ਸੁਰਿੰਦਰ ਕੋਛੜ
ਅੰਮ੍ਰਿਤਸਰ, 8 ਸਤੰਬਰ-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ’ਚ ਹਾਲਾਤ ਲਗਾਤਾਰ ਬੇਹੱਦ ਗੰਭੀਰ ਬਣਦੇ ਜਾ ਰਹੇ ਹਨ। ਪਾਕਿਸਤਾਨੀ ਫ਼ੌਜ ਨੇ ਪੂਰੇ ਖੇਤਰ ਦੀ ਘੇਰਾਬੰਦੀ ਕਰਕੇ ਇਲਾਕੇ ‘ਚ ਇੰਟਰਨੈੱਟ ਤੇ ਬਰਾਡਬੈਂਡ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਤਾਂ ਕਿ ਰਾਜਧਾਨੀ ਮੁਜ਼ੱਫਰਾਬਾਦ, ਰਾਵਲਾਕੋਟ, ਪੁਣਛ ਤੇ ਕੋਟਲੀ ਆਦਿ ਦੀ ਜ਼ਮੀਨੀ ਹਾਲਾਤ ਦੀ ਜਾਣਕਾਰੀ ਬਾਹਰ ਨਾ ਜਾ ਸਕੇ। ਪੂਰੇ ਖੇਤਰ ਦੇ ਸਕੂਲ-ਕਾਲਜ ਤੇ ਹਸਪਤਾਲ ਬੰਦ ਪਏ ਹਨ ਤੇ ਆਮ ਕਾਰੋਬਾਰ ਰੁਕ ਗਿਆ ਹੈ। ਲੋਕ ਰਾਸ਼ਨ, ਦਵਾਈਆਂ ਤੇ ਜ਼ਰੂਰੀ ਵਸਤਾਂ ਦੀ ਕਿੱਲਤ ਨਾਲ ਜੂਝ ਰਹੇ ਹਨ। ਦੱਸਣਯੋਗ ਹੈ ਕਿ 5 ਜੂਨ ਤੋਂ ਜੁਆਇੰਟ ਅਵਾਮੀ ਐਕਸ਼ਨ ਕਮੇਟੀ (ਜੇ. ਏ. ਏ. ਸੀ.) ਦੀ ਅਗਵਾਈ ਹੇਠ ਸ਼ੁਰੂ ਹੋਏ ਪ੍ਰਦਰਸ਼ਨਾਂ ਦੌਰਾਨ ਪਿਛਲੇ ਤਿੰਨ ਮਹੀਨਿਆਂ ਸੈਂਕੜੇ ਲੋਕ ਮਾਰੇ ਗਏ ਤੇ ਜ਼ਖ਼ਮੀ ਹੋਏ ਹਨ।
ਵਿਧਾਨ ਸਭਾ ’ਚ ਕਸ਼ਮੀਰੀਆਂ ਲਈ ਰਾਖਵੀਂਆਂ 12 ਸੀਟਾਂ ਖ਼ਤਮ ਕਰਨ ਤੇ ਮੌਲਿਕ ਹੱਕਾਂ ਦੀ ਬਹਾਲੀ ਪ੍ਰਦਰਸ਼ਨਕਾਰੀਆਂ ਦੀਆਂ ਮੁੱਖ ਮੰਗਾਂ ‘ਚ ਸ਼ਾਮਿਲ ਹਨ। ਜੇ. ਏ. ਏ. ਸੀ. ਦੇ ਕੋਰ ਮੈਂਬਰ ਸਰਦਾਰ ਉਮਰ ਨਜ਼ੀਰ ਕਸ਼ਮੀਰੀ ਨੇ 9 ਸਤੰਬਰ ਨੂੰ ਪੂਰੇ ਮਕਬੂਜ਼ਾ ਕਸ਼ਮੀਰ ਤੇ ਖ਼ਾਸ ਕਰਕੇ ਮੁਜ਼ੱਫਰਾਬਾਦ ਡਿਵੀਜ਼ਨ ’ਚ ਪੂਰਨ ਬੰਦ ਦੀ ਅਪੀਲ ਕਰਦਿਆਂ ਕਿਹਾ ਕਿ ਫ਼ੌਜ ਨੇ ਖੇਤਰ ਦੇ ਕਈ ਇਲਾਕਿਆਂ ’ਚ ਰਸਤੇ ਸੀਲ ਕਰ ਦਿੱਤੇ ਹਨ। ਪੈਟਰੋਲ, ਡੀਜ਼ਲ, ਰਾਸ਼ਨ ਤੇ ਦਵਾਈਆਂ ਦੀ ਆਵਾਜਾਈ ‘ਤੇ ਸਖ਼ਤ ਪਾਬੰਦੀ ਲਗਾਈ ਗਈ ਹੈ। ਘਰਾਂ ਲਈ ਰਾਸ਼ਨ ਲੈ ਕੇ ਜਾਣ ਵਾਲੇ ਆਮ ਨਾਗਰਿਕਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਰਾਸ਼ਨ ਜ਼ਬਤ ਕੀਤਾ ਜਾ ਰਿਹਾ ਹੈ। ਸਰਦਾਰ ਕਸ਼ਮੀਰੀ ਨੇ ਕਿਹਾ ਕਿ ਪੀ. ਓ. ਕੇ. ਨਾਲ ਕੀਤਾ ਜਾ ਰਿਹਾ ਸਲੂਕ ਸ਼ਾਇਦ ਫ਼ਲਸਤੀਨ ਨਾਲੋਂ ਵੀ ਮਾੜਾ ਹੈ।
ਚਾਰੇ ਪਾਸੇ ਪੁਲਿਸ ਤੇ ਫ਼ੌਜ ਤਾਇਨਾਤ ਹੈ। ਲੋਕਾਂ ‘ਤੇ ਸਿੱਧੀਆਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਤੇ ਰੋਜ਼ਾਨਾ ਮੌਤਾਂ ਹੋ ਰਹੀਆਂ ਹਨ। ਪੂਰੀ ਆਬਾਦੀ ਜੇ. ਏ. ਏ. ਸੀ. ਨਾਲ ਖੜ੍ਹੀ ਹੈ ਤੇ ਸਰਕਾਰ ਤੋਂ ਲੋਕਾਂ ਦਾ ਭਰੋਸਾ ਪੂਰੀ ਤਰ੍ਹਾਂ ਉੱਠ ਚੁੱਕਿਆ ਹੈ। ਕਸ਼ਮੀਰੀ ਨੇ ਦੱਸਿਆ ਕਿ ਪੁਣਛ ਤੇ ਮੁਜ਼ੱਫਰਾਬਾਦ ਦੇ ਲੋਕ ਲਗਭਗ ਢਾਈ ਮਹੀਨਿਆਂ ਤੋਂ ਸਰਕਾਰੀ ਜਬਰ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ। ਮੁਜ਼ੱਫਰਾਬਾਦ ਤੋਂ ਜੇ. ਏ. ਏ. ਸੀ. ਦੇ ਪ੍ਰਮੁੱਖ ਆਗੂ ਡਾ: ਆਮਿਰ ਤੇ ਹੋਰ ਕਾਰਕੁੰਨ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਲਾਪਤਾ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫ਼ੌਜੀ ਦਹਿਸ਼ਤ ਤੋਂ ਡਰੇ ਬਿਨਾਂ ਆਪਣੇ ਹੱਕਾਂ ਲਈ 9 ਸਤੰਬਰ ਨੂੰ ਸੜਕਾਂ ‘ਤੇ ਨਿਕਲਣ। ਪਾਕਿ ਸਰਕਾਰ ਅਤੇ ਮੀਡੀਆ ਵਲੋਂ ਅੰਦੋਲਨ ਨੂੰ ਭਾਰਤ ਸਮਰਥਿਤ ਜਾਂ ਵੱਖਵਾਦੀ ਕਰਾਰ ਦੇਣ ਦੇ ਦੋਸ਼ਾਂ ਨੂੰ ਨਜ਼ੀਰ ਕਸ਼ਮੀਰੀ ਨੇ ਰੱਦ ਕਰਦਿਆਂ ਕਿਹਾ ਕਿ ਸਾਡੇ ਖ਼ਿਲਾਫ਼ ਇਹ ਝੂਠਾ ਪ੍ਰਚਾਰ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਚਲਾਇਆ ਜਾ ਰਿਹਾ ਹੈ। ਜੇਕਰ ਅਸੀਂ ਭਾਰਤੀ ਏਜੰਟ ਸੀ ਤਾਂ 30 ਮਈ ਤੱਕ ਪਾਕਿਸਤਾਨੀ ਮੰਤਰੀ ਸਾਡੇ ਨਾਲ ਬੈਠ ਕੇ ਗੱਲਬਾਤ ਕਿਉਂ ਕਰ ਰਹੇ ਸਨ? ਗੱਲਬਾਤ ਟੁੱਟਣ ਦੇ ਪੰਜ ਦਿਨਾਂ ਬਾਅਦ ਹੀ ਅਚਾਨਕ ਸਾਨੂੰ ਭਾਰਤੀ ਏਜੰਟ ਕਹਿ ਦਿੱਤਾ ਗਿਆ।