10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸੀ.ਜੇ.ਪੀ. ਦਾ ਪ੍ਰਦਰਸ਼ਨ ਰੋਕਣ ਲਈ ਦਿੱਲੀ ਦੀ ਕਿਲ੍ਹਾਬੰਦੀ ਜੰਤਰ-ਮੰਤਰ ’ਤੇ ਧਰਨੇ ਲਈ ਪੁਲਿਸ ਦੀ ਨਾਂਹ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 9 ਅਕਤੂਬਰ - ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਨੂੰ ਕਿਲ੍ਹੇ ’ਚ ਤਬਦੀਲ ਕਰਦਿਆਂ ਨਾ ਸਿਰਫ਼ ਥਾਂ-ਥਾਂ ’ਤੇ ਪੁਲਿਸ ਦੀ ਤਾਇਨਾਤੀ ਅਤੇ ਬੈਰੀਕੇਡਿੰਗ ਕੀਤੀ ਗਈ, ਸਗੋਂ ਸੁਰੱਖਿਆ ਦੇ ਮੱਦੇਨਜ਼ਰ ਮੈਟਰੋ ਦੇ 45 ਸਟੇਸ਼ਨਾਂ ਨੂੰ ....

ਅਜੀਤ ਡੈਸਕ 10-10-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 9 ਅਕਤੂਬਰ - ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਨੂੰ ਕਿਲ੍ਹੇ ’ਚ ਤਬਦੀਲ ਕਰਦਿਆਂ ਨਾ ਸਿਰਫ਼ ਥਾਂ-ਥਾਂ ’ਤੇ ਪੁਲਿਸ ਦੀ ਤਾਇਨਾਤੀ ਅਤੇ ਬੈਰੀਕੇਡਿੰਗ ਕੀਤੀ ਗਈ, ਸਗੋਂ ਸੁਰੱਖਿਆ ਦੇ ਮੱਦੇਨਜ਼ਰ ਮੈਟਰੋ ਦੇ 45 ਸਟੇਸ਼ਨਾਂ ਨੂੰ ਸ਼ੁੱਕਰਵਾਰ ਰਾਤ ਨੂੰ ਹੀ ਬੰਦ ਕਰਨ ਦੇ ਆਦੇਸ਼ ਦੇ ਦਿੱਤੇ ਗਏ ਅਤੇ ਨਵੀਂ ਦਿੱਲੀ ਤੇ ਹਜ਼ਰਤ ਨਿਜ਼ਾਮੁਦੀਨ ਰੇਲਵੇ ਸਟੇਸ਼ਨ ’ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਉਣ ਵਾਲੀਆਂ 250 ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। 9 ਅਕਤੂਬਰ ਦੀ ਰਾਤ 10 ਵਜੇ ਤੋਂ 10 ਅਕਤੂਬਰ ਦੀ ਰਾਤ 10 ਵਜੇ ਤੱਕ ਜੰਤਰ-ਮੰਤਰ ਦੇ 4 ਕਿਲੋਮੀਟਰ ਦੇ ਘੇਰੇ ’ਚ ਇੰਟਰਨੈੱਟ ਸੇਵਾਵਾਂ ਮੁਅੱਤਲ ਰਹਿਣਗੀਆਂ। ਇਹ ਸਾਰੇ ਇਹਤਿਆਤੀ ਕਦਮ ਉਸ ਵੇਲੇ ਚੁੱਕੇ ਗਏ, ਜਦੋਂ ਦਿੱਲੀ ਪੁਲਿਸ ਨੇ ਇਹ ਸਪੱਸ਼ਟੀਕਰਨ ਦਿੱਤਾ ਹੈ ਕਿ ਸੀ.ਜੇ.ਪੀ. ਨੂੰ ਜੰਤਰ-ਮੰਤਰ ’ਤੇ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੀ.ਜੇ.ਪੀ. ਵਲੋਂ ਇਹ ਪ੍ਰਦਰਸ਼ਨ ਦਾ ਮੁੱਦਾ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਦੇ ਮੁੱਦੇ ’ਤੇ ਦਿੱਤਾ ਗਿਆ ਹੈ।
ਦਿੱਲੀ ਪੁਲਿਸ ਦੀ ਸੰਯੁਕਤ ਪੁਲਿਸ ਕਮਿਸ਼ਨਰ ਨੁਪੁਰ ਪ੍ਰਸਾਦ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਦਿੱਲੀ ਪੁਲਿਸ ਨੇ ਜੰਤਰ-ਮੰਤਰ ’ਤੇ 10 ਅਕਤੂਬਰ ਨੂੰ ਪ੍ਰਸਤਾਵਿਤ ਸੀ.ਜੇ.ਪੀ. ਦੇ ਧਰਨਾ ਪ੍ਰਦਰਸ਼ਨ ਨੂੰ ਇਜਾਜ਼ਤ ਨਹੀਂ ਦਿੱਤੀ। ਪ੍ਰਸਾਦ ਨੇ ਕਿਹਾ ਕਿ ਨੇਮ ਮੁਤਾਬਿਕ ਪ੍ਰਦਰਸ਼ਨ ਲਈ ਘੱਟੋ-ਘੱਟ 10 ਦਿਨ ਪਹਿਲਾਂ ਪੁਲਿਸ ਨੂੰ ਜਾਣਕਾਰੀ ਦੇਣੀ ਹੁੰਦੀ ਹੈ। ਪਰ ਸੀ.ਜੇ.ਪੀ. ਨੇ 7 ਅਕਤੂਬਰ ਨੂੰ ਪੁਲਿਸ ਨੂੰ  ਦਰਖ਼ਾਸਤ ਦਿੱਤੀ ਸੀ। ਪੁਲਿਸ ਨੇ ਇਹ ਵੀ ਕਿਹਾ ਕਿ ਇਸ ਤੋਂ ਪਹਿਲਾਂ (ਜੁਲਾਈ ’ਚ) ਜਦੋਂ ਪਾਰਟੀ ਨੂੰ ਪ੍ਰਦਰਸ਼ਨ ਦੀ ਇਜਾਜ਼ਤ ਦਿੱਤੀ ਗਈ ਸੀ, ਤਾਂ ਉਨ੍ਹਾਂ ਕਈ ਨੇਮਾਂ ਅਤੇ ਆਪਣੀ ਵਚਨਬੱਧਤਾ ਦੀ ਉਲੰਘਣਾ ਕੀਤੀ। ਪੁਲਿਸ ਨੇ ਕਿਹਾ ਕਿ ਪਹਿਲਾਂ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਹੋਣਾ ਵੀ ਇਸ ਵਾਰ ਇਜਾਜ਼ਤ ਨਾ ਦੇਣ ਦਾ ਇਕ ਕਾਰਨ ਹੈ। ਪੁਲਿਸ ਨੇ ਪ੍ਰੈੱਸ ਕਾਨਫ਼ਰੰਸ ’ਚ ਇਹ ਵੀ ਕਿਹਾ ਕਿ ਨਵੀਂ ਦਿੱਲੀ ਇਲਾਕੇ ’ਚ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ ਦੀ ਧਾਰਾ 163 ਲਾਗੂ ਹੈ, ਜਿਸ ਤਹਿਤ ਜਨਤਕ ਵਿਵਸਥਾ ਅਤੇ ਸੁਰੱਖਿਆ ਬਣਾਈ ਰੱਖਣ ਲਈ ਇਹਤਿਆਤੀ ਪਾਬੰਦੀਆਂ ਲਾਈਆਂ ਗਈਆਂ ਹਨ। ਪੁਲਿਸ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਧਾਰਾ 163 ਦੀ ਉਲੰਘਣਾ ਕਰਨ ਵਾਲੇ ਖ਼ਿਲਾਫ਼ ਉਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਕੋਲ ਯੋਗ ਟਿਕਟਾਂ ਹੋਣਗੀਆਂ, ਉਨ੍ਹਾਂ ਨੂੰ ਦਿੱਲੀ ਦੇ ਕਿਸੇ ਵੀ ਸਟੇਸ਼ਨ ’ਤੇ ਨਹੀਂ ਰੋਕਿਆ ਜਾਵੇਗਾ।
ਦਿੱਲੀ ਪੁਲਿਸ ਦੀ ਨਾਗਰਿਕਾਂ ਦੇ ਨਾਂਅ ’ਤੇ ਖੁੱਲ੍ਹੀ ਚਿੱਠੀ
ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਨਾਗਰਿਕਾਂ ਦੇ ਨਾਂਅ ਖੁੱਲ੍ਹੀ ਚਿੱਠੀ ਵੀ ਲਿਖੀ, ਜਿਸ ’ਚ ਜਨਤਾ ਨੂੰ ਭਾਵੁਕ ਹੁੰਦਿਆਂ ਨਾਗਰਿਕਾਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਪ੍ਰਤੀ ਜ਼ਿੰਮੇਵਾਰੀ ਦਾ ਜ਼ਿਕਰ ਕਰਦਿਆਂ ਇਨਸਾਨੀਅਤ ਦਾ ਸੰਦੇਸ਼ ਵੀ ਦਿੱਤਾ। ਪੁਲਿਸ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਹ ਚਿੱਠੀ ਸਾਂਝੀ ਵੀ ਕੀਤੀ, ਜਿਸ ’ਤੇ ਲਿਖਿਆ ਸੀ ਕਿ ਹਰ ਵਰਦੀ, ਹਰ ਬਾਏ ਅਤੇ ਹਰ ਅਸਹਿਮਤੀ ਤੋਂ ਪਰ੍ਹਾਂ, ਅਸੀਂ ਸਭ ਤੋਂ ਪਹਿਲਾਂ ਇਨਸਾਨ ਹਾਂ। 3 ਸਤਰਾਂ ਦੀ ਚਿੱਠੀ ’ਚ ਲਿਖਿਆ ਸੀ ‘ਤੁਹਾਡੀ ਆਵਾਜ਼ ਤੁਹਾਡਾ ਹੱਕ ਹੈ ਅਤੇ ਤੁਹਾਡੀ ਸੁਰੱਖਿਆ ਸਾਡਾ ਫਰਜ਼’ ਅੱਗੇ ਲਿਖਿਆ ਕਿ ਵਰਦੀ ਦੇ ਪਿੱਛੇ ਵੀ ਇਕ ਇਨਸਾਨ ਹੈ, ਜਿਸ ਦਾ ਆਪਣਾ ਪਰਿਵਾਰ ਹੈ, ਆਪਣੇ ਲੋਕ ਹਨ। ਫ਼ਰਕ ਸਿਰਫ਼ ਵਰਦੀ ਦਾ ਹੈ, ਮਨੁੱਖਤਾ ਦਾ ਨਹੀਂ।
45 ਮੈਟਰੋ ਸਟੇਸ਼ਨ ਬੰਦ
ਦਿੱਲੀ ਪੁਲਿਸ ਨੇ ਇਕ ਆਦੇਸ਼ ਜਾਰੀ ਕਰਕੇ ਕਿਹਾ ਕਿ 10 ਤਰੀਕ ਦੇ ਪ੍ਰਦਰਸ਼ਨ ਕਾਰਨ 9 ਤਰੀਕ ਦੀ ਰਾਤ 9 ਵਜੇ ਤੋਂ 45 ਮੈਟਰੋ ਸਟੇਸ਼ਨਾਂ ਦੇ ਦਾਖ਼ਲ ਹੋਣ ਅਤੇ ਬਾਹਰ ਨਿਕਲਣ ਵਾਲੇ ਗੇਟ ਬੰਦ ਕਰ ਦਿੱਤੇ ਜਾਣਗੇ। ਇਨ੍ਹਾਂ ਸਟੇਸ਼ਨਾਂ ’ਚ ਕੇਂਦਰੀ ਦਿੱਲੀ ਤੱਕ ਪਹੁੰਚਣ ਵਾਲੇ ਕਈ ਅਹਿਮ ਸਟੇਸ਼ਨ ਵੀ ਸ਼ਾਮਿਲ ਹਨ, ਜਿਸ ’ਚ ਰਾਜੀਵ ਚੌਕ, ਕੇਂਦਰੀ ਸਕੱਤਰੇਤ, ਨਵੀਂ ਦਿੱਲੀ, ਪਟੇਲ ਚੌਕ, ਜਨਪਥ, ਮੰਡੀ ਹਾਊਸ, ਬਾਰਾਖੰਭਾ ਰੋਡ, ਆਈ.ਟੀ.ਓ., ਦਿੱਲੀ ਗੇਟ, ਖਾਨ ਮਾਰਕੀਟ, ਲੋਕ ਕਲਿਆਣ ਮਾਰਗ, ਸੇਵਾ ਤੀਰਥ, ਕਸ਼ਮੀਰੀ ਗੇਟ, ਹੌਜ ਖਾਸ, ਆਈ,ਐਨ.ਏ., ਲਾਜਪਾਤ ਨਗਰ ਸ਼ਾਮਿਲ ਹਨ। ਪ੍ਰਭਾਵਿਤ ਮੈਟਰੋ ਸਟੇਸ਼ਨਾਂ ਤੋਂ ਲੰਘਣ ਵਾਲੀਆਂ ਮੈਟਰੋ ਗੱਡੀਆਂ ਦੀ ‘ਫਰੀਕਵੈਂਸੀ’ (ਦੋ ਗੱਡੀਆਂ ਦਰਮਿਆਨ ਲੰਘਣ ਵਾਲਾ ਸਮਾਂ) ਘਟਾਈ ਜਾ ਸਕਦੀ ਹੈ।
ਲਾਲ ਹਿੱਟ ਜਨਤਾ ਪਾਰਟੀ ਦਾ ਪ੍ਰਦਰਸ਼ਨ
