, 26 ਅਕਤੂਬਰ- ਸ੍ਰੀ ਗੁਰੂ ਰਾਮਦਾਸ ਜੀ ਦੇ 392ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ। ਅੱਜ ਸਵੇਰੇ 10 ਵਜੇ ਆਰੰਭ ਕੀਤੇ ਨਗਰ ਕੀਰਤਨ ’ਚ ਸ੍ਰੀ ਹਰਿਮੰਦਰ ਸਾਹਿਬ ਦੇ ਕਾਰਜਕਾਰੀ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਗੁਰੂ ਸਾਹਿਬ ਦਾ ਪਾਵਨ ਸਰੂਪ ਸੁਨਹਿਰੀ ਪਾਲਕੀ ’ਚ ਸੁਸ਼ੋਭਿਤ ਕੀਤਾ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ’ਚੋਂ ਹੁੰਦਾ ਹੋਇਆ ਨਗਰ ਕੀਰਤਨ ਜਦੋਂ ਘੰਟਾ ਘਰ ਪਲਾਜ਼ਾ ਵਿਖੇ ਪੁੱਜਾ ਤਾਂ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਸਲਾਮੀ ਦਿੱਤੀ ਗਈ। ਸ਼ਹਿਰ ਦੇ ਪੁਰਾਤਨ 12 ਦਰਵਾਜ਼ਿਆਂ ਨੂੰ ਜੋੜਦੇ ਸਰਕੂਲਰ ਮਾਰਗ ’ਤੇ ਭਾਈ ਗੁਰਇਕਬਾਲ ਸਿੰਘ ਸਮੇਤ ਹੋਰ ਧਾਰਮਿਕ ਸਭਾ-ਸੁਸਾਇਟੀਆਂ ਤੇ ਸ਼ਹਿਰ ਦੀਆਂ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ। ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਸੰਗਤਾਂ ਨੇ ਪੰਜ ਪਿਆਰਿਆਂ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਓ ਭੇਟ ਕੀਤੇ। ਇਸ ਦੌਰਾਨ ਵੱਖ-ਵੱਖ ਪਦਾਰਥਾਂ ਦੇ ਲੰਗਰ ਵੀ ਲਗਾਏ ਗਏ।
ਅੱਜ ਨਗਰ ਕੀਰਤਨ ਦੌਰਾਨ ਚੰਬਾ (ਹਿਮਾਚਲ ਪ੍ਰਦੇਸ਼) ਦੇ ਇਕ ਸਿੱਖ ਪਰਿਵਾਰ ਵਲੋਂ ਵਿਸ਼ੇਸ਼ ਤੌਰ ’ਤੇ ਦੇਹਰਾਦੂਨ ਤੋਂ ਲਿਆਂਦੇ ਹੈਲੀਕਾਪਟਰ ਰਾਹੀਂ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਤੇ ਨਗਰ ਕੀਰਤਨ ’ਤੇ 13 ਕੁਇੰਟਲ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਤੋਂ ਇਲਾਵਾ ਮੁੰਬਈ ਦੀਆਂ ਸੰਗਤਾਂ ਵਲੋਂ ਸ੍ਰੀ ਦਰਬਾਰ ਸਾਹਿਬ ਸਮੂਹ ’ਚ ਕਈ ਟਨ ਦੇਸੀ ਵਿਦੇਸ਼ੀ ਫੁੱਲਾਂ ਨਾਲ ਕੀਤੀ ਗਈ ਵਿਸ਼ੇਸ਼ ਸਜਾਵਟ ਵੀ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਸੁੰਦਰ ਜਲੌਅ, ਅੰਮ੍ਰਿਤ ਸੰਚਾਰ, ਦੀਪਮਾਲਾ ਤੇ ਆਤਿਸ਼ਬਾਜ਼ੀ ਅੱਜ
ਸ੍ਰੀ ਦਰਬਾਰ ਸਾਹਿਬ ਦੇ ਜਨਰਲ ਮੈਨੇਜਰ ਮੇਜਰ ਸਿੰਘ ਅਰਜਨਮਾਂਗਾ ਨੇ ਦੱਸਿਆ ਕਿ ਕੱਲ੍ਹ 27 ਅਕਤੂਬਰ ਨੂੰ ਪ੍ਰਕਾਸ਼ ਪੁਰਬ ਮੌਕੇ ਸਵੇਰੇ 10 ਵਜੇ ਤੋਂ ਦੁਪਹਿਰ ਤੱਕ ਸ੍ਰੀ ਹਰਿਮੰਦਰ ਸਹਿਬ ’ਚ ਸੁੰਦਰ ਜਲੌਅ ਸਜਾਏ ਜਾਣਗੇ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦੁਪਹਿਰ 12 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਸ੍ਰੀ ਮੰਜੀ ਸਾਹਿਬ ਦੀਵਾਨ ਵਿਖੇ ਸਾਰਾ ਦਿਨ ਧਾਰਮਿਕ ਦੀਵਾਨ ਸਜਣਗੇ। ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸੁੰਦਰ ਦੀਪਮਾਲਾ ਹੋਵੇਗੀ ਤੇ ਆਤਿਸ਼ਬਾਜ਼ੀ ਚਲਾਈ ਜਾਵੇਗੀ।
![]()
ਜਥੇਦਾਰ ਗੜਗੱਜ ਤੇ ਧਾਮੀ ਨਹੀਂ ਹੋਏ ਸ਼ਾਮਿਲ
ਜਥੇਦਾਰ ਕੁਲਦੀਪ ਸਿੰਘ ਗੜਗੱਜ ਵਿਦੇਸ਼ ਯਾਤਰਾ ’ਤੇ ਹੋਣ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪੰਥਕ ਰੁਝੇਵਿਆਂ ਕਾਰਨ ਅੱਜ ਨਗਰ ਕੀਰਤਨ ’ਚ ਸ਼ਾਮਿਲ ਨਹੀਂ ਹੋਏ।
ਨਗਰ ਕੀਰਤਨ ’ਚ ਸ਼ਾਮਿਲ ਸ਼ਖ਼ਸੀਅਤਾਂ
ਨਗਰ ਕੀਰਤਨ ’ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ, ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ, ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਏ.ਡੀ.ਸੀ. ਅਲਕਾ ਕਾਲੀਆ, ਡੀ.ਸੀ.ਪੀ. ਰਵਿੰਦਰਪਾਲ ਸਿੰਘ, ਕੁਲਵੰਤ ਸਿੰਘ ਮੰਨਣ, ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਗੁਰਚਰਨ ਸਿੰਘ ਗਰੇਵਾਲ, ਸੁਰਜੀਤ ਸਿੰਘ ਭਿੱਟੇਵੱਡ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਬਾਵਾ ਸਿੰਘ ਗੁਮਾਨਪੁਰਾ, ਅਜੈਬ ਸਿੰਘ ਅਭਿਆਸੀ, ਸਤਬੀਰ ਸਿੰਘ ਧਾਮੀ, ਬਲਵਿੰਦਰ ਸਿੰਘ ਕਾਹਲਵਾਂ, ਸੁਖਮਿੰਦਰ ਸਿੰਘ, ਸ਼ਾਹਬਾਜ਼ ਸਿੰਘ, ਜਸਵਿੰਦਰ ਸਿੰਘ ਜੱਸੀ, ਭਗਵੰਤ ਸਿੰਘ ਧੰਗੇੜਾ, ਮੇਜਰ ਸਿੰਘ, ਬਲਦੇਵ ਸਿੰਘ ਕਲਿਆਣ, ਮੰਗਵਿੰਦਰ ਸਿੰਘ ਖਾਪੜਖੇੜੀ, ਭਗਵੰਤ ਸਿੰਘ ਸਿਆਲਕਾ, ਹਰਜਾਪ ਸਿੰਘ ਸੁਲਤਾਨਵਿੰਡ, ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਕੇਵਲ ਸਿੰਘ ਬਾਦਲ, ਬਲਬੀਰ ਸਿੰਘ ਘੁੰਨਸ, ਅਵਤਾਰ ਸਿੰਘ ਰਿਆ, ਹਰਪਾਲ ਸਿੰਘ ਜੱਲ੍ਹਾ, ਬਲਵਿੰਦਰ ਸਿੰਘ ਭੰਬਾਲੰਡਾ, ਗੁਰਨਾਮ ਸਿੰਘ ਜੱਸਲ, ਬਾਬਾ ਬੂਟਾ ਸਿੰਘ, ਸੁਖਵਰਸ਼ ਸਿੰਘ ਪੰਨੂ, ਤੇਜਿੰਦਰ ਸਿੰਘ ਪੱਡਾ, ਬਿਜੈ ਸਿੰਘ, ਪ੍ਰੀਤਪਾਲ ਸਿੰਘ, ਗੁਰਦਿਆਲ ਸਿੰਘ, ਗੁਰਨਾਮ ਸਿੰਘ, ਮਨਜੀਤ ਸਿੰਘ ਤਲਵੰਡੀ, ਹਰਭਜਨ ਸਿੰਘ ਵਕਤਾ, ਸੁਖਬੀਰ ਸਿੰਘ, ਅਜ਼ਾਦ ਦੀਪ ਸਿੰਘ, ਗੁਰਮੀਤ ਸਿੰਘ ਮੁਕਤਸਰੀ, ਸਤਨਾਮ ਸਿੰਘ ਰਿਆੜ, ਬਾਬਾ ਸਤਨਾਮ ਸਿੰਘ ਕਾਰ ਸੇਵਾ, ਅਮਰਬੀਰ ਸਿੰਘ ਢੋਟ, ਰਣਜੀਤ ਸਿੰਘ ਜਲੰਧਰ, ਨਿਸ਼ਾਨ ਸਿੰਘ, ਮਲਕੀਤ ਸਿੰਘ ਬਹਿੜਵਾਲ, ਰਜਿੰਦਰ ਸਿੰਘ ਰੂਬੀ, ਨਰਿੰਦਰ ਸਿੰਘ, ਸਤਿੰਦਰ ਸਿੰਘ, ਬਿਕਰਮਜੀਤ ਸਿੰਘ ਝੰਗੀ, ਗੁਰਿੰਦਰ ਸਿੰਘ ਦੇਵੀਦਾਸਪੁਰ, ਗੁਰਤਿੰਦਰਪਾਲ ਸਿੰਘ ਕਾਦੀਆਂ, ਜਸਬੀਰ ਸਿੰਘ, ਯੁਵਰਾਜ ਸਿੰਘ, ਗੁਰਵਿੰਦਰ ਸਿੰਘ ਭੋਮਾ, ਅੰਮ੍ਰਿਤਪਾਲ ਸਿੰਘ, ਜਗਤਾਰ ਸਿੰਘ ਖੋਦੇਬੇਟ, ਕਲਦੀਪ ਸਿੰਘ ਪੰਡੋਰੀ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਮੌਜੂਦ ਸਨ।