ਜਸਵੰਤ ਸਿੰਘ ਜੱਸ
ਅੰਮ੍ਰਿਤਸਰ, 22 ਸਤੰਬਰ -ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਿਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ’ਤੇ ਆਧਾਰਿਤ ਇਕ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ’ਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਬਲਦੇਵ ਸਿੰਘ ਕਾਇਮਪੁਰ, ਮੈਂਬਰ ਗੁਰਮੀਤ ਸਿੰਘ ਬੂਹ, ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ ਤੇ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਨੂੰ ਸ਼ਾਮਿਲ ਕੀਤਾ ਗਿਆ ਹੈ ਜਦਕਿ ਇਸ ਦੇ ਕੋਆਰਡੀਨੇਟਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਹੋਣਗੇ। ਇਸ ਸਬੰਧੀ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਭਾਵੇਂ ਪਹਿਲਾਂ ਵੀ ਵਿਭਾਗੀ ਤੌਰ ’ਤੇ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ, ਪਰ ਬਣਾਈ ਗਈ ਇਹ ਕਮੇਟੀ ਮਾਮਲੇ ਨਾਲ ਸਬੰਧਤ ਹਰ ਪੱਖ ਦੀ ਜਾਂਚ ਕਰਕੇ 15 ਦਿਨਾਂ ਦੇ ਅੰਦਰ-ਅੰਦਰ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪੇਗੀ। ਉਨ੍ਹਾਂ ਕਿਹਾ ਕਿ ਸੰਗਤਾਂ ਵਲੋਂ ਉਠਾਏ ਜਾ ਰਹੇ ਹਰ ਸਵਾਲ ਦਾ ਜਵਾਬ ਕਮੇਟੀ ਦੀ ਰਿਪੋਰਟ ਆਉਣ ਮਗਰੋਂ ਤੱਥਾਂ ਸਮੇਤ ਦਿੱਤਾ ਜਾਵੇਗਾ। ਬਹਿਰੀਨ ਵਾਲੀ ਬੀਬੀ ਵਲੋਂ ਲਾਏ ਦੋਸ਼ਾਂ ਦੇ ਮਾਮਲੇ ’ਚ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਮਲਕੀਤ ਸਿੰਘ ਨੂੰ ਸੇਵਾਵਾਂ ਤੋਂ ਫਾਰਗ ਕਰਨ ਦੇ ਨਾਲ-ਨਾਲ ਅਮਰਜੀਤ ਸਿੰਘ ਚਾਵਲਾ ਦਾ ਅਸਤੀਫਾ ਵੀ ਪ੍ਰਵਾਨ ਕਰ ਲਿਆ ਗਿਆ ਹੈ। ਜਾਰੀ ਵੀਡੀਓ ਬਿਆਨ ’ਚ ਕਾਫੀ ਨਿਰਾਸ਼ ਲੱਗ ਰਹੇ ਤੇ ਕਾਫ਼ੀ ਦਿਨਾਂ ਬਾਅਦ ਮੀਡੀਆ ਤੇ ਸੰਗਤਾਂ ਦੇ ਸਨਮੁੱਖ ਹੋਏ ਪ੍ਰਧਾਨ ਧਾਮੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਕਤ ਬੀਬੀ ਕਿਥੋਂ ਆਈ, ਕਦੋਂ ਆਈ ਤੇ ਇਸ ਨੂੰ ਕੌਣ ਲੈ ਕੇ ਆਇਆ ? ਇਸ ਸੰਬੰਧੀ ਮੇਰਾ ਕੋਈ ਸਰੋਕਾਰ ਨਹੀਂ ਤੇ ਕੋਈ ਵੀ ਜਾਣਕਾਰੀ ਨਹੀਂ, ਪਰ ਜਥੇਦਾਰ ਗੜਗੱਜ ਵਾਂਗ ਹੀ ਉਨ੍ਹਾਂ ਇਹ ਮੰਨਿਆਂ ਕਿ ਇਹ ਬੀਬੀ ਉਨ੍ਹਾਂ ਨੂੰ ਇਕ-ਦੋ ਵਾਰ ਮਿਲੀ ਜ਼ਰੂਰ ਸੀ, ਪਰ ਉਸ ਨੇ ਅਮਰਜੀਤ ਸਿੰਘ ਚਾਵਲਾ ਵਲੋਂ ਜਬਰ-ਜਨਾਹ ਬਾਰੇ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਬੀਬੀ ਨੇ ਅਜਿਹੀ ਕੋਈ ਗੱਲ ਕੀਤੀ ਹੁੰਦੀ ਤਾਂ ਉਹ ਚੁੱਪ ਨਾ ਰਹਿੰਦੇ।ਉਨ੍ਹਾਂ ਸੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਪ੍ਰਚਾਰ ਬਾਰੇ ਆਖਿਆ ਕਿ ਇਸ ਦੀ ਇਕ ਮਰਯਾਦਾ ਹੋਣੀ ਜ਼ਰੂਰੀ ਹੈ। ਪ੍ਰਧਾਨ ਧਾਮੀ ਨੇ ਕਿਹਾ ਕਿ ਮੈਂ ਸੰਗਤਾਂ ਨੂੰ ਜਵਾਬਦੇਹ ਹਾਂ ਤੇ ਇਸ ਮਾਮਲੇ ’ਚ ਜਾਂਚ ਰਿਪੋਰਟ ਆਉਣ ਮਗਰੋਂ ਪੂਰੀ ਪਾਰਦਸ਼ਤਾ ਨਾਲ ਸਾਰੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਕਿਉਂਕਿ ਇਹ ਸੰਵੇਦਨਸ਼ੀਲ ਮਾਮਲਾ ਹੈ ਤੇ ਇਸ ’ਚ ਕਿਸੇ ਵੀ ਵਿਅਕਤੀ ਨਾਲ ਬੇਇਨਸਾਫ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪੁਲਿਸ ਦੀ ਪੜਤਾਲ ਵੀ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਹੋਵੇ, ਤਾਂ ਜੋ ਮਾਮਲੇ ’ਚ ਇਨਸਾਫ਼ ਹੋ ਸਕੇ।
ਇਸੇ ਦੌਰਾਨ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਮੰਚ ਰਾਹੀਂ ਪ੍ਰਧਾਨ ਧਾਮੀ ਵਲੋਂ ਬਣਾਈ ਜਾਂਚ ਕਮੇਟੀ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ‘ਬਹੁਤ ਖੂਬ ਧਾਮੀ ਸਾਬ੍ਹ। ਸਾਡਾ ਗੁਰਦੁਆਰਾ ਸਾਹਿਬ ਪ੍ਰਬੰਧ, ਸਾਡੇ ਮੈਂਬਰ ’ਤੇ ਦੋਸ਼ ਲੱਗੇ, ਸਾਡੇ ਪ੍ਰਬੰਧ ਅਧੀਨ ਸਰਾਂ ’ਚ ਬੀਬੀ ਛੇ ਮਹੀਨੇ ਰਹੀ, ਸਾਡੇ ਤੋਂ ਸੰਗਤ ਜਵਬ ਮੰਗ ਰਹੀ ਹੈ ਤੇ ਸਾਡੀ ਕਮੇਟੀ ਹੀ ਜਾਂਚ ਕਰੇਗੀ। ਕੋਈ ਵਿਰੋਧੀ ਧਿਰ ਦਾ ਮੈਂਬਰ ਸ਼ਾਮਿਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮਤਲਬ, ਮੁਲਜ਼ਮ ਵੀ ਸਾਡਾ, ਪੜ੍ਹਤਾਲ ਵੀ ਸਾਡੀ ਤੇ ਫੈਸਲਾ ਵੀ ਸਾਡਾ। ਪੰਦਰਾਂ ਦਿਨ ਚੁੱਪ ਰਹਿਣ ਦੀ ਨਸੀਹਤ।’