ਜੰਤਰ ਮੰਤਰ ’ਤੇ ਸੀ. ਜੇ. ਪੀ. ਦੇ ਐਲਾਨੇ ਪ੍ਰਦਰਸ਼ਨ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ‘ਲਾਲ ਹਿੱਟ ਜਨਤਾ ਪਾਰਟੀ’ ਨੇ ਪ੍ਰਦਰਸ਼ਨ ਕੀਤਾ। ਸਰਕਾਰ ਦੇ ਹੱਕ ’ਚ ਆਈ ਇਸ ਪਾਰਟੀ ਨਾਲ ਜੁੜੇ ਲੋਕਾਂ ਨੇ ਪੁਲਿਸ ’ਤੇ ਹਮਲੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖ਼ਿਲਾਫ਼ ਅਪਮਾਨਜਨਕ ਭਾਸ਼ਾ ਦੀ ਵਰਤੋਂ ਦੀ ਨਿਖੇਧੀ ਕੀਤੀ।
ਆਨਲਾਈਨ ਹੋਵੇਗੀ ਪੜ੍ਹਾਈ
ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਦੇ ਕਈ ਸਕੂਲਾਂ ਅਤੇ ਕਾਲਜਾਂ ਨੇ 10 ਅਕਤੂਬਰ ਦੀ ਕਲਾਸ ਆਨਲਾਈਨ ਕਰਨ ਦਾ ਐਲਾਨ ਕੀਤਾ। ਸਕੂਲਾਂ ’ਚ ਪੀ. ਟੀ. ਐਮ. ਦਾ ਸਮਾਂ ਬਦਲਿਆ ਗਿਆ ਅਤੇ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ।
ਸੁਰੱਖਿਆ ਦੇ ਸਖ਼ਤ ਇੰਤਜ਼ਾਮ
ਦਿੱਲੀ ਪੁਲਿਸ ਨੇ ਸੁਰੱਖਿਆ ਦੇ ਬੰਦੋਬਸਤਾਂ ਤਹਿਤ ਤਕਰੀਬਨ 43 ਹਜ਼ਾਰ ਪੁਲਿਸ ਵਾਲਿਆਂ ਦੀ ਰਾਜਧਾਨੀ ’ਚ ਤਾਇਨਾਤੀ ਕੀਤੀ ਹੈ। ਹਾਸਿਲ ਜਾਣਕਾਰੀ ਮੁਤਾਬਿਕ ਦਿੱਲੀ ’ਚ 23 ਹਜ਼ਾਰ ਕੇਂਦਰੀ ਹਥਿਆਰਬੰਦ ਪੁਲਿਸ ਫੋਰਸ (ਸੀ.ਏ.ਪੀ. ਐਫ.) ਅਤੇ 20,000 ਦਿੱਲੀ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਗ੍ਰਹਿ ਮੰਤਰਾਲੇ ਨੇ ਸੀ.ਏ.ਪੀ.ਐਫ. ਦੀਆਂ 221 ਕੰਪਨੀਆਂ ਤਾਇਨਾਤ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ’ਚ ਸੀ. ਆਰ. ਪੀ. ਐਫ. ਦੀਆਂ 85, ਸੀਮਾ ਸੁਰੱਕਸ਼ਾ ਬਲ ਦੀਆਂ 70, ਇੰਡੋ ਤਿਬਤੀਅਨ ਸਰਹੱਦੀ ਪੁਲਿਸ ਦੀਆਂ 7, ਰੈਪਿਡ ਐਕਸ਼ਨ ਫੋਰਸ ਦੀਆਂ 7 ਅਤੇ ਸੈਂਟਰਲ ਇੰਡਸਟਰੀਅਲ ਸਕਿਉਰਟੀ ਫੋਰਸ ਦੀਆਂ 1 ਕੰਪਨੀਆਂ ਸ਼ਾਮਿਲ ਹੋਣਗੀਆਂ।

ਅਗਲੀ ਖ਼ਬਰ ਗੌਰਵ ਯਾਦਵ ਬਣੇ ਪੰਜਾਬ ਪੁਲਿਸ ਦੇ ਪੱਕੇ ਡੀ. ਜੀ. ਪੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।