ਵਾਸ਼ਿੰਗਟਨ, 17 ਅਕਤੂਬਰ (ਪੀ. ਟੀ. ਆਈ.)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਤੇ ਗੈਸ ਖ਼ਰੀਦਣ ਵਾਲੇ ਦੇਸ਼ਾਂ ’ਤੇ 100 ਫ਼ੀਸਦੀ ਤੱਕ ਵਾਧੂ ਟੈਰਿਫ਼ ਲਾਉਣ ਦੀ ਵਿਵਸਥਾ ਨੂੰ ਫ਼ਿਲਹਾਲ ਰੋਕ ਦਿੱਤਾ ਹੈ। ਉਨ੍ਹਾਂ ਦੇ ਇਸ ਨਵੇਂ ਕਾਰਜਕਾਰੀ ਹੁਕਮ ਨਾਲ ਭਾਰਤ ਨੂੰ ਵੀ ਵੱਡੀ ਰਾਹਤ ਮਿਲੀ ਹੈ। ਟਰੰਪ ਨੇ 16 ਅਕਤੂਬਰ ਨੂੰ ਜਾਰੀ ਕਾਰਜਕਾਰੀ ਹੁਕਮ ’ਚ ਅਮਰੀਕਾ ਦੇ ਕੌਮੀ ਹਿੱਤਾਂ ਦਾ ਹਵਾਲਾ ਦਿੰਦਿਆਂ ਰੂਸ ਤੇ ਈਰਾਨ ਨਾਲ ਸਬੰਧਤ ਨਵੇਂ ਕਾਨੂੰਨ ਦੀਆਂ ਕੁਝ ਪਾਬੰਦੀਆਂ ਤੇ ਟੈਰਿਫ਼ ਵਿਵਸਥਾਵਾਂ ਤੋਂ ਛੋਟ ਦਿੱਤੀ ਹੈ। ਇਸ ਕਾਨੂੰਨ ਤਹਿਤ ਰੂਸ ਤੋਂ ਤੇਲ ਜਾਂ ਗੈਸ ਖ਼ਰੀਦਣ ਵਾਲੇ ਪ੍ਰਮੁੱਖ ਦੇਸ਼ਾਂ ਦੇ ਅਮਰੀਕਾ ਨੂੰ ਕੀਤੇ ਜਾਣ ਵਾਲੇ ਨਿਰਯਾਤ ’ਤੇ 100 ਫ਼ੀਸਦੀ ਤੱਕ ਟੈਰਿਫ਼ ਲਾਉਣ ਦਾ ਪ੍ਰਬੰਧ ਸੀ। ਭਾਰਤ ਤੇ ਚੀਨ ਰੂਸੀ ਤੇਲ ਦੇ ਵੱਡੇ ਖ਼ਰੀਦਦਾਰ ਹਨ। ਨਵੀਂ ਵਿਵਸਥਾ ਨਾਲ ਭਾਰਤੀ ਵਸਤਾਂ ’ਤੇ ਇਸ ਵਾਧੂ ਟੈਰਿਫ਼ ਦਾ ਤੁਰੰਤ ਖ਼ਤਰਾ ਟਲ ਗਿਆ ਹੈ। ਹਾਲਾਂਕਿ ਅਮਰੀਕੀ ਪ੍ਰਸ਼ਾਸਨ ਭਵਿੱਖ ’ਚ ਹਾਲਾਤ ਦੇ ਆਧਾਰ ’ਤੇ ਮੁੜ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ। ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤ ਤੇ ਅਮਰੀਕਾ ਵਿਚਾਲੇ ਵਪਾਰ ਸਮਝੌਤੇ ਦੇ ਪਹਿਲੇ ਪੜਾਅ ਨੂੰ ਅੰਤਿਮ ਰੂਪ ਦੇਣ ਲਈ ਗੱਲਬਾਤ ਚੱਲ ਰਹੀ ਹੈ। ਟੈਰਿਫ਼ ਦੇ ਮੁੱਦੇ ’ਤੇ ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਤਣਾਅ ਵੀ ਰਿਹਾ ਹੈ। ਜਾਣਕਾਰੀ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਤੇਲ ਜਾਂ ਗੈਸ ਦੇ ਪੰਜ ਸਭ ਤੋਂ ਵੱਡੇ ਖ਼ਰੀਦਦਾਰ ਦੇਸ਼ਾਂ ਤੋਂ ਦਰਾਮਦ ਹੋਣ ਵਾਲੀਆਂ ਵਸਤਾਂ ’ਤੇ 100 ਫ਼ੀਸਦੀ ਤੱਕ ਟੈਰਿਫ਼ ਲਾਉਣ ਦੇ ਫ਼ੈਸਲੇ ਤੋਂ ਛੋਟ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮਾਸਕੋ ਨੂੰ ਨਿਸ਼ਾਨਾ ਬਣਾਉਣ ਵਾਲੇ ਨਵੇਂ ਕਾਨੂੰਨ ਤਹਿਤ ਕੁਝ ਪਾਬੰਦੀਆਂ ਤੋਂ ਵੀ ਛੋਟ ਦਿੱਤੀ ਗਈ ਹੈ। ਟਰੰਪ ਨੇ ਇਹ ਕਦਮ ਅਮਰੀਕਾ ਦੇ ਕੌਮੀ ਹਿੱਤਾਂ ਦਾ ਹਵਾਲਾ ਦਿੰਦਿਆਂ ਚੁੱਕਿਆ ਹੈ। ਸ਼ੁੱਕਰਵਾਰ ਰਾਤ ਨੂੰ ਦਸਤਖ਼ਤ ਕੀਤੇ ਕਾਰਜਕਾਰੀ ਹੁਕਮ ’ਚ ਟਰੰਪ ਨੇ ‘ਲਿੰਡਸੇ ਓ. ਗ੍ਰਾਹਮ ਸੈਂਕਸ਼ਨਿੰਗ ਰੂਸ ਐਂਡ ਈਰਾਨ ਐਕਟ’ ਤਹਿਤ ਲਾਗੂ ਹੋਣ ਵਾਲੀਆਂ ਕੁਝ ਪਾਬੰਦੀਆਂ ਤੇ ਡਿਊਟੀਆਂ ਤੋਂ ਛੋਟ ਦਿੱਤੀ। ਇਹ ਫ਼ੈਸਲਾ ਅਮਰੀਕਾ ਤੇ ਵਿਸ਼ਵ ਬਾਜ਼ਾਰਾਂ ਲਈ ਡੀਜ਼ਲ ਦੀ ਸਪਲਾਈ ਸਬੰਧੀ ਰੂਸ ਨਾਲ ਸਮਝੌਤਾ ਕਰਨ ਤੋਂ ਕੁਝ ਦਿਨ ਬਾਅਦ ਆਇਆ ਹੈ।
ਟਰੰਪ ਵਲੋਂ ਰੂਸ ਤੋਂ ਤੇਲ ਖ਼ਰੀਦਣ ਵਾਲੇ ਦੇਸ਼ਾਂ ’ਤੇ ਵਾਧੂ ਟੈਰਿਫ਼ ਲਾਉਣ ਦੀ ਯੋਜਨਾ ’ਤੇ ਰੋਕ ਭਾਰਤ ’ਤੇ 100 ਫ਼ੀਸਦੀ ਟੈਰਿਫ਼ ਦਾ ਖ਼ਤਰਾ ਟਲਿਆ
ਵਾਸ਼ਿੰਗਟਨ, 17 ਅਕਤੂਬਰ (ਪੀ. ਟੀ. ਆਈ.)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਤੋਂ ਤੇਲ ਤੇ ਗੈਸ ਖ਼ਰੀਦਣ ਵਾਲੇ ਦੇਸ਼ਾਂ ’ਤੇ 100 ਫ਼ੀਸਦੀ ਤੱਕ ਵਾਧੂ ਟੈਰਿਫ਼ ਲਾਉਣ ਦੀ ਵਿਵਸਥਾ ਨੂੰ ਫ਼ਿਲਹਾਲ ਰੋਕ ਦਿੱਤਾ ਹੈ। ਉਨ੍ਹਾਂ ਦੇ ...
ਅਜੀਤ ਡੈਸਕ
18-10-2026