ਲੰਡਨ, 15 ਨਵੰਬਰ, (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਸੰਸਥਾਪਕ ਤੇ ਸਾਬਕਾ ਚੇਅਰਮੈਨ ਲਲਿਤ ਮੋਦੀ ਨੂੰ ਭਾਰਤ ਛੱਡਣ ਦੇ ਕਰੀਬ 16 ਸਾਲ ਬਾਅਦ ਬਰਤਾਨਵੀ ਨਾਗਰਿਕਤਾ ਮਿਲ ਗਈ ਹੈ। ਉਨ੍ਹਾਂ ਨੇ ਆਕਸਫੋਰਡ ਯੂਨੀਅਨ ਵਿਚ ਸੰਬੋਧਨ ਦੌਰਾਨ ਇਸ ਦਾ ਜਨਤਕ ਐਲਾਨ ਕੀਤਾ । ਲਲਿਤ ਮੋਦੀ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿਚ ਹੋਏ ਸਮਾਗਮ ਦੌਰਾਨ ਬਰਤਾਨਵੀ ਨਾਗਰਿਕਤਾ ਪ੍ਰਾਪਤ ਕੀਤੀ ਸੀ। ਲਲਿਤ ਮੋਦੀ ਨੇ ਬਰਤਾਨਵੀ ਨਾਗਰਿਕ ਬਣਨ ਨੂੰ ਆਪਣੀ ਜ਼ਿੰਦਗੀ ਦਾ ਮਾਣਮੱਤਾ ਤੇ ਵਿਸ਼ੇਸ਼ ਪਲ ਦੱਸਦਿਆਂ ਕਿਹਾ ਕਿ ਇਹ ਉਨ੍ਹਾਂ ਲਈ ਸਿਰਫ਼ ਇੱਕ ਸਨਮਾਨ ਹੀ ਨਹੀਂ, ਸਗੋਂ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਬਰਤਾਨੀਆ ਦੀ ਤਰੱਕੀ ਤੇ ਸਮਾਜ ਵਿਚ ਸਕਾਰਾਤਮਕ ਯੋਗਦਾਨ ਪਾਉਣ ਦੀ ਵਚਨਬੱਧਤਾ ਪ੍ਰਗਟਾਈ। ਜ਼ਿਕਰਯੋਗ ਹੈ ਕਿ ਲਲਿਤ ਮੋਦੀ ਨੇ ਸਾਲ 2008 ਵਿਚ ਆਈ.ਪੀ.ਐੱਲ. ਦੀ ਸ਼ੁਰੂਆਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਉਹ 2008 ਤੋਂ 2010 ਤੱਕ ਇਸ ਦੇ ਪਹਿਲੇ ਚੇਅਰਮੈਨ ਤੇ ਕਮਿਸ਼ਨਰ ਰਹੇ। ਸਾਲ 2010 ਵਿਚ ਆਈ.ਪੀ.ਐੱਲ. ਨਾਲ ਸੰਬੰਧਿਤ ਕਥਿਤ ਵਿੱਤੀ ਬੇਨਿਯਮੀਆਂ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਭਾਰਤ ਛੱਡ ਕੇ ਬਰਤਾਨੀਆ ਆ ਗਏ ਅਤੇ ਉਦੋਂ ਤੋਂ ਲੰਡਨ ਵਿਚ ਰਹਿ ਰਹੇ ਹਨ। ਲਲਿਤ ਮੋਦੀ ਨੇ ਆਪਣੀ ਬਰਤਾਨਵੀ ਨਾਗਰਿਕਤਾ ਦਾ ਐਲਾਨ ਬਾਦਸ਼ਾਹ ਚਾਰਲਸ ਤੀਜੇ ਦੇ ਜਨਮ ਦਿਨ ਮੌਕੇ ਕਰਦਿਆਂ ਆਪਣੇ ਸੰਦੇਸ਼ ਦੀ ਸਮਾਪਤੀ ‘ਗੌਡ ਸੇਵ ਦ ਕਿੰਗ’ ਦੇ ਸ਼ਬਦਾਂ ਨਾਲ ਕੀਤੀ। ਉਨ੍ਹਾਂ ਦੀ ਬਰਤਾਨਵੀ ਨਾਗਰਿਕਤਾ ਦਾ ਐਲਾਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਭਾਰਤ ਵਿਚ ਉਨ੍ਹਾਂ ਨਾਲ ਸੰਬੰਧਿਤ ਪੁਰਾਣੇ ਵਿੱਤੀ ਮਾਮਲੇ ਅਜੇ ਵੀ ਚਰਚਾ ਦਾ ਵਿਸ਼ਾ ਹਨ।
ਲਲਿਤ ਮੋਦੀ ਨੂੰ ਮਿਲੀ ਬਰਤਾਨਵੀ ਨਾਗਰਿਕਤਾ
ਲਲਿਤ ਮੋਦੀ ਨੂੰ ਮਿਲੀ ਬਰਤਾਨਵੀ ਨਾਗਰਿਕਤਾ
ਅਜੀਤ ਡੈਸਕ
16-11-2026