12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੀਂਹ ਕਾਰਨ ਮੰਡੀਆਂ ’ਚ ਭਰਿਆ ਪਾਣੀ-ਝੋਨੇ ਦੀ ਖ਼ਰੀਦ ਪ੍ਰਭਾਵਿਤ

ਮੀਂਹ ਕਾਰਨ ਮੰਡੀਆਂ ’ਚ ਭਰਿਆ ਪਾਣੀ-ਝੋਨੇ ਦੀ ਖ਼ਰੀਦ ਪ੍ਰਭਾਵਿਤ

ਅਜੀਤ ਡੈਸਕ 12-10-2026

ਫ਼ਾਜ਼ਿਲਕਾ ਦੀ ਮੰਡੀ ’ਚ ਮੀਂਹ ਦੇ ਪਾਣੀ ’ਚ ਰੁੜ੍ਹਿਆ ਝੋਨਾ
ਚੰਡੀਗੜ੍ਹ, 11 ਅਕਤੂਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਦੇ ਕਈ ਹਿੱਸਿਆਂ ’ਚ ਐਤਵਾਰ ਸਵੇਰੇ ਪਏ ਮੀਂਹ ਨੇ ਝੋਨੇ ਦੀ ਵਾਢੀ ਤੇ ਖ਼ਰੀਦ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਹੈ। ਸਵੇਰ ਤੋਂ ਹੀ ਅਸਮਾਨ ’ਚ ਕਾਲੀਆਂ ਘਟਾਵਾਂ ਛਾਈਆਂ ਰਹੀਆਂ ਅਤੇ ਕਈ ਇਲਾਕਿਆਂ ’ਚ ਪਏ ਮੀਂਹ ਕਾਰਨ ਦਿਨ ਵੇਲੇ ਹੀ ਹਨੇਰੇ ਵਰਗਾ ਮਾਹੌਲ ਬਣ ਗਿਆ। ਮੰਡੀਆਂ ’ਚ ਖੁੱਲ੍ਹੇ ਅਸਮਾਨ ਹੇਠ ਪਿਆ ਝੋਨਾ ਭਿੱਜ ਗਿਆ, ਜਦਕਿ ਖੇਤਾਂ ’ਚ ਖੜ੍ਹੀ ਫ਼ਸਲ ਨੂੰ ਵੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਕਈ ਥਾਵਾਂ ’ਤੇ ਮੰਡੀਆਂ ਵਿਚ ਪਾਣੀ ਭਰਨ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਫ਼ਾਜ਼ਿਲਕਾ, ਫ਼ਿਰੋਜ਼ਪੁਰ, ਬਠਿੰਡਾ, ਮਾਨਸਾ, ਗੁਰਦਾਸਪੁਰ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਪਟਿਆਲਾ ਅਤੇ ਜਗਰਾਉਂ ਸਮੇਤ ਵੱਖ-ਵੱਖ ਇਲਾਕਿਆਂ ਤੋਂ ਮੰਡੀਆਂ ਵਿਚ ਪਾਣੀ ਭਰਨ ਅਤੇ ਝੋਨਾ ਭਿੱਜਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਸੂਬੇ ਭਰ ਦੀਆਂ ਦਾਣਾ ਮੰਡੀਆਂ ਨੱਕੋ-ਨੱਕ ਝੋਨਾ ਵਿਕਣ ਲਈ ਭਰੀਆਂ ਪਈਆਂ ਹਨ ਤੇ ਕਈ ਫੜ੍ਹਾਂ ਅੰਦਰ ਪਾਣੀ ਭਰ ਗਿਆ ਹੈ। ਵਪਾਰੀ ਵਰਗ ਨੇ ਦਾਅਵਾ ਕੀਤਾ ਹੈ ਕਿ ਮੰਡੀਆਂ ’ਚ ਪਾਣੀ ਭਰਨ ਨਾਲ ਕਰੋੜਾਂ ਰੁਪਏ ਦੀ ਝੋਨੇ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਇਹ ਨੁਕਸਾਨ ਸਿਰਫ਼ ਕਿਸਾਨਾਂ ਦਾ ਨਹੀਂ ਬਲਕਿ ਆੜ੍ਹਤੀ ਅਤੇ ਸ਼ੈਲਰ ਮਾਲਕਾਂ ਦਾ ਵੀ ਹੋਇਆ ਹੈ। ਮੀਂਹ ਨਾਲ ਝੋਨੇ ’ਚ ਨਮੀ ਵਧਣ ਕਰਕੇ ਸਰਕਾਰੀ ਖ਼ਰੀਦ ਤੇ ਫ਼ਸਲ ਦੀ ਸੰਭਾਲ ’ਚ ਦੇਰੀ ਹੋਣ ਦਾ ਖ਼ਦਸ਼ਾ ਹੈ। ਇਸ ਦੇ ਨਾਲ ਹੀ ਵਾਢੀ ਦਾ ਕੰਮ ਵੀ ਹੌਲੀ ਪੈਣ ਦੀ ਸੰਭਾਵਨਾ ਹੈ। ਕਿਸਾਨਾਂ ਨੇ ਮੰਡੀਆਂ ’ਚ ਪਾਣੀ ਦੀ ਨਿਕਾਸੀ ਤੇ ਫ਼ਸਲ ਨੂੰ ਮੀਂਹ ਤੋਂ ਬਚਾਉਣ ਲਈ ਢੁਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਖ਼ਬਰਾਂ ਮੁਤਾਬਿਕ ਕੁਝ  ਥਾਵਾਂ ’ਤੇ ਗੜ੍ਹੇਮਾਰੀ ਦੀਆਂ ਰਿਪੋਰਟਾਂ ਵੀ ਆਈਆਂ ਹਨ। 

ਅੱਜ ਵੀ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ
ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਅਨੁਸਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਐਤਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਸੀ। ਇਸੇ ਤਰ੍ਹਾਂ ਸੋਮਵਾਰ (12 ਅਕਤੂਬਰ) ਨੂੰ ਵੀ ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਵਰਗੀਆਂ ਮੌਸਮੀ ਗਤੀਵਿਧੀਆਂ ਦੀ ਸੰਭਾਵਨਾ ਦਰਸਾਈ ਗਈ ਹੈ। ਮੌਸਮ ਵਿਭਾਗ ਦੀ ਚਿਤਾਵਨੀ ’ਚ ਸੰਗਰੂਰ, ਪਟਿਆਲਾ, ਲੁਧਿਆਣਾ, ਜਲੰਧਰ ਸਮੇਤ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ, ਗਰਜ-ਚਮਕ ਤੇ ਮੀਂਹ ਦੀ ਸੰਭਾਵਨਾ ਦੱਸੀ ਗਈ ਹੈ। ਇਸ ਦੇ ਨਾਲ ਮੀਂਹ ਪੈਣ ਨਾਲ ਤਾਪਮਾਨ ’ਚ ਗਿਰਾਵਟ ਆਈ ਹੈ ਅਤੇ ਹਵਾ ’ਚ ਠੰਢਕ ਮਹਿਸੂਸ ਕੀਤੀ ਜਾਣ ਲੱਗੀ ਹੈ।
ਬੇਮੌਸਮੇ ਮੀਂਹ ਕਾਰਨ ਝੋਨੇ ਦੀ ਵਾਢੀ ਦਾ ਕੰਮ ਹੋਇਆ ਪ੍ਰਭਾਵਿਤ
ਗੁਰਦਾਸਪੁਰ, (ਚੱਕਰਾਜਾ)-ਬੇਮੌਸਮੇ ਮੀਂਹ ਕਾਰਨ ਖੇਤਾਂ ’ਚ ਝੋਨੇ ਦੀ ਪੱਕੀ ਫਸਲ ਦੇ ਖਰਾਬ ਹੋਣ ਨੂੰ ਲੈ ਕੇ ਕਿਸਾਨਾਂ ਦੇ ਸਾਹ ਸੂਤੇ ਹੋਏ ਹਨ। ਇਸ ਸਮੇਂ ਫਸਲ ਦੀ ਵਾਢੀ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ, ਪਰ ਪਿਛਲੇ ਕੁਝ ਦਿਨਾਂ ਤੋਂ ਖਰਾਬ ਮੌਸਮ ਕਾਰਨ ਫਸਲ ਪ੍ਰਭਾਵਿਤ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ, ਕਿਉਂਕਿ ਮੀਂਹ ਕਾਰਨ ਬਹੁਤ ਸਾਰੀਆਂ ਨੀਵੀਆਂ ਜ਼ਮੀਨਾਂ ਜਿਥੇ ਪਾਣੀ ਖੜਨ ਨਾਲ ਕਿਸਾਨਾਂ ਨੂੰ ਝੋਨੇ ਦੀ ਵਾਢੀ ’ਚ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ, ਉਥੇ ਹੀ ਮੰਡੀਆਂ ’ਚ ਝੋਨੇ ਦੀਆਂ ਲੱਗੀਆਂ ਢੇਰੀਆਂ ਵੀ ਪਾਣੀ ਭਰ ਜਾਣ ਕਾਰਨ ਖਰਾਬ ਹੋ ਸਕਦੀਆਂ ਹਨ, ਜਿਸ ਦਾ ਖਮਿਆਜ਼ਾ ਕਿਸਾਨਾਂ ਤੇ ਆੜ੍ਹਤੀਆਂ ਨੂੰ ਭੁਗਤਣਾ ਪੈ ਸਕਦਾ ਹੈ।   
ਜਗਰਾਉਂ ਦੀਆਂ ਮੰਡੀਆਂ ’ਚ ਝੋਨਾ ਭਿੱਜਿਆ
ਜਗਰਾਉਂ, (ਸ਼ਮਸ਼ੇਰ ਸਿੰਘ ਗਾਲਿਬ)- ਅੱਜ ਸਵੇਰੇ ਅੱਧਾ ਘੰਟਾ ਤੇਜ਼ ਮੀਂਹ ਪੈਣ ਕਾਰਨ ਜਗਰਾਉਂ ਮੁੱਖ ਦਾਣਾ ਮੰਡੀ ਸਣੇ ਵੱਖ-ਵੱਖ ਮੰਡੀਆਂ ’ਚ ਝੋਨੇ ਦੀ ਫ਼ਸਲ ਦੀਆਂ ਹਜ਼ਾਰਾਂ ਬੋਰੀਆਂ ਭਿੱਜ ਗਈਆਂ। ਇਸ ਦਾ ਅਸਰ ਕਿਸਾਨਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਪੈ ਸਕਦਾ ਹੈ। ਇਸ ਨਾਲ ਕਿਸਾਨਾਂ ਦਾ ਚਿੰਤਤ ਹੋਣਾ ਸੁਭਾਵਿਕ ਹੀ ਹੈ। ਇਸ ਵਾਰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੀਂਹ ਆਮ ਨਾਲ ਘੱਟ ਪਏ। ਮੌਸਮ ਦੀ ਤਪਸ਼ ਕਾਰਨ ਝੋਨੇ ਦੀ ਫ਼ਸਲ ਸਮੇਂ ਤੋਂ ਪਹਿਲਾਂ ਪੱਕ ਕੇ ਤਿਆਰ ਹੋ ਗਈ। ਤੇਜ਼ ਮੀਹ ਕਾਰਨ ਜ਼ਿਆਦਾਤਰ ਝੋਨਾ ਮੁੱਖ ਮੰਡੀ ਜਗਰਾਉਂ ’ਚ ਭਿੱਜ ਗਿਆ ਹੈ। 
ਕਿਸਾਨਾਂ ਦੀ ਵਧੀ ਚਿੰਤਾ
ਖੰਨਾ, (ਹਰਜਿੰਦਰ ਸਿੰਘ ਲਾਲ)-ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ’ਚ ਵੀ ਮੌਸਮ ਦੀ ਮਾਰ ਦੇਖਣ ਨੂੰ ਮਿਲੀ। ਮੰਡੀ ਵਿਚ ਝੋਨੇ ਦੀ ਫ਼ਸਲ ਲੈ ਕੇ ਪਹੁੰਚੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਫ਼ਸਲ ਵੇਚਣ ਲਈ ਮੰਡੀ ਵਿਚ ਬੈਠੇ ਹਨ, ਪਰ ਫ਼ਸਲ ਵਿਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਖਰੀਦ ਨਹੀਂ ਹੋ ਰਹੀ। ਕਿਸਾਨਾਂ ਮੁਤਾਬਕ ਬਦਲਦੇ ਮੌਸਮ ਅਤੇ ਬਰਸਾਤ ਕਾਰਨ ਫ਼ਸਲ ਵਿਚੋਂ ਨਮੀ ਘਟਾਉਣਾ ਵੀ ਮੁਸ਼ਕਿਲ ਹੋ ਗਿਆ ਹੈ। ਅਜਿਹੇ ਵਿਚ ਮੰਡੀ ਵਿਚ ਪਈ ਫ਼ਸਲ ਦੀ ਖਰੀਦ ਰੁਕੀ ਹੋਈ ਹੈ। ਹੁਣ ਕਿਸਾਨਾਂ ਦੀ ਨਜ਼ਰ ਮੌਸਮ ਸਾਫ਼ ਹੋਣ ਅਤੇ ਝੋਨੇ ਦੀ ਖਰੀਦ ’ਚ ਤੇਜ਼ੀ ਆਉਣ ’ਤੇ ਟਿਕੀ ਹੋਈ ਹੈ।
  ਕਟਾਰੂਚੱਕ ਵਲੋਂ ਮੁਕਤਸਰ ਤੇ ਬਠਿੰਡਾ ਦੀਆਂ ਮੰਡੀਆਂ ਦਾ ਦੌਰਾ
