ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 23 ਸਤੰਬਰ-ਚੋਣ ਕਮਿਸ਼ਨ ਵਲੋਂ ਕਰਵਾਈ ਜਾ ਰਹੀ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ.) ਕਵਾਇਦ ਨੂੰ ਲੈ ਕੇ ਇਕ ਅਖ਼ਬਾਰ ’ਚ ਛਪੀ ਰਿਪੋਰਟ, ਜਿਸ ’ਚ ਇਹ ਦਾਅਵਾ ਕੀਤਾ ਗਿਆ ਸੀ ਕਿ ਚੋਣ ਕਮਿਸ਼ਨ ਦੇ ਦੋ ਮੈਂਬਰਾਂ ਨੇ ਬੀਤੇ ਕਈ ਮਹੀਨਿਆਂ ਦੌਰਾਨ ਕਈ ਮੁੱਦਿਆਂ ’ਤੇ ਮੁੱਖ ਚੋਣ ਕਮਿਸ਼ਨਰ ਨਾਲ ਅਸਹਿਮਤੀ ਪ੍ਰਗਟਾਈ ਹੈ, ਤੋਂ ਬਾਅਦ ਸਿਆਸੀ ਹੰਗਾਮਾ ਸ਼ੁਰੂ ਹੋ ਗਿਆ, ਜਿਸ ’ਚ ਚੋਣ ਕਮਿਸ਼ਨ ਨੇ ਅਧਿਕਾਰਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ (ਚੋਣ ਕਮਿਸ਼ਨ ਦੇ 3 ਮੈਂਬਰ) ਦਰਮਿਆਨ ਮਤਭੇਦ ਹੋ ਸਕਦੇ ਹਨ, ਪਰ ਟਕਰਾਅ ਨਹੀਂ। ਜਦਕਿ ਵਿਰੋਧੀ ਧਿਰਾਂ ਨੇ ਸਰਕਾਰ ਅਤੇ ਚੋਣ ਕਮਿਸ਼ਨ ਦੀ ਕਾਰਜਸ਼ੈਲੀ ’ਤੇ ਸਵਾਲ ਉਠਾਉਂਦਿਆਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕੀਤੀ, ਜਦਕਿ ਯੂਥ ਕਾਂਗਰਸ ਨੇ ਇਸ ਮੁੱਦੇ ਨੂੰ ਸੜਕਾਂ ਤੱਕ ਲੈ ਜਾਂਦਿਆਂ ਜੰਮ ਕੇ ਪ੍ਰਦਰਸ਼ਨ ਕੀਤਾ। ਦੂਜੇ ਪਾਸੇ ਭਾਜਪਾ ਨੇ ਵੀ ਕਮਿਸ਼ਨ ’ਤੇ ਲੱਗੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਕਾਂਗਰਸ ਸੰਵਿਧਾਨਕ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਚੋਣ ਕਮਿਸ਼ਨ ਦੇ ਅੰਦਰ ਵੀ ਬੁਲਡੋਜ਼ਰ-ਕਾਂਗਰਸ
ਦੋ ਚੋਣ ਕਮਿਸ਼ਨਰਾਂ ਦੇ ਕਈ ਮੁੱਦਿਆਂ ’ਤੇ ਇਤਰਾਜ਼ਾਂ ਨੂੰ ਲੈ ਕੇ ਕਾਂਗਰਸ ਨੇ ਭਾਜਪਾ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਨੇ ਲੋਕਤੰਤਰ ਦੀ ਹੱਤਿਆ ਦਾ ਦਫ਼ਤਰ ਖੋਲ੍ਹਿਆ ਹੈ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਵੀ ਮੀਡੀਆ ਰਿਪੋਰਟ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 24 ਅਪ੍ਰੈਲ, 2026 ਨੂੰ ਵਿਰੋਧੀ ਧਿਰਾਂ ਦੇ 73 ਰਾਜ ਸਭਾ ਮੈਂਬਰਾਂ ਨੇ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਲਈ ਸਕੱਤਰ ਜਨਰਲ ਨੂੰ ਪ੍ਰਸਤਾਵ ਦਾ ਨੋਟਿਸ ਸੌਂਪਿਆ ਸੀ। ਸੰਸਦ ਦਾ ਮੌਨਸੂਨ ਇਜਲਾਸ ਅਜੇ ਮੁਲਤਵੀ ਨਹੀਂ ਹੋਇਆ, ਕੀ ਰਾਜ ਸਭਾ ਦੇ ਚੇਅਰਮੈਨ ਹੁਣ ਉਸ ਨੋਟਿਸ ’ਤੇ ਫ਼ੈਸਲਾ ਲੈਣਗੇ। ਕਾਂਗਰਸ ਦੇ ਸੀਨੀਅਰ ਨੇਤਾ ਅਭਿਸ਼ੇਕ ਮਨੁ ਸਿੰਘਵੀ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਕਿ ਇਕ ਪਾਸੇ ਮੁੱਖ ਚੋਣ ਕਮਿਸ਼ਨਰ ਅਤੇ ਦੂਜੇ ਪਾਸੇ ਗ੍ਰਹਿ ਮੰਤਰਾਲੇ ਨੂੰ ਰੱਖਿਆ ਗਿਆ। ਉਨ੍ਹਾਂ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਉਹ ਪਹਿਲਾਂ ਤੋਂ ਹੀ ਇਕ ਬਾਹਰੀ ਬੁਲਡੋਜ਼ਰ ਬਾਰੇ ਜਾਣਦੇ ਹਨ ਅਤੇ ਹੁਣ ਇਸ ਦਾ ਅਸਰ ਵੱਖ-ਵੱਖ ਸੰਸਥਾਵਾਂ ’ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੇ ਅੰਦਰ ਵੀ ਇਕ ‘ਅੰਦਰੂਨੀ ਬੁਲਡੋਜ਼ਰ’ ਹੈ। ਓਧਰ ਚੋਣ ਕਮਿਸ਼ਨ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਕੀਤੀ।
ਗਿਆਨੇਸ਼ ਕੁਮਾਰ ਨੂੰ ਅਸਤੀਫਾ ਦੇਣਾ ਹੀ ਪਵੇਗਾ-ਸਟਾਲਿਨ
ਡੀ.ਐੱਮ.ਕੇੇ. ਮੁਖੀ ਐੱਮ.ਕੇ. ਸਟਾਲਿਨ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਸਤੀਫਾ ਦੇਣਾ ਹੀ ਪਵੇਗਾ, ਉਨ੍ਹਾਂ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।
ਗਿਆਨੇਸ਼ ਕੁਮਾਰ ਖ਼ਿਲਾਫ਼ ਯੂਥ ਕਾਂਗਰਸ ਵਲੋਂ ਪ੍ਰਦਰਸ਼ਨ
ਭਾਰਤੀ ਯੂਥ ਕਾਂਗਰਸ ਨੇ ਵੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਮੋਰਚਾ ਖੋਲ੍ਹਦਿਆਂ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ। ਯੂਥ ਕਾਂਗਰਸ ਨੇ ਗਿਆਨੇਸ਼ ਕੁਮਾਰ ਦਾ ਪੁਤਲਾ ਲੈ ਕੇ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਪ੍ਰਦਰਸ਼ਨ ਕੀਤਾ। ਯੂਥ ਕਾਂਗਰਸ ਨੇ ਦਿੱਲੀ ਸਮੇਤ ਕਈ ਸ਼ਹਿਰਾਂ ’ਚ ਪ੍ਰਦਰਸ਼ਨ ਕੀਤਾ। ਯੂਥ ਕਾਂਗਰਸ ਵਲੋਂ ਜਾਰੀ ਸੰਦੇਸ਼ ’ਚ ਕਿਹਾ ਗਿਆ ਕਿ ਹੁਣ ਸਵਾਲ ਸਿਰਫ ਵਿਰੋਧੀ ਧਿਰਾਂ ਅਤੇ ਚੋਣ ਕਮਿਸ਼ਨ ਦਰਮਿਆਨ ਨਹੀਂ ਰਹਿ ਗਿਆ, ਸਗੋਂ ਕਮਿਸ਼ਨ ਦੇ ਅੰਦਰ ਉੱਠ ਰਹੇ ਕਥਿਤ ਇਤਰਾਜ਼ਾਂ ਨੇ ਵੀ ਗੰਭੀਰ ਸਵਾਲ ਖੜ੍ਹੇ ਕੀਤੇ ਹਨ।