07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਸੀ.ਬੀ.ਆਈ. ਵਲੋਂ ਮੁੱਖ ਮੰਤਰੀ ਦੇ ਕੈਂਪ ਆਫ਼ਿਸ ਸਮੇਤ 9 ਥਾਵਾਂ ’ਤੇ ਛਾਪੇਮਾਰੀ

* ਮੁੱਖ ਮੰਤਰੀ ਦੇ ਓ.ਐਸ.ਡੀ. ਸਮੇਤ 6 ਖ਼ਿਲਾਫ਼ ਐਫ.ਆਈ.ਆਰ. ਦਰਜ * ਚੰਡੀਗੜ੍ਹ, ਮੁਹਾਲੀ, ਸੰਗਰੂਰ, ਗੁਰਦਾਸਪੁਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਜ਼ਿਲ੍ਹਿਆਂ ’ਚ ਮਾਰੇ ਛਾਪੇ * ਲੈਪਟਾਪ, ਮੋਬਾਈਲ ਤੇ ਦਸਤਾਵੇਜ਼ ਕਬਜ਼ੇ ’ਚ ਲਏ ਚੰਡੀਗੜ੍ਹ, 6 ਅਕਤੂਬਰ (ਹਰਕਵਲਜੀਤ ਸਿੰਘ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਕੱਲ੍ਹ ਸੀ.ਬੀ.ਆਈ. ਨੂੰ ਈ.ਡੀ. ਦੇ ਡੀ.ਜੀ.ਪੀ. ਪੰਜਾਬ ਨੂੰ ਲਿਖੇ ਗਏ ਪੱਤਰ ’ਚ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਲਈ ਅਧਿਕਾਰਤ ..

ਅਜੀਤ ਡੈਸਕ 07-10-2026

ਚੰਡੀਗੜ੍ਹ, 6 ਅਕਤੂਬਰ (ਹਰਕਵਲਜੀਤ ਸਿੰਘ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਕੱਲ੍ਹ ਸੀ.ਬੀ.ਆਈ. ਨੂੰ ਈ.ਡੀ. ਦੇ ਡੀ.ਜੀ.ਪੀ. ਪੰਜਾਬ ਨੂੰ ਲਿਖੇ ਗਏ ਪੱਤਰ ’ਚ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਲਈ ਅਧਿਕਾਰਤ ਕਰਨ ਤੋਂ ਬਾਅਦ ਅੱਜ ਸ਼ਾਮ ਸੀ.ਬੀ.ਆਈ. ਵਲੋਂ ਉਕਤ ਮਾਮਲੇ ’ਚ ਕੇਸ ਦਰਜ ਕਰਨ ਤੋਂ ਬਾਅਦ ਵੱਡੀ ਕਾਰਵਾਈ ਕਰਦਿਆਂ ਮੁੱਖ ਮੰਤਰੀ ਨਿਵਾਸ ਨੇੜੇ ਉਨ੍ਹਾਂ ਦੇ ਕੈਂਪ ਆਫ਼ਿਸ ਤੋਂ ਇਲਾਵਾ ਰਾਜ ਵਿਚ 8 ਥਾਵਾਂ ’ਤੇ ਛਾਪੇ ਮਾਰੇ ਗਏ। ਸੀ.ਬੀ.ਆਈ. ਸੈਕਟਰ 2 ’ਚ ਸਥਿਤ ਕੋਠੀ ਨੰਬਰ 50, ਜੋ ਮੁੱਖ ਮੰਤਰੀ ਦਾ ਕੈਂਪ ਆਫ਼ਿਸ ਹੈ, ਵਿਖੇ ਸ਼ਾਮ 6 ਵਜੇ ਪੁੱਜੀ ਅਤੇ ਕਰੀਬ 5 ਘੰਟਿਆਂ ਤੱਕ ਕੈਂਪ ਆਫ਼ਿਸ ਵਿਖੇ ਛਾਣਬੀਣ ਕਰਨ ਤੋਂ ਬਾਅਦ 10.55 ਵਜੇ ਸੀ. ਬੀ. ਆਈ. ਦੀ ਟੀਮ ਵਾਪਸ ਗਈ। ਜਾਂਦੇ ਸਮੇਂ ਉਹ ਕੁਝ ਫਾਈਲਾਂ ਅਤੇ ਇਕ ਛੋਟਾ ਡੱਬਾ ਆਪਣੇ ਨਾਲ ਲੈ ਕੇ ਗਏ। ਸ਼ਾਮ 7:35 ’ਤੇ ਸੀ.ਬੀ.ਆਈ. ਵਲੋਂ ਜਾਰੀ ਕੀਤੇ ਗਏ ਪ੍ਰੈੱਸ ਨੋਟ ਅਨੁਸਾਰ ਸੀ.ਬੀ.ਆਈ. ਦੀਆਂ ਟੀਮਾਂ ਵਲੋਂ ਮੁਹਾਲੀ ਵਿਖੇ 11 ਫ਼ੇਜ਼ ਦੇ ਇਕ ਘਰ ’ਤੇ ਵੀ ਛਾਪੇਮਾਰੀ ਕੀਤੀ ਗਈ, ਜੋ ਮੁੱਖ ਮੰਤਰੀ ਦੇ ਓ. ਐਸ. ਡੀ. ਰਾਜਬੀਰ ਸਿੰਘ ਘੁੰਮਣ ਦੇ ਨਜ਼ਦੀਕੀ ਦਾ ਦੱਸਿਆ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਖਰੜ ਵਿਖੇ ਇਸੇ ਸਾਲ 7 ਮਈ ਨੂੰ ਈ.ਡੀ. ਦੇ ਛਾਪੇ ਦੌਰਾਨ ਜਿਸ ਥਾਂ ਤੋਂ ਨੋਟਾਂ ਦਾ ਬੈਗ ਮਿਲਿਆ ਸੀ, ਵਿਖੇ ਵੀ ਸੀ.ਬੀ.ਆਈ.ਟੀਮ ਹਾਜ਼ਰ ਸੀ। ਸੀ.ਬੀ.ਆਈ. ਵਲੋਂ ਸੰਗਰੂਰ ਦੇ ਪਿੰਡ ਘਰਾਚੋਂ ਵਿਖੇ ਰਾਜਬੀਰ ਸਿੰਘ ਘੁੰਮਣ ਦੇ ਘਰ ਵੀ  ਛਾਪਾ ਮਾਰਿਆ ਗਿਆ, ਜੋ ਕਿ ਇਸ ਦੇ ਨਾਲ ਹੀ ਲੁਧਿਆਣਾ, ਗੁਰਦਾਸਪੁਰ, ਪਟਿਆਲਾ, ਜਲੰਧਰ ਵਿਖੇ ਵੀ ਛਾਪੇ ਮਾਰੇ ਜਾਣ ਦੀ ਸੀ.ਬੀ.ਆਈ. ਵਲੋਂ ਜਾਣਕਾਰੀ ਦਿੱਤੀ ਗਈ ਅਤੇ ਦਾਅਵਾ ਕੀਤਾ ਗਿਆ ਕਿ ਸੀ.ਬੀ.ਆਈ. ਵਲੋਂ ਲੈਪਟਾਪ, ਮੋਬਾਈਲ ਫ਼ੋਨ ਅਤੇ ਦਸਤਾਵੇਜ਼ ਵਧੇਰੇ ਜਾਂਚ ਲਈ ਕਬਜ਼ੇ ’ਚ ਲਏ ਗਏ। ਸੂਚਨਾ ਅਨੁਸਾਰ ਸੀ.ਬੀ.ਆਈ. ਦੀਆਂ ਕੁਝ ਟੀਮਾਂ ਦਿੱਲੀ ਅਤੇ ਦੂਜੇ ਰਾਜਾਂ ਤੋਂ ਵੀ ਆਈਆਂ ਹੋਈਆਂ ਹਨ। ਮੁੱਖ ਮੰਤਰੀ ਦੇ ਕੈਂਪ ਆਫ਼ਿਸ ਪੁੱਜੀ ਸੀ.ਬੀ.ਆਈ. ਦੀ ਟੀਮ ਨਾਲ 100 ਦੇ ਕਰੀਬ ਸੀ.ਆਰ.ਪੀ.ਐਫ. ਦੇ ਕਮਾਂਡੋਜ਼ ਵੀ ਸਨ, ਜਿਨ੍ਹਾਂ ਵਲੋਂ ਆਉਂਦਿਆਂ ਹੀ ਮੁੱਖ ਮੰਤਰੀ ਦੇ ਕੈਂਪ ਆਫ਼ਿਸ ਨੂੰ ਘੇਰੇ ’ਚ ਲੈ ਲਿਆ ਗਿਆ ਅਤੇ ਉਸ ਦੇ ਨੇੜੇ ਜਾਣ ਤੋਂ ਪੱਤਰਕਾਰਾਂ ਨੂੰ ਵੀ ਰੋਕਿਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੇ ਓ.ਐਸ.ਡੀ. ਘੁੰਮਣ ਵੀ ਕੈਂਪ ਆਫ਼ਿਸ ਤੋਂ ਹੀ ਕੰਮ ਕਰਦੇ ਹਨ ਅਤੇ ਇਥੇ ਕਈ ਪਾਰਟੀ ਦੇ ਹੋਰ ਸੀਨੀਅਰ ਆਗੂ ਵੀ ਹੁੰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਇਸ ਛਾਪੇ ਮੌਕੇ ਆਪਣੇ ਨਿਵਾਸ ’ਤੇ ਹਾਜ਼ਰ ਸਨ ਅਤੇ ਮੁੱਖ ਮੰਤਰੀ ਨਿਵਾਸ ’ਤੇ ਪੰਜਾਬ ਪੁਲਿਸ ਦਾ ਕਰੜਾ ਪਹਿਰਾ ਸੀ। ਸੂਤਰਾਂ ਅਨੁਸਾਰ ਰਾਜਬੀਰ ਸਿੰਘ ਘੁੰਮਣ ਸੰਬੰਧੀ ਕਿਸੇ ਕੋਲ ਕੋਈ ਜਾਣਕਾਰੀ ਨਹੀਂ ਅਤੇ ਨਾ ਹੀ ਉਹ ਅੱਜ ਕੈਂਪ ਆਫਿਸ ਵਿਖੇ ਸਨ। ਈ.ਡੀ. ਵਲੋਂ ਜੋ ਆਪਣੀ ਰਿਪੋਰਟ ਡੀ.ਜੀ.ਪੀ. ਪੰਜਾਬ ਤੇ ਹੁਣ ਸੀ.ਬੀ.ਆਈ. ਨੂੰ ਭੇਜੀ ਗਈ ਹੈ, ਉਸ ਵਿਚ ਰਾਜਬੀਰ ਸਿੰਘ ਘੁੰਮਣ ’ਤੇ ਦੋਸ਼ ਲਗਾਏ ਗਏ ਹਨ ਕਿ ਉਹ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲਿਆਂ, ਟੈਂਡਰਾਂ ਦੀਆਂ ਸ਼ਰਤਾਂ, ਜ਼ਮੀਨਾਂ ਦੀ ਵਰਤੋਂ ਦੀ ਤਬਦੀਲੀ ਦੇ ਕੇਸਾਂ, ਅਧਿਕਾਰੀਆਂ ਵਿਰੁੱਧ ਜਾਂਚਾਂ ਅਤੇ ਹੋਰ ਅਹਿਮ ਕੇਸਾਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਬਹੁਤ ਸਾਰੀਆਂ ਅਜਿਹੀਆਂ ਸਰਕਾਰੀ ਫਾਈਲਾਂ ਵੀ ਅਣਅਧਿਕਾਰਤ ਤੌਰ ’ਤੇ ਉਸ ਰਾਹੀਂ ਹੋ ਕੇ ਜਾਂਦੀਆਂ ਹਨ। ਸੈਕਟਰ 2 ਦੀ ਕੋਠੀ ਨੰਬਰ 50 ਜਿਥੇ ਪਹਿਲਾਂ ਕਿਸੇ ਸਮੇਂ ਸੰਸਦ ਮੈਂਬਰ ਰਾਘਵ ਚੱਢਾ ਵੀ ਰਹਿੰਦੇ ਰਹੇ ਹਨ, ਅੱਜ-ਕੱਲ੍ਹ ਮੁੱਖ ਮੰਤਰੀ ਦਾ ਕੈਂਪ ਆਫ਼ਿਸ ਹੈ ਅਤੇ ਸਰਕਾਰੀ ਫਾਈਲਾਂ ਉੱਥੇ ਹੀ ਹੁੰਦੀਆਂ ਹਨ। ਸੀ.ਬੀ.ਆਈ. ਵਲੋਂ ਸੂਚਨਾ ਅਨੁਸਾਰ ਉੱਥੇ ਮੌਜੂਦ ਸਾਰਾ ਰਿਕਾਰਡ ਖੰਘਾਲਿਆ ਜਾ ਰਿਹਾ ਹੈ। ਹਾਲਾਂਕਿ ਚਰਚਾ ਇਹ ਹੈ ਕਿ ਈ.ਡੀ. ਤੇ ਸੀ.ਬੀ.ਆਈ. ਦੇ ਛਾਪਿਆਂ ਦੀ ਚਰਚਾ ਕਾਰਨ ਬਹੁਤੇ ਸਰਕਾਰੀ ਦਫ਼ਤਰਾਂ ਦੀ ਪਹਿਲਾਂ ਹੀ ਕਾਫੀ ਛਾਣਬੀਣ ਕੀਤੀ ਜਾ ਚੁੱਕੀ ਹੈ ਤਾਂ ਜੋ ਕੋਈ ਇਤਰਾਜ਼ਯੋਗ ਰਿਕਾਰਡ ਮੌਜੂਦ ਨਾ ਰਹਿ ਜਾਵੇ।

ਘੁੰਮਣ ਦੇ ਮਾਮਲੇ ’ਚ ਸੀ.ਬੀ.ਆਈ. ਪਹੁੰਚੀ ਪਟਿਆਲਾ
ਪਟਿਆਲਾ, (ਮਨਦੀਪ ਸਿੰਘ ਖਰੌੜ)-ਹਾਈ ਕੋਰਟ ਵਲੋਂ ਮੁੱਖ ਮੰਤਰੀ ਦੇ ਓ.ਐਸ.ਡੀ. ਰਾਜਬੀਰ ਸਿੰਘ ਘੁੰਮਣ ਖ਼ਿਲਾਫ਼ ਸੀ.ਬੀ.ਆਈ. ਵਲੋਂ ਕੇਸ ਦਰਜ ਹੋਣ ਬਾਅਦ ਸੀ.ਬੀ.ਆਈ. ਦੀਆਂ ਟੀਮਾਂ ਵਲੋਂ ਇਸ ਮਾਮਲੇ ’ਚ ਪਟਿਆਲਾ ਵਿਖੇ ਵੀ ਛਾਪੇਮਾਰੀ ਕੀਤੀ ਗਈ। ਇਸ ਮਾਮਲੇ ’ਚ ਮੋਬਾਈਲ ਤੇ ਹੋਰ ਕਾਗਜ਼ਾਤ ਵੀ ਉਨ੍ਹਾਂ ਟੀਮਾਂ ਵਲੋਂ ਜ਼ਬਤ ਕੀਤੇ ਗਏ ਹਨ ਪਰ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਮੁੱਖ ਮੰਤਰੀ ਦੇ ਓ.ਐਸ.ਡੀ. ਨਾਲ ਸੰਬੰਧਿਤ ਪਟਿਆਲਾ ’ਚ ਕਿਹੜੀਆਂ ਥਾਵਾਂ ’ਤੇ ਸੀ.ਬੀ.ਆਈ. ਵਲੋਂ ਛਾਪੇਮਾਰੀ ਕੀਤੀ ਗਈ। ਇਸ ਸੰਬੰਧੀ ਹਾਲੇ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ।

ਖਰੜ ਦੇ ਵੈਸਟਰਨ ਟਾਵਰ ’ਚ ਸੀ. ਬੀ. ਆਈ. ਦੀ ਟੀਮ ਨੇ ਦਿੱਤੀ ਦਬਿਸ਼
ਖਰੜ, (ਜੰਡਪੁਰੀ)-ਸੀ. ਬੀ. ਆਈ. ਦੀ ਟੀਮ ਵਲੋਂ ਅੱਜ ਨਿੱਝਰ ਰੋਡ ’ਤੇ ਸਥਿਤ ਵੈਸਟਰਨ ਟਾਵਰ ਵਿਖੇ ਦਬਿਸ਼ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਸ ਟਾਵਰ ’ਚ ਨਿਤਿਨ ਗੋਹਲ ਦੀ ਰਿਹਾਇਸ਼ ਹੈ, ਜਿਥੇ ਕਿ 4-5 ਮਹੀਨੇ ਪਹਿਲਾਂ ਈ. ਡੀ. ਦੀ ਟੀਮ ਵਲੋਂ ਛਾਪੇਮਾਰੀ ਕੀਤੀ ਗਈ ਸੀ। ਉਸ ਸਮੇਂ ਈ. ਡੀ. ਦੀ ਛਾਪੇਮਾਰੀ ਨੂੰ ਦੇਖਦੇ ਹੋਏ ਕਿਸੇ ਵਲੋਂ ਇਕ ਫਲੈਟ ’ਚੋਂ ਨੋਟਾਂ ਦਾ ਭਰਿਆ ਬੈਗ ਥੱਲ੍ਹੇ ਸੁੱਟਿਆ ਗਿਆ ਸੀ, ਜਿਸ ਕਾਰਨ ਨੋਟ ਜ਼ਮੀਨ ’ਤੇ ਖਿੱਲਰੇ ਹੋਏ ਮਿਲੇ ਸਨ। ਅੱਜ ਦੀ ਕਾਰਵਾਈ ਦੌਰਾਨ ਸੀ. ਬੀ. ਆਈ. ਦੀ ਟੀਮ ਵਲੋਂ ਵੈਸਟਰਨ ਟਾਵਰ ਵਿਖੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਸੀ।

6 ਵਿਰੁੱਧ ਐਫ.ਆਈ.ਆਰ.
ਸੀ.ਬੀ.ਆਈ. ਨੇ ਦੱਸਿਆ ਕਿ ਘੁੰਮਣ ਅਤੇ ਹੋਰ ਮੁਲਜ਼ਮਾਂ ਨਾਲ ਸੰਬੰਧਿਤ ਚੰਡੀਗੜ੍ਹ, ਮੋਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ, ਸੰਗਰੂਰ ਤੇ ਜਲੰਧਰ ’ਚ ਅੱਠ ਥਾਵਾਂ ’ਤੇ ਛਾਪੇ ਮਾਰੇ ਗਏ। ਸੀ.ਬੀ.ਆਈ. ਦੀ ਬੁਲਾਰਨ ਬੀਨਾ ਯਾਦਵ ਨੇ ਇਕ ਬਿਆਨ ’ਚ ਕਿਹਾ ਕਿ ਸੀ.ਬੀ.ਆਈ. ਨੇ ਛੇ ਵਿਅਕਤੀਆਂ (ਜਿਨ੍ਹਾਂ ’ਚ ਦੋ ਸਰਕਾਰੀ ਅਧਿਕਾਰੀ, ਵਿਚੋਲੇ ਅਤੇ ਸਹਿਯੋਗੀ ਸ਼ਾਮਿਲ ਹਨ) ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ’ਚ ਰਾਜਬੀਰ ਘੁੰਮਣ (ਪੰਜਾਬ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਡਿਊਟੀ ਅਧਿਕਾਰੀ (ਓ.ਐਸ.ਡੀ.)), ਨਿਤਿਨ ਗੋਹਲ, ਜਿਤਿਨ ਗੋਹਲ ਉਰਫ਼ ਰਾਜਾ, ਰੋਮੀ ਰਾਜਾ ਮਹਾਜਨ, ਬੀਰ ਦਵਿੰਦਰ ਤੇ ਆਰ.ਐਸ. ਨਾਗਰਾ ਦੇ ਨਾਲ-ਨਾਲ ਅਣਪਛਾਤੇ ਸਰਕਾਰੀ ਅਧਿਕਾਰੀ ਅਤੇ ਨਿੱਜੀ ਵਿਅਕਤੀ ਸ਼ਾਮਿਲ ਹਨ।”ਬਿਆਨ ਅਨੁਸਾਰ, ਇਹ ਐਫ.ਆਈ.ਆਰ. ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਤੇ ਈ.ਡੀ. ਤੋਂ ਪ੍ਰਾਪਤ ਰਿਪੋਰਟ ਦੇ ਆਧਾਰ ’ਤੇ ਦਰਜ ਕੀਤੀ ਗਈ ਸੀ। ਇਸ ਦਾ ਮਕਸਦ ਓ.ਐਸ.ਡੀ.ਘੁੰਮਣ ਅਤੇ ਉਸਦੇ ਸਾਥੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰਨਾ ਹੈ। ਇਹ ਦੋਸ਼ “ਆਰਥਿਕ ਲਾਭਾਂ ਬਦਲੇ ਅਧਿਕਾਰੀਆਂ (ਜਿਨ੍ਹਾਂ ’ਚ ਆਈ.ਏ.ਐਸ. ਅਤੇ ਆਈ.ਪੀ.ਐਸ. ਅਧਿਕਾਰੀ ਸ਼ਾਮਿਲ ਹਨ) ਦੀ ਤਾਇਨਾਤੀ, ਵਿਭਾਗੀ ਕਾਰਵਾਈਆਂ, ਨੀਤੀ ਘੜਨ, ਪ੍ਰਸ਼ਾਸਨਿਕ ਮਨਜ਼ੂਰੀਆਂ, ਟੈਂਡਰ ਦੀਆਂ ਸ਼ਰਤਾਂ, ਲਾਇਸੈਂਸਿੰਗ ਮਾਮਲਿਆਂ, ਜ਼ਮੀਨ ਦੀ ਵਰਤੋਂ ’ਚ ਤਬਦੀਲੀ, ਜਾਇਦਾਦ ਦੇ ਝਗੜਿਆਂ ਤੇ ਮਾਲੀਆ ਤੇ ਜ਼ਮੀਨ ਨਾਲ ਸੰਬੰਧਿਤ ਮੁੱਦਿਆਂ ਨੂੰ ਪ੍ਰਭਾਵਿਤ ਕਰਨ ਤੇ ਹੇਰਾਫੇਰੀ ਕਰਨ” ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਦੋਸ਼ ਹੈ ਕਿ ਮੁਲਜ਼ਮ ਸਰਕਾਰੀ ਅਧਿਕਾਰੀਆਂ ਨੇ ਸਰਕਾਰ ਵਲੋਂ ਹੁਕਮ ਅਤੇ ਨੀਤੀਆਂ ਜਾਰੀ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਖਰੜੇ ਨਿੱਜੀ ਵਿਅਕਤੀਆਂ ਤੱਕ ਪਹੁੰਚਾਏ ਸਨ।

ਨਿਤਿਨ ਗੋਹਲ ਤੇ ਜਤਿਨ ਗੋਹਲ ਦੇ ਨਾਭਾ ਸਥਿਤ ਘਰ ’ਚ ਛਾਪਾ
ਨਾਭਾ, (ਵਰਿੰਦਰ ਵਰਮਾ)-ਸੀ.ਬੀ.ਆਈ. ਵਲੋਂ ਨਾਭਾ ਦੇ ਹੀਰਾ ਮਹਿਲ ਵਿਖੇ ਰਾਜਵੀਰ ਸਿੰਘ ਘੁੰਮਣ ਦੇ ਕਰੀਬੀ ਸਾਥੀ ਮੰਨੇ ਜਾ ਰਹੇ ਨਿਤਿਨ ਗੋਹਲ ਅਤੇ ਜਤਿਨ ਗੋਹਲ ਦੇ ਨਾਭਾ ਸਥਿਤ ਘਰ ਵੀ ਛਾਪਾ ਮਾਰਿਆ ਗਿਆ। ਜਿਥੇ ਸੀ.ਬੀ.ਆਈ. ਦੀ ਛਾਪੇਮਾਰੀ ਕਈ ਘੰਟੇ ਜਾਰੀ ਰਹੀ। ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਘੁੰਮਣ ਦੇ ਨਾਭਾ ਦੇ ਨਜ਼ਦੀਕ ਕਿਸੇ ਪਿੰਡ ਦੀ ਫੈਕਟਰੀ ’ਚ ਹੋਣ ਦੀ ਜਾਣਕਾਰੀ ਸੀ.ਬੀ.ਆਈ. ਕੋਲ ਹੋ ਸਕਦੀ ਹੈ, ਇਸ ਦੀ ਚਰਚਾ ਹਲਕੇ ’ਚ ਰਹੀ। ਜਿਸ ਸੰਬੰਧੀ ਵੀ ਹਲੇ ਪੁਸ਼ਟੀ ਹੋਣੀ ਬਾਕੀ ਹੈ। ਸੀ.ਬੀ.ਆਈ. ਦੀ ਟੀਮ ਦੇ 7 ਮੈਂਬਰ ਘਰ ਤੋਂ ਬਾਹਰ ਨਿਕਲੇ ਹਨ ਤੇ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। 
 

ਗੁਰਦਾਸਪੁਰ ’ਚ ਡਾ. ਰੋਮੀ ਰਾਜਾ ਮਹਾਜਨ ਦੇ ਘਰ ਵੀ ਛਾਪੇਮਾਰੀ
ਗੁਰਦਾਸਪੁਰ, (ਚੱਕਰਾਜਾ /ਗੁਰਪ੍ਰਤਾਪ ਸਿੰਘ)-ਸੀ.ਬੀ.ਆਈ. ਨੇ ਮੁੱਖ ਮੰਤਰੀ ਦੇ ਓ.ਐਸ.ਡੀ. ਦੇ ਨਜ਼ਦੀਕੀ ਡਾ. ਰੋਮੀ ਰਾਜਾ ਮਹਾਜਨ ਦੀ ਰਿਹਾਇਸ਼ ’ਤੇ ਅਚਾਨਕ ਛਾਪੇਮਾਰੀ ਕੀਤੀ। ਜਾਂਚ ਦੌਰਾਨ ਸੀ.ਬੀ.ਆਈ. ਟੀਮ ਦੇ ਨਾਲ ਸੀ.ਆਈ.ਬੀ. ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਕੇਂਦਰੀ ਜਾਂਚ ਟੀਮ ਨੇ ਦੇਰ ਸ਼ਾਮ ਰਿਹਾਇਸ਼ ਨੂੰ ਘੇਰੇ ’ਚ ਲੈ ਕੇ ਤਲਾਸ਼ੀ ਅਭਿਆਨ ਸ਼ੁਰੂ ਕੀਤੀ। ਛਾਪੇਮਾਰੀ ਦੌਰਾਨ ਘਰ ਦੇ ਅੰਦਰ ਕਿਸੇ ਵੀ ਬਾਹਰੀ ਵਿਅਕਤੀ ਦੀ ਆਵਾਜਾਈ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ। ਮੌਕੇ ’ਤੇ ਮੌਜੂਦ ਅਧਿਕਾਰੀਆਂ ਵਲੋਂ ਅਹਿਮ ਦਸਤਾਵੇਜ਼ਾਂ ਅਤੇ ਰਿਕਾਰਡਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਜਾਣਕਾਰੀ ਅਨੁਸਾਰ ਜਦੋਂ ਟੀਮ ਮੌਕੇ ’ਤੇ ਪਹੁੰਚੀ ਤਾਂ ਘਰ ਵਿਚ ਘਰ ਦੀ ਨਿਗਰਾਨੀ ਕਰਨ ਵਾਲੇ ਵਿਅਕਤੀ ਤੋਂ ਇਲਾਵਾ ਹੋਰ ਕੋਈ ਨਹੀਂ ਸੀ।

ਪਿਛਲੀ ਖ਼ਬਰ ਸੀ.ਬੀ.ਆਈ. ਦੀ ਕਾਰਵਾਈ ਨੂੰ ਲੈ ਕੇ ‘ਆਪ’ ਸਰਕਾਰ ਦੇ ਮੰਤਰੀਆਂ ਨੇ ਭਾਜਪਾ ’ਤੇ ਵਿੰਨ੍ਹਿਆ ਨਿਸ਼ਾਨਾ ਅਗਲੀ ਖ਼ਬਰ ਕਾਂਗਰਸ ਦੀ ਅਗਵਾਈ ਹੇਠ 19 ਵਿਰੋਧੀ ਪਾਰਟੀਆਂ ਦਾ ਸ਼ਕਤੀ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।