03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਰਗਟ ਸਿੰਘ ਬਣੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ

ਨਵੀਂ ਦਿੱਲੀ, 2 ਅਕਤੂਬਰ (ਉਪਮਾ ਡਾਗਾ ਪਾਰਥ)-ਪੰਜਾਬ ਕਾਂਗਰਸ ’ਚ ਪ੍ਰਧਾਨ ਬਦਲਣ ਦੀ ਕਸ਼ਮਕਸ਼ ਨੂੰ ਆਖਿਰਕਾਰ ਵਿਰਾਮ ਦਿੰਦਿਆਂ ਕਾਂਗਰਸ ਨੇ ਸ਼ੁੱਕਰਵਾਰ ਸ਼ਾਮ ਨੂੰ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੂੰ ਨਵਾਂ ਪ੍ਰਧਾਨ ..

ਅਜੀਤ ਡੈਸਕ 03-10-2026

ਨਵੀਂ ਦਿੱਲੀ, 2 ਅਕਤੂਬਰ (ਉਪਮਾ ਡਾਗਾ ਪਾਰਥ)-ਪੰਜਾਬ ਕਾਂਗਰਸ ’ਚ ਪ੍ਰਧਾਨ ਬਦਲਣ ਦੀ ਕਸ਼ਮਕਸ਼ ਨੂੰ ਆਖਿਰਕਾਰ ਵਿਰਾਮ ਦਿੰਦਿਆਂ ਕਾਂਗਰਸ ਨੇ ਸ਼ੁੱਕਰਵਾਰ ਸ਼ਾਮ ਨੂੰ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਨੂੰ ਨਵਾਂ ਪ੍ਰਧਾਨ ਐਲਾਨ ਦਿੱਤਾ ਹੈ। ਕਾਂਗਰਸ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਨੇ ਪਾਰਟੀ ਵਲੋਂ ਆਖਿਰਕਾਰ ਪ੍ਰੈੱਸ ਰਿਲੀਜ਼ ਜਾਰੀ ਕਰਕੇ ਉਕਤ ਐਲਾਨ ਕੀਤਾ। ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਦੌੜ ’ਚ ਸ਼ਾਮਿਲ ਚਿਹਰਿਆਂ ’ਚ ਦੋ ਚਿਹਰੇ ਸਭ ਤੋਂ ਅੱਗੇ ਆਏ  ਸਨ, ਜਿਸ ’ਚ ਸੰਗਰੂਰ ਤੋਂ ਵਿਧਾਇਕ ਵਿਜੈਇੰਦਰ ਸਿੰਗਲਾ ਅਤੇ ਜਲੰਧਰ ਛਾਉਣੀ ਤੋਂ ਵਿਧਾਇਕ ਪਰਗਟ ਸਿੰਘ ਦਾ ਨਾਂਅ ਸ਼ਾਮਿਲ ਸੀ। ਇਸ ਤੋਂ ਇਲਾਵਾ ਸੰਸਦ ਮੈਂਬਰ ਡਾ. ਅਮਰ ਸਿੰਘ, ਰਾਣਾ ਕੇ.ਪੀ. ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਨਾਂਅ ਵੀ ਉਮੀਦਵਾਰਾਂ ਦੀ ਸੂਚੀ ’ਚ ਸ਼ਾਮਿਲ ਸੀ। ਹਲਕਿਆਂ ਮੁਤਾਬਿਕ ਅਮਰ ਸਿੰਘ ਨੇ ਉਮਰ ਦਾ ਹਵਾਲਾ ਦੇ ਕੇ ਆਪਣੇ-ਆਪ ਨੂੰ ਦੌੜ ’ਚੋਂ ਅਲਹਿਦਾ ਕਰ ਲਿਆ ਸੀ। ਬਾਜਵਾ ਪਹਿਲਾਂ ਤੋਂ ਹੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਦੀ ਭੂਮਿਕਾ ਵਜੋਂ ਤਰਜੀਹੀ ਸੂਚੀ ’ਚ ਨਹੀਂ ਸੀ। ਹਲਕਿਆਂ ਅਨੁਸਾਰ ਅਸਲ ਮੁਕਾਬਲੇ ਦੇ ਦਾਅਵੇਦਾਰ ਸਿੰਗਲਾ ਅਤੇ ਪਰਗਟ ਸਿੰਘ ’ਚੋਂ ਰਾਹੁਲ ਗਾਂਧੀ ਦੀ ਪਸੰਦ ਸਿੰਗਲਾ ਸਨ। ਪਰ ਵੜਿੰਗ ਜੋ ਜੱਟ ਸਿੱਖ ਹਨ, ਨੂੰ ਹਟਾ ਕੇ ਹਿੰਦੂ ਚਿਹਰੇ ਨੂੰ ਇਹ ਜ਼ਿੰਮੇਵਾਰੀ ਦੇਣ ਨੂੰ ਲੈ ਕੇ ਪਾਰਟੀ ਨੇਤਾਵਾਂ ਵਲੋਂ ਲੋੜੀਂਦਾ ਹੁੰਗਾਰਾ ਨਹੀਂ ਮਿਲਿਆ। ਇਸ ਤੋਂ ਇਲਾਵਾ ਭਾਜਪਾ ਵਲੋਂ ਹਾਲ ਹੀ ’ਚ ਜੱਟ ਸਿੱਖ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਬਣਾਉਣ ਦੀ ਗੱਲ ਨੂੰ ਹਾਈਕਮਾਨ ਨੇ ਧਿਆਨ ’ਚ ਰੱਖਦਿਆਂ ਪਰਗਟ ਸਿੰਘ ਦੇ ਨਾਂਂਅ ’ਤੇ ਮੋਹਰ ਲਾਈ। ਹਲਕਿਆਂ ਮੁਤਾਬਿਕ ਪਰਗਟ ਸਿੰਘ ਦੇ ਨਾਂਅ ’ਤੇ ਮੋਹਰ ਲੱਗਣ ਦਾ ਇਕ ਕਾਰਨ ਇਹ ਵੀ ਸੀ ਕਿ ਉਹ ਦੋਵੇਂ ਧੜਿਆਂ (ਚੰਨੀ ਧੜੇ ਅਤੇ ਵੜਿੰਗ ਧੜੇ) ਨੂੰ ਪ੍ਰਧਾਨ ਵਜੋਂ ਪ੍ਰਵਾਨ ਸਨ। ਹਾਲਾਂਕਿ ਹੁਣ ਪਰਗਟ ਸਿੰਘ ਅੱਗੇ ਸੂਬੇ ’ਚ ਸੰਗਠਨ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਇਕਜੁੱਟ ਕਰਕੇ ਨਾਲ ਲੈ ਕੇ ਚੱਲਣਾ ਵੀ ਹੈ।

ਹਾਕੀ ਤੋਂ ਸਿਆਸਤ ਤੱਕ ਦਾ ਸਫ਼ਰ
ਸਾਬਕਾ ਉਲੰਪੀਅਨ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਦੀ ਜਨਮ ਭੂਮੀ ਅਤੇ ਕਰਮਭੂਮੀ ਜਲੰਧਰ ਹੀ ਰਹੀ। ਜਲੰਧਰ ਦੇ ਮਿੱਠਾਪੁਰ ਤੋਂ ਨਿਕਲ ਕੇ ਅੰਤਰਰਾਸ਼ਟਰੀ ਹਾਕੀ ’ਚ ਭਾਰਤ ਦੀ ਕਮਾਨ ਸੰਭਾਲਣ ਵਾਲੇ ਪਰਗਟ ਸਿੰਘ ਨੇ ਖੇਡ ਤੋਂ ਬਾਅਦ ਸਿਆਸਤ ’ਚ ਵੀ ਆਪਣੀ ਨਿਵੇਕਲੀ ਥਾਂ ਬਣਾਈ। ਖੇਡਾਂ ਤੋਂ ਬਾਅਦ ਉਨ੍ਹਾਂ ਪੁਲਿਸ ਅਧਿਕਾਰੀ ਵਜੋਂ ਵੀ ਸੇਵਾਵਾਂ ਦਿੱਤੀਆਂ ਅਤੇ ਫਿਰ ਸਰਗਰਮ ਸਿਆਸਤ ’ਚ ਦਾਖਲ ਹੋਏ। ਪਰਗਟ ਸਿੰਘ ਦਸੰਬਰ 2016 ’ਚ ਕਾਂਗਰਸ ’ਚ ਸ਼ਾਮਿਲ ਹੋਏ। ਉਸ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਜੁੜੇ ਸਨ। 2012 ’ਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਟਿਕਟ ਤੋਂ ਜਲੰਧਰ ਛਾਉਣੀ ਤੋਂ ਵਿਧਾਨ ਸਭਾ ਚੋਣ ਜਿੱਤੀ। 2016 ’ਚ ਕਾਂਗਰਸ ’ਚ ਸ਼ਾਮਿਲ ਹੋਏ ਅਤੇ 2017 ’ਚ ਕਾਂਗਰਸ ਦੀ ਟਿਕਟ ’ਤੇ ਜਲੰਧਰ ਕੈਂਟ ਤੋਂ ਜਿੱਤ ਹਾਸਿਲ ਕੀਤੀ। 2022 ’ਚ ਵੀ ਮੁੜ ਉਹ ਤੀਜੀ ਵਾਰ ਜਲੰਧਰ ਛਾਉਣੀ ਤੋਂ ਵਿਧਾਇਕ ਬਣੇ। ਕਾਂਗਰਸ ਨਾਲ ਇਕ ਦਹਾਕਾ ਜੁੜੇ ਰਹਿਣ ਤੋਂ ਬਾਅਦ ਹੁਣ ਪਾਰਟੀ ਨੇ ਉਨ੍ਹਾਂ ਨੂੰ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ।
ਵੜਿੰਗ ਨੇ ਦਿੱਤੀ ਵਧਾਈ
ਪਰਗਟ ਸਿੰਘ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਉਨ੍ਹਾਂ ਨੂੰ ਨਵਾਂ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ। ਵੜਿੰਗ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਪਾਏ ਸੰਦੇਸ਼ ਨਾਲ ਵਧਾਈ ਦਿੰਦਿਆਂ ਆਪਣੀ ਅਤੇ ਪਰਗਟ ਸਿੰਘ ਦੀ ਸਾਂਝੀ ਤਸਵੀਰ ਵੀ ਐਕਸ ’ਤੇ ਪਾਈ।
ਪਿਛਲੀ ਖ਼ਬਰ ਭਲਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਜਾਵੇਗਾ-ਮਨਜਿੰਦਰ ਢੇਸੀ/ਅਜੈ ਫਿਲੌਰ ਅਗਲੀ ਖ਼ਬਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਜੰਤਰ-ਮੰਤਰ ਵਿਖੇ ਵਿਸ਼ਾਲ ਪ੍ਰਦਰਸ਼ਨ 1000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।