ਨਵੀਂ ਦਿੱਲੀ, 9 ਸਤੰਬਰ (ਪੀ.ਟੀ.ਆਈ)-ਖੰਡ ਮਿੱਲਾਂ ਦੀਆਂ ਰਿਫਾਈਨਰੀ ਕੰਪਨੀਆਂ ਨੇ ਤਿਉਹਾਰਾਂ ਤੋਂ ਪਹਿਲਾਂ ਘਰੇਲੂ ਬਾਜ਼ਾਰ ’ਚ 2.5 ਲੱਖ ਟਨ ਖੰਡ ਵੇਚਣ ਦਾ ਐਲਾਨ ਕੀਤਾ ਹੈ। ਜਿਸ ਨਾਲ ਖੰਡ ਦੀਆਂ ਕੀਮਤਾਂ ’ਚ ਕਮੀ ਆਉਣ ਦੀ ਸੰਭਾਵਨਾ ਹੈ। ਸ੍ਰੀ ਰੇਣੁਕਾ ਸ਼ੂਗਰਜ਼ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੁਸ਼ੀਲ ਕੁਮਾਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰ ਤਿਉਹਾਰਾਂ ਤੋਂ ਪਹਿਲਾਂ ਖੰਡ ਦੀ ਸਪਲਾਈ ਵਧਾਉਣ ਅਤੇ ਕੀਮਤਾਂ ਨੂੰ ਕਾਬੂ ’ਚ ਰੱਖਣ ਲਈ ਕਦਮ ਚੁੱਕ ਰਹੀ ਹੈ। ਸੁਸ਼ੀਲ ਕੁਮਾਰ ਨੇ ਇੰਡੀਅਨ ਸ਼ੂਗਰ ਐਂਡ ਬਾਇਓ-ਐਨਰਜੀ ਮੈਨੂਫੈਕਚਰਰਜ਼ ਐਸੋਸੀਏਸ਼ਨ (ਆਈ.ਐਸ.ਐਮ.ਏ.) ਵਲੋਂ ਕਰਵਾਏ ਇੱਕ ਸਮਾਗਮ ਤੋਂ ਇਲਾਵਾ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਘਰੇਲੂ ਬਾਜ਼ਾਰ ਵਿਚ ਲਗਭਗ 2.5 ਲੱਖ ਟਨ ਖੰਡ ਵੇਚਣ ਦੀ ਪੇਸ਼ਕਸ਼ ਕੀਤੀ ਹੈ।
ਭਾਰਤ ਵਿਚ ਦੋ ਵੱਖਰੇ ਚੀਨੀ ਰਿਫਾਈਨਰੀ ਪਲਾਂਟ ਹਨ, ਜਿਨ੍ਹਾਂ ਵਿਚ ਸ੍ਰੀ ਰੇਣੁਕਾ ਸ਼ੂਗਰਜ਼ ਵੀ ਸ਼ਾਮਿਲ ਹੈ। ਇਹ ਰਿਫਾਈਨਰੀਆਂ ਐਡਵਾਂਸ ਲਾਇਸੈਂਸਿੰਗ ਸਕੀਮ (ਏ.ਐਲ.ਐਸ.) ਤਹਿਤ ਕੱਚੀ ਚੀਨੀ ਆਯਾਤ ਕਰਦੀਆਂ ਹਨ ਅਤੇ ਉਸ ਨੂੰ ਰਿਫਾਈਨ ਕਰਕੇ ਨਿਰਯਾਤ ਲਈ ਤਿਆਰ ਕਰਦੀਆਂ ਹਨ। ਪਿਛਲੇ ਮਹੀਨੇ ਸਰਕਾਰ ਨੇ ਇਨ੍ਹਾਂ ਰਿਫਾਈਨਰੀਆਂ ਨੂੰ ਆਦੇਸ਼ ਦਿੱਤਾ ਸੀ ਕਿ ਉਹ ਏ.ਐਲ.ਐਸ. ਤਹਿਤ ਰਿਫਾਈਨ ਕੀਤੀ ਖੰਡ ਨੂੰ ਨਿਰਯਾਤ ਕਰਨ ਦੀ ਬਜਾਏ ਘਰੇਲੂ ਬਾਜ਼ਾਰ ’ਚ ਵੇਚਣ ਤਾਂ ਜੋ ਤਿਉਹਾਰਾਂ ਤੋਂ ਪਹਿਲਾਂ ਬਾਜ਼ਾਰ ਵਿਚ ਸਪਲਾਈ ਵਧਾਈ ਜਾ ਸਕੇ। ਕੁਮਾਰ ਨੇ ਕਿਹਾ ਕਿ ਸਰਕਾਰ ਦੇ ਇਨ੍ਹਾਂ ਕਦਮਾਂ ਤੋਂ ਬਾਅਦ ਘਰੇਲੂ ਬਾਜ਼ਾਰ ’ਚ ਖੰਡ ਦੀਆਂ ਕੀਮਤਾਂ ’ਚ ਕਮੀ ਆਈ ਹੈ ਅਤੇ ਮਿੱਲ-ਗੇਟ (ਐਕਸ-ਮਿੱਲ) ਕੀਮਤ ਲਗਭਗ 43-44 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ। ਇਹ ਦਰ ਦਰਾਮਦ ਕੀਤੀ ਖੰਡ ਦੀ ਲਾਗਤ ਨਾਲੋਂ ਘੱਟ ਹੈ, ਜਿਸ ਦੀ ਲੈਂਡਿੰਗ ਲਾਗਤ ਲਗਭਗ 50 ਰੁਪਏ ਪ੍ਰਤੀ ਕਿਲੋਗ੍ਰਾਮ ਹੋਣ ਦਾ ਅਨੁਮਾਨ ਹੈ।