27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਬ੍ਰਿਕਸ ਦੀ ਸਫ਼ਲਤਾ ਸਿਰਫ਼ ਚਰਚਾਵਾਂ ਨਾਲ ਨਹੀਂ, ਸਗੋਂ ਠੋਸ ਨਤੀਜਿਆਂ ਨਾਲ ਨਾਪੀ ਜਾਏਗੀ-ਬਿਰਲਾ

ਬ੍ਰਿਕਸ ਦੀ ਸਫ਼ਲਤਾ ਸਿਰਫ਼ ਚਰਚਾਵਾਂ ਨਾਲ ਨਹੀਂ, ਸਗੋਂ ਠੋਸ ਨਤੀਜਿਆਂ ਨਾਲ ਨਾਪੀ ਜਾਏਗੀ-ਬਿਰਲਾ

ਅਜੀਤ ਡੈਸਕ 27-10-2026

ਨਵੀਂ ਦਿੱਲੀ, 26 ਅਕਤੂਬਰ (ਉਪਮਾ ਡਾਗਾ ਪਾਰਥ)- ਸੰਸਦ ਭਵਨ ਦੇ ਸੰਵਿਧਾਨ ਸਦਨ ’ਚ ਸੋਮਵਾਰ ਨੂੰ ਸ਼ੁਰੂ ਹੋਏ 2 ਦਿਨਾਂ ‘12ਵੇਂ ਬ੍ਰਿਕਸ ਸੰਸਦੀ ਫੋਰਮ 2026’ ਦਾ ਰਸਮੀ ਉਦਘਾਟਨ ਕਰਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੀਆਂ ਸੰਸਦਾਂ ਨੂੰ ਲੋਕ ਵਿਕਾਸ, ਆਲਮੀ ਸ਼ਾਂਤੀ ਅਤੇ ਅੰਤਰਰਾਸ਼ਟਰੀ ਸਹਿਯੋਗ ਨੂੰ ਨਵੀਂ ਗਤੀ ਦੇਣ ਦੀ ਅਪੀਲ ਕੀਤੀ। ਬਿਰਲਾ ਨੇ ਉਕਤ ਉਦੇਸ਼ਾਂ ਦੀ ਪ੍ਰਾਪਤੀ ਲਈ ਸਰਗਰਮ ਹੋਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਬ੍ਰਿਕਸ ਦੀ ਸਫ਼ਲਤਾ ਸਿਰਫ਼ ਚਰਚਾਵਾਂ ਨਾਲ ਨਹੀਂ, ਸਗੋਂ ਉਨ੍ਹਾਂ ਤੋਂ ਨਿਕਲੇ ਠੋਸ ਨਤੀਜਿਆਂ ਨਾਲ ਨਾਪੀ ਜਾਏਗੀ। ਉਨ੍ਹਾਂ ਕਿਹਾ ਕਿ ਕਾਨੂੰਨ ਨਿਰਮਾਣ, ਬਜਟ, ਵਿਚਾਰ-ਵਟਾਂਦਰੇ ਰਾਹੀਂ ਸੰਸਦਾਂ ਇਨ੍ਹਾਂ ਉਦੇਸ਼ਾਂ ਨੂੰ ਹਾਸਿਲ ਕਰਨ ’ਚ ਅਹਿਮ ਯੋਗਦਾਨ ਦੇ ਸਕਦੀਆਂ ਹਨ। ਬਿਰਲਾ ਨੇ ਕਿਹਾ ਕਿ ਮੈਂਬਰ ਦੇਸ਼ਾਂ ਦੀ ਭੂਗੋਲਿਕ, ਸੱਭਿਆਚਾਰਕ, ਭਾਸ਼ਾਈ ਅਤੇ ਸਮਾਜਿਕ ਵੰਨ-ਸੁਵੰਨਤਾ ਦੇ ਬਾਵਜੂਦ ਲੋਕਤੰਤ੍ਰਿਕ ਕਦਰਾਂ ਅਤੇ ਮਨੁੱਖਤਾ ਪ੍ਰਤੀ ਸਾਂਝੀ ਜ਼ਿੰਮੇਵਾਰੀ ਉਨ੍ਹਾਂ ਨੂੰ ਇਕ ਸੂਤਰ ’ਚ ਪਰੋਂਦੀ ਹੈ। ਲੋਕ ਸਭਾ ਸਪੀਕਰ ਨੇ ਆਲਮੀ ਅਨਿਸਚਿਤਤਾ ਦੇ ਦੌਰ ’ਚ ਸੰਵਾਦ ਅਤੇ ਕੂਟਨੀਤੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਵਿਸ਼ਵ ਇਸ ਵੇਲੇ ਖੇਤਰੀ ਸੰਘਰਸ਼ਾਂ, ਜੰਗਾਂ, ਆਰਥਿਕ ਅਸਥਿਰਤਾ, ਵਪਾਰਕ ਤਣਾਅ, ਅੱਤਵਾਦ ਅਤੇ ਜਲਵਾਯੂ ਬਦਲਾਅ ਜਿਹੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।  ਉਨ੍ਹਾਂ ਕਿਹਾ ਕਿ ਸੰਸਦਾਂ ਆਪਸੀ ਸਮਝ ਅਤੇ ਵਿਸ਼ਵਾਸ ਨੂੰ ਮਜ਼ਬੂਤ ਕਰਨ, ਅੰਤਰਰਾਸ਼ਟਰੀ ਤਣਾਅ ਘੱਟ ਕਰਨ ਅਤੇ ਆਲਮੀ ਚੁਣੌਤੀਆਂ ਦੇ ਸ਼ਾਂਤੀਪੂਰਨ ਹਲ ’ਚ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ। ਬਿਰਲਾ ਨੇ ਨੌਜਵਾਨਾਂ ਨੂੰ ਨੀਤੀਆਂ ਦੇ ਕੇਂਦਰ ’ਚ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਸੰਸਦਾਂ ਦਾ ਫਰਜ਼ ਹੈ ਕਿ ਉਹ ਨੌਜਵਾਨਾਂ ਦੀਆਂ ਆਸਾਂ ਨੂੰ ਸਮਝਣ, ਉਨ੍ਹਾਂ ਦੀ ਆਵਾਜ਼ ਨੂੰ ਉਚਿਤ ਥਾਂ ਦੇਣ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਰਾਸ਼ਟਰ ਨਿਰਮਾਣ ਨਾਲ ਜੋੜਨ। ਜ਼ਿਕਰਯੋਗ ਹੈ ਕਿ 12ਵੇਂ ਬ੍ਰਿਕਸ ਸੰਸਦੀ ਫੋਰਮ ਦਰਮਿਆਨ ਚਾਰ ਮੁੱਖ ਵਿਸ਼ਿਆਂ ’ਤੇ ਚਰਚਾ ਕੀਤੀ ਜਾਏਗੀ, ਜਿਸ ’ਚ ਨਵੀਆਂ ਪਹਿਲਕਦਮੀਆਂ, ਸਹਿਯੋਗ, ਲਚੀਲਾਪਨ ਅਤੇ ਨਿਰੰਤਰਤਾ ਸ਼ਾਮਿਲ ਹੈ। ਇਸ ਸੰਮੇਲਨ ’ਚ ਕੁੱਲ 13 ਦੇਸ਼ ਹਿੱਸਾ ਲੈ ਰਹੇ ਹਨ, ਜਿਨ੍ਹਾਂ ’ਚ 6 ਮੈਂਬਰ ਦੇਸ਼ ਅਤੇ 7 ਭਾਗੀਦਾਰ ਦੇਸ਼ ਹਨ।
ਪ੍ਰਧਾਨ ਮੰਤਰੀ ਨੇ ਕੀਤੀ ਵਿਦੇਸ਼ੀ ਵਫ਼ਦ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ‘12ਵੇਂ ਬ੍ਰਿਕਸ ਸੰਸਦੀ ਫੋਰਮ’ ’ਚ ਹਿੱਸਾ ਲੈਣ ਆਏ ਵਿਦੇਸ਼ੀ ਵਫ਼ਦਾਂ ਨਾਲ ਮੁਲਾਕਾਤ ਕੀਤੀ।
ਪ੍ਰਦਰਸ਼ਨੀ ਨੇ ਲੁਭਾਇਆ
ਬ੍ਰਿਕਸ ਸੰਸਦੀ ਫੋਰਮ ਦੇ ਵਫ਼ਦਾਂ ਲਈ ਇਕ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ, ਜਿਸ ’ਚ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਹੁਨਰ ਅਤੇ ਕਾਰੀਗਰੀ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨੀ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਗਿਆਨੇਸ਼ ਕੁਮਾਰ ਨੂੰ ਹਟਾਉਣ, 30 ਸਕਿੰਟ ’ਚ ਅੰਦੋਲਨ ਖ਼ਤਮ ਕਰ ਦੇਵਾਂਗੇ -ਰਾਹੁਲ ਗਾਂਧੀ ਅਗਲੀ ਖ਼ਬਰ ਯੂ.ਪੀ. ਦੀ ਰਾਜਧਾਨੀ ’ਚ ‘ਟ੍ਰਿਪਲ ਮਰਡਰ’ ਤੋਂ ਸਪੱਸ਼ਟ, ਭਾਜਪਾ ਰਾਜ ’ਚ ਕਾਨੂੰਨ ਵਿਵਸਥਾ ਢਹਿ-ਢੇਰੀ-ਸੰਜੇ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।