02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਵੜਿੰਗ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਕਾਂਗਰਸ ’ਚ ਹਲਚਲ ਤੇਜ਼ ਰੰਧਾਵਾ ਨੇ ਖੜਗੇ ਨਾਲ ਕੀਤੀ ਮੁਲਾਕਾਤ, ਵੜਿੰਗ ਵੀ ਪੁੱਜੇ ਦਿੱਲੀ-ਅੱਜ ਰਾਹੁਲ ਨਾਲ ਹੋਵੇਗੀ ਮੁਲਾਕਾਤ

ਉਪਮਾ ਡਾਗਾ ਪਾਰਥ ਨਵੀਂ ਦਿੱਲੀ, 1 ਅਕਤੂਬਰ–ਬੁੱਧਵਾਰ ਦੇਰ ਰਾਤ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਨੇਤਾਵਾਂ ਦੀਆਂ ਸਰਗਰਮੀਆਂ ਤੂਫ਼ਾਨੀ ਪੱਧਰ ’ਤੇ ਵਧ ..

ਅਜੀਤ ਡੈਸਕ 02-10-2026

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 1 ਅਕਤੂਬਰ–ਬੁੱਧਵਾਰ ਦੇਰ ਰਾਤ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਨੇਤਾਵਾਂ ਦੀਆਂ ਸਰਗਰਮੀਆਂ ਤੂਫ਼ਾਨੀ ਪੱਧਰ ’ਤੇ ਵਧ ਗਈਆਂ ਹਨ ਅਤੇ ਪੰਜਾਬ ਦੇ ਸੀਨੀਅਰ ਨੇਤਾਵਾਂ ਨੇ ਦਿੱਲੀ ਦਾ ਰੁਖ਼ ਕਰਦਿਆਂ ਹਾਈਕਮਾਨ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਕਵਾਇਦ ਹੇਠ ਵੀਰਵਾਰ ਨੂੰ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨਾਲ ਮੁਲਾਕਾਤ ਕੀਤੀ, ਜਦਕਿ ਵੜਿੰਗ ਨੇ ਬਾਅਦ ਦੁਪਹਿਰ ਦਿੱਲੀ ਦਾ ਰੁਖ਼ ਕਰ ਲਿਆ। ਹਾਲਾਂਕਿ ਸਰਗਰਮੀਆਂ ਨੂੰ ਲੈ ਕੇ ਪਾਰਟੀ ਨੇਤਾਵਾਂ ਨੇ ‘ਅਨੁਸ਼ਾਸਨੀ’ ਰੁਖ਼ ਅਪਣਾਉਂਦਿਆਂ ਫਿਲਹਾਲ ਚੁੱਪੀ ਧਾਰੀ ਹੋਈ ਹੈ ਅਤੇ ਜਨਤਕ ਤੌਰ ’ਤੇ ਕੁਝ ਵੀ ਟਿੱਪਣੀ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਰੰਧਾਵਾ ਨੇ ਪ੍ਰਦੇਸ਼ ਕਾਂਗਰਸ ’ਚ ਬਦਲਾਅ ਦੇ ਫ਼ੈਸਲੇ ਨੂੰ ਕਾਂਗਰਸ ਹਾਈਕਮਾਨ ਦੇ ਅਧਿਕਾਰ ਖੇਤਰ ਦਾ ਵਿਸ਼ਾ ਕਰਾਰ ਦਿੱਤਾ। ਵੜਿੰਗ ਨੇ ਇਹ ਕਹਿ ਕੇ ਪਾਸਾ ਵੱਟ ਲਿਆ ਕਿ ਉਹ ਦਿੱਲੀ ਫੇਰੀ ਤੋਂ ਬਾਅਦ ਹੀ ਕੁਝ ਕਹਿ ਸਕਣਗੇ। ਇਥੋਂ ਤੱਕ ਕਿ ਪੰਜਾਬ ਦੇ ਇੰਚਾਰਜ ਸਚਿਨ ਪਾਇਲਟ ਨੇ ਵੀ ਇਸ ਮੁੱਦੇ ’ਤੇ ਹਾਲੇ ਤੱਕ ਚੁੱਪੀ ਧਾਰੀ ਹੋਈ ਹੈ।

ਰੰਧਾਵਾ ਅਤੇ ਖੜਗੇ ਦੀ ਹੋਈ ਮੁਲਾਕਾਤ
ਪੰਜਾਬ ਕਾਂਗਰਸ ’ਚ ਮਚੀ ਹਲਚਲ ਦਰਮਿਆਨ ਦਿੱਲੀ ’ਚ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਸੰਗਠਨ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨਾਲ ਮੁਲਾਕਾਤ ਕੀਤੀ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ’ਚ ਬਦਲਾਵਾਂ ਦੇ ਕਿਆਸਾਂ ਦਰਮਿਆਨ ਹੋਈ ਇਸ ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ਮੀਟਿੰਗ ਤੋਂ ਬਾਅਦ ਰੰਧਾਵਾ ਨੇ ਇਸ ਸੰਬੰਧ ’ਚ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਰੰਧਾਵਾ ਨੇ ਵੜਿੰਗ ਦੇ ਅਸਤੀਫ਼ੇ ਦੀ ਖ਼ਬਰ ’ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਉਨ੍ਹਾਂ (ਵੜਿੰਗ ਨੇ) ਅਸਤੀਫ਼ਾ ਦਿੱਤਾ ਹੈ, ਜਾਂ ਉਨ੍ਹਾਂ ਤੋਂ ਅਸਤੀਫ਼ਾ ਲਿਆ ਗਿਆ ਹੈ, ਇਸ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ ਅਤੇ ਇਸ ਬਾਰੇ ਕਾਂਗਰਸ ਹਾਈਕਮਾਨ ਹੀ ਦੱਸ ਸਕਦੀ ਹੈ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੀ ਮੁਲਾਕਾਤ ਰਾਜਸਥਾਨ, ਜਿਸ ਦੇ ਉਹ ਇੰਚਾਰਜ ਹਨ, ਦੇ ਬਾਰੇ ’ਚ ਹੋਈ ਸੀ ਅਤੇ ਜਿਸ ਮੁੱਦੇ ’ਤੇ ਮੀਟਿੰਗ ਹੁੰਦੀ ਹੈ, ਮੀਟਿੰਗ ’ਚ ਉਸ ਮੁੱਦੇ ’ਤੇ ਹੀ ਚਰਚਾ ਹੁੰਦੀ ਹੈ। ਹਲਕਿਆਂ ਮੁਤਾਬਿਕ ਖੜਗੇ ਅਤੇ ਵੇਣੂਗੋਪਾਲ ਨਾਲ ਮੁਲਾਕਾਤ ਤੋਂ ਤੁਰੰਤ ਬਾਅਦ ਰੰਧਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨ ਪਹੁੰਚੇ। ਹਲਕਿਆਂ ਮੁਤਾਬਿਕ ਕਾਂਗਰਸ ਹਾਈਕਮਾਨ ਵਲੋਂ ਪੰਜਾਬ ਦੇ ਨੇਤਾਵਾਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਗਿਆ ਹੈ ਕਿ ਪਾਰਟੀ ਦੇ ਫ਼ੈਸਲੇ ਸਾਰੇ ਨੇਤਾਵਾਂ ਨੂੰ ਮੰਨਣੇ ਹੋਣਗੇ ਅਤੇ ਲੀਡਰਸ਼ਿਪ ਨੂੰ ਚੁਣੌਤੀ ਦੇਣ ਵਾਲੇ ਨੇਤਾਵਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

ਬਦਲਾਅ ਹਾਈਕਮਾਨ ਦਾ ਅਧਿਕਾਰ-ਚੰਨੀ
ਪੰਜਾਬ ਕਾਂਗਰਸ ’ਚ ਬਦਲਾਅ ਅਤੇ ਨਵੇਂ ਪ੍ਰਧਾਨ ਦੇ ਨਾਂਅ ’ਤੇ ਚੱਲ ਰਹੇ ਸਿਆਸੀ ਸਸਪੈਂਸ ਦਰਮਿਆਨ ਚਰਨਜੀਤ ਸਿੰਘ ਚੰਨੀ ਨੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਬਦਲਾਅ ਕਰਨਾ ਕਾਂਗਰਸ ਪਾਰਟੀ, ਮਲਿਕਅਰਜੁਨ ਖੜਗੇ ਅਤੇ ਰਾਹੁਲ ਗਾਂਧੀ ਦਾ ਅਧਿਕਾਰ ਹੈ। ਉਹ ਜਾਣਦੇ ਹਨ ਕਿ ਕਿਸ ਨੂੰ ਕਿਥੇ ਨਿਯੁਕਤ ਕਰਨਾ ਹੈ ਅਤੇ ਕਦੋਂ ਬਦਲਾਅ  ਕਰਨਾ ਹੈ।

ਦਿੱਲੀ ਫੇਰੀ ਤੋਂ ਬਾਅਦ ਦੇਵਾਂਗਾ ਸਵਾਲਾਂ ਦੇ ਜਵਾਬ-ਵੜਿੰਗ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀਰਵਾਰ ਦੁਪਹਿਰ ਬਾਅਦ ਦਿੱਲੀ ਲਈ ਰਵਾਨਾ ਹੁੰਦੇ ਸਮੇਂ ਪੱਤਰਕਾਰਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਕੋਲ ਦੱਸਣ ਲਈ ਕੁਝ ਨਹੀਂ ਹੈ। ਦਿੱਲੀ ਫੇਰੀ ਤੋਂ ਬਾਅਦ ਹੀ ਉਹ ਕੁਝ ਕਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਗੱਲਾਂ ਪ੍ਰੋਟੋਕਾਲ ਦੇ ਅੰਦਰ ਹੁੰਦੀਆਂ ਹਨ।

ਸਚਿਨ ਪਾਇਲਟ ਨੇ ਨਹੀਂ ਦਿੱਤਾ ਕੋਈ ਪ੍ਰਤੀਕਰਮ
ਪੰਜਾਬ ਦੇ ਇੰਚਾਰਜ ਸਚਿਨ ਪਾਇਲਟ ਨੇ ਵੜਿੰਗ ਦੇ ਅਸਤੀਫ਼ੇ ਅਤੇ ਨਵੇਂ ਪ੍ਰਧਾਨ ਨੂੰ ਲੈ ਕੇ ਕੋਈ ਪ੍ਰਤੀਕਰਮ ਨਾ ਦਿੰਦਿਆਂ ਕਿਹਾ ਕਿ ਉਹ ਇਸ ਮਾਮਲੇ ’ਚ ਕੁਝ ਨਹੀਂ ਬੋਲ ਸਕਦੇ।

ਸਿੰਗਲਾ ਦਾ ਨਾਂਅ ਦੌੜ ’ਚ ਅੱਗੇ
ਪੰਜਾਬ ਕਾਂਗਰਸ ਪ੍ਰਦੇਸ਼ ਦੇ ਨਾਂਅ ਲਈ ਕਈ ਆਗੂਆਂ ਦੇ ਨਾਂਅ ’ਤੇ ਚਰਚਾ ਚੱਲ ਰਹੀ ਹੈ। ਹਲਕਿਆਂ ਮੁਤਾਬਿਕ ਪਾਇਲਟ ਦੇ ਪੰਜਾਬ ਦੌਰੇ ਤੋਂ ਕੁਝ ਦੇਰ ਬਾਅਦ ਸੀਨੀਅਰ ਨੇਤਾਵਾਂ ਤੋਂ ਪ੍ਰਧਾਨਗੀ ਦੇ ਮੁੱਦੇ ’ਤੇ ਉਨ੍ਹਾਂ ਦੀ ਰਾਇ ਪੁੱਛੀ ਗਈ। ਇਸ ’ਚ ਸੰਗਰੂਰ ਤੋਂ ਵਿਧਾਇਕ ਵਿਜੈ ਇੰਦਰ ਸਿੰਗਲਾ ਦਾ ਨਾਂਅ ਸਭ ਤੋਂ ਅੱਗੇ ਆ ਰਿਹਾ ਹੈ। ਹਲਕਿਆਂ ਮੁਤਾਬਿਕ ਜੁਲਾਈ ’ਚ ਵੀ ਪ੍ਰਧਾਨ ਬਦਲਣ ਨੂੰ ਲੈ ਕੇ ਚਰਚਿਆਂ ਦਰਮਿਆਨ ਸਿੰਗਲਾ ਦਾ ਨਾਂਅ ਹੀ ਸਭ ਤੋਂ ਅੱਗੇ ਸੀ। ਹਾਲਾਂਕਿ ਹਿੰਦੂ ਚਿਹਰਾ ਬਨਾਮ ਸਿੱਖ ਜਾਂ ਜੱਟ ਚਿਹਰੇ ਨੂੰ ਲੈ ਕੇ ਪਾਰਟੀ ਸਸ਼ੋਪੰਜ ’ਚ ਸੀ ਕਿਉਂਕਿ ਭਾਜਪਾ ਵਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਪ੍ਰਧਾਨ ਬਣਾ ਕੇ ਜੱਟ ਚਿਹਰੇ ’ਤੇ ਦਾਅ ਖੇਡਿਆ ਗਿਆ ਹੈ। ਸਿੰਗਲਾ ਤੋਂ ਇਲਾਵਾ ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ, ਸੰਸਦ ਮੈਂਬਰ ਡਾ. ਅਮਰ ਸਿੰਘ, ਸਾਬਕਾ ਵਿਧਾਇਕ ਰਾਣਾ ਕੇ.ਪੀ. ਅਤੇ ਪ੍ਰਤਾਪ ਸਿੰਘ ਬਾਜਵਾ ਦਾ ਨਾਂਅ ਵੀ ਵਿਚਾਰਿਆ ਜਾ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪਾਰਟੀ ਸ਼ੁੱਕਰਵਾਰ ਜਾਂ ਸਨਿਚਰਵਾਰ ਨੂੰ ਪ੍ਰਧਾਨ ਦੇ ਨਾਂਅ ਦਾ ਐਲਾਨ ਕਰ ਸਕਦੀ ਹੈ।

ਵੜਿੰਗ ਦਾ ਅਸਤੀਫ਼ਾ ਹੋਇਆ ਮਨਜ਼ੂਰ
ਬੁੱਧਵਾਰ ਦੇਰ ਰਾਤ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਦਿੱਤਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ, ਜਿਸ ਦੀ ਪੁਸ਼ਟੀ ਉਨ੍ਹਾਂ ਵੀਰਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਆਪਣੇ ‘ਬਾਇਓ’ (ਜਾਣਕਾਰੀ) ’ਚ ਕੀਤੇ ਬਦਲਾਅ ਰਾਹੀਂ ਕੀਤੀ। ਵੜਿੰਗ ਨੇ ਆਪਣੇ ਬਾਇਓ ’ਚ ਬਦਲਾਅ ਕਰਕੇ ਸਾਬਕਾ ਪ੍ਰਦੇਸ਼ ਪ੍ਰਧਾਨ ਲਿਖ ਦਿੱਤਾ ਹੈ। ਜ਼ਿਕਰਯੋਗ ਹੈ ਕਿ ਵੜਿੰਗ ਦੇ ਅਸਤੀਫ਼ੇ ਦੀ ਖ਼ਬਰ ਬੁੱਧਵਾਰ ਦੇਰ ਰਾਤ ਨੂੰ ਸਾਹਮਣੇ ਆਈ ਸੀ, ਪਰ ਪਾਰਟੀ ਵਲੋਂ ਅੱਜ ਤੱਕ ਇਸ ਸੰਬੰਧ ’ਚ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ।

ਅੱਜ ਹੋਵੇਗੀ ਰਾਹੁਲ ਗਾਂਧੀ ਨਾਲ ਮੁਲਾਕਾਤ
ਵੜਿੰਗ ਦੀ ਅੱਜ ਰਾਹੁਲ ਗਾਂਧੀ ਨਾਲ ਅਹਿਮ ਬੈਠਕ ਹੋਵੇਗੀ। ਹਲਕਿਆਂ ਮੁਤਾਬਿਕ ਮੀਟਿੰਗ ’ਚ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਤੇ ਵੜਿੰਗ ਦੀ ਭਵਿੱਖ ਦੀ ਭੂਮਿਕਾ ਨੂੰ ਲੈ ਕੇ ਚਰਚਾ ਹੋਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ’ਚ ਚੱਲ ਰਹੀ ਧੜੇਬੰਦੀ ਤੋਂ ਬਾਅਦ 5 ਸਤੰਬਰ ਨੂੰ ਸੂਬਾਈ ਇੰਚਾਰਜ ਭੂਪੇਸ਼ ਬਘੇਲ ਦੀ ਥਾਂ ’ਤੇ ਲਿਆਂਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੇ ਆਉਣ ਨਾਲ ਸੰਗਠਨ ’ਚ ਬਦਲਾਅ ਦੇ ਚਰਚੇ ਤੇਜ਼ ਹੋ ਗਏ ਸਨ। ਹਲਕਿਆਂ ਮੁਤਾਬਿਕ ਸਚਿਨ ਪਾਇਲਟ ਦੀ ਰਿਪੋਰਟ ਤੋਂ ਬਾਅਦ ਹੀ ਰਾਹੁਲ ਗਾਂਧੀ ਨੇ ਵੜਿੰਗ ਨੂੰ ਫ਼ੋਨ ਕਰ ਕੇ ਕਿਹਾ ਕਿ ਪੰਜਾਬ ’ਚ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾਏਗਾ। ਜਿਸ ਤੋਂ ਬਾਅਦ ਵੜਿੰਗ ਨੇ ਆਪਣਾ ਅਸਤੀਫ਼ਾ ਭੇਜ ਦਿੱਤਾ।

 

ਪਿਛਲੀ ਖ਼ਬਰ ਹਾਈ ਕੋਰਟ ਵਲੋਂ ਨਿਯਮਿਤ ਡੀ.ਜੀ.ਪੀ. ਦੀ ਨਿਯੁਕਤੀ ਨੂੰ ਲੈ ਕੇ ਮੁੱਖ ਸਕੱਤਰ ਨੂੰ ਨੋਟਿਸ 10 ਦਿਨਾਂ ’ਚ ਜਵਾਬ ਤਲਬ ਅਗਲੀ ਖ਼ਬਰ ਬਦਲਦੇ ਸਮੇਂ ਨਾਲ ਯੂ.ਪੀ.ਐਸ.ਸੀ. ’ਚ ਸੁਧਾਰ ਸਮੇਂ ਦੀ ਮੰਗ-ਮੋਦੀ ਸ਼ਤਾਬਦੀ ਸਮਾਗਮ ਨੂੰ ਪ੍ਰਧਾਨ ਮੰਤਰੀ ਨੇ ਕੀਤਾ ਸੰਬੋਧਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।