ਇਸ ਦੌਰਾਨ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਮੁਕਤਸਰ ਅਤੇ ਬਠਿੰਡਾ ਦੀਆਂ ਮੰਡੀਆਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਹਰ ਦਾਣੇ ਦੀ ਖ਼ਰੀਦ ਯਕੀਨੀ ਬਣਾਏਗੀ। ਉਨ੍ਹਾਂ ਕਿਹਾ ਕਿ ਮੀਂਹ ਕਾਰਨ ਹੋਏ ਨੁਕਸਾਨ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।
ਪ੍ਰਬੰਧਾਂ ਦੀ ਘਾਟ ਕਾਰਨ ਹੋਇਆ ਨੁਕਸਾਨ
ਫ਼ਾਜ਼ਿਲਕਾ, 11 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਇਲਾਕੇ ਅੰਦਰ ਆਏ ਭਾਰੇ ਤੂਫ਼ਾਨ ਅਤੇ ਵਰਖਾ ਨੇ ਸਾਉਣੀ ਦੀ ਪੱਕੀ ਪਕਾਈ ਖੜ੍ਹੀ ਝੋਨੇ ਦੀ ਮੁੱਖ ਫ਼ਸਲ ਜਿੱਥੇ ਖੇਤਾਂ ਵਿਚ ਧਰਤੀ ’ਤੇ ਵਿਛਾ ਦਿੱਤੀ ਉੱਥੇ ਹੀ ਵਿਕਣ ਲਈ ਮੰਡੀਆਂ ਵਿਚ ਆਇਆ ਝੋਨਾ ਪਾਣੀ ਵਿਚ ਵਹਿ ਗਿਆ। ਫ਼ਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਕਰਨੀ ਖੇੜਾ, ਅਭੁੰਨ, ਬੰਨਵਾਲਾ, ਰਾਮਪੁਰਾ, ਕੌੜਿਆਂ ਵਾਲੀ, ਆਵਾ, ਬਹਿਕ ਖ਼ਾਸ, ਲਾਲੋ ਵਾਲੀ, ਥੇਹ ਕਲੰਦਰ ਆਦਿ ਤੋਂ ਆਈਆਂ ਰਿਪੋਰਟਾਂ ਮੁਤਾਬਿਕ ਤੇਜ਼ ਝੱਖੜ ਤੇ ਮੀਂਹ ਨਾਲ ਝੋਨੇ ਦੀ ਫ਼ਸਲ ਧਰਤੀ ’ਤੇ ਵਿਛ ਗਈ।  ਕਿਸਾਨਾਂ ਨੇ ਦੱਸਿਆ ਕਿ ਧਰਤੀ ’ਤੇ ਵਿਛੇ ਝੋਨੇ ਦੀ ਜਿੱਥੇ ਕਟਾਈ ਬਹੁਤ ਔਖੀ ਹੋਵੇਗੀ, ਉਥੇ ਹੀ ਪਾਣੀ ’ਚ ਡੁੱਬੇ ਸਿੱਟੇ ਕਾਲੇ ਹੋ ਜਾਣਗੇ ਅਤੇ ਝਾੜ ਪੱਖੋਂ ਝੋਨੇ ਦੇ ਦਾਣੇ ਕੱਖੋਂ ਹੋਲੇ ਹੋ ਜਾਣਗੇ, ਜੋ ਕਿ ਕਿਸਾਨ ਦੀ ਆਰਥਿਕ ਤਬਾਹੀ ਦਾ ਕਾਰਨ ਬਣੇਗਾ। ਐਸ.ਡੀ.ਐਮ. ਫਾਜ਼ਿਲਕਾ ਯੁਗਰਾਜ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਅੰਦਰ ਭਰੇ ਪਾਣੀ ਨੂੰ ਕੱਢਣ ਲਈ ਤੜਕਸਾਰ ਤੋਂ ਹੀ ਯਤਨ ਆਰੰਭੇ ਹੋਏ ਹਨ।

ਪਿਛਲੀ ਖ਼ਬਰ ਸਾਊਦੀ ਅਰਬ ਦੇ ਰਿਆਦ ਹਵਾਈ ਅੱਡੇ ’ਤੇ ਹੂਤੀਆਂ ਵਲੋਂ ਹਮਲਾ-ਭਾਰਤੀ ਸਮੇਤ 13 ਮੌਤਾਂ ਅਗਲੀ ਖ਼ਬਰ 2047 ਤੱਕ ਵਿਕਸਿਤ ਭਾਰਤ ਬਣਾਉਣ ਲਈ ਵੱਡੇ ਸੁਪਨੇ ਦੇਖਣ ਵਿਦਿਆਰਥੀ